- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਵਡਾਲਾ ਗ੍ਰੰਥੀਆਂ 'ਚ 20-25 ਅਣਪਛਾਤੇ ਵਿਅਕਤੀਆਂ ਨੇ ਘਰ ਦੀ ਕੀਤੀ ਭਾਰੀ ਭੰਨ-ਤੋੜ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਬਟਾਲਾ ਦੇ ਨਜ਼ਦੀਕੀ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਬੀਤੀ ਦੇਰ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ 20-25 ਅਣਪਛਾਤੇ ਵਿਅਕਤੀਆਂ ਨੇ ਡੇਰੇ 'ਤੇ ਰਹਿ ਰਹੇ ਇੱਕ ਪਰਿਵਾਰ ਦੇ ਘਰ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ਦੇ ਮੁੱਖ ਦਰਵਾਜ਼ੇ, ਖਿੜਕੀਆਂ ਤੇ ਹੋਰ ਸਮਾਨ ਦੀ ਬੁਰੀ ਤਰ੍ਹਾਂ ਭੰਨ੍ਹਤੋੜ ਕੀਤੀ। ਇੰਨਾ ਹੀ ਨਹੀਂ, ਘਰ ਦੇ ਵਿਹੜੇ 'ਚ ਖੜ੍ਹੀ ਕਾਰ ਨੂੰ ਵੀ ਡੰਡਿਆਂ ਤੇ ਹੋਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਭੰਨ ਦਿੱਤਾ, ਜਿਸ ਕਰਕੇ ਪਰਿਵਾਰ ਨੂੰ ਭਾਰੀ ਮਾਲੀ ਨੁਕਸਾਨ ਹੋਇਆ ਹੈ।ਪੀੜਤ ਪਰਿਵਾਰ ਦੇ ਮੈਂਬਰ ਗੁਰਸਿਮਰਨਪ੍ਰੀਤ ਸਿੰਘ ਵਾਸੀ ਵਡਾਲਾ ਗ੍ਰੰਥੀਆਂ ਨੇ ਦੱਸਿਆ ਕਿ ਉਸਦੇ ਪਿਤਾ ਵਿਦੇਸ਼ 'ਚ ਰਹਿੰਦੇ ਹਨ ਅਤੇ ਉਹ ਪਰਿਵਾਰ ਸਮੇਤ ਡੇਰੇ ’ਤੇ ਰਹਿੰਦਾ ਹੈ ਅਤੇਬੀਤੀ ਰਾਤ ਹਸਪਤਾਲ ਤੋਂ ਆਪਣੇ ਨਾਨਾ ਜੀ ਨੂੰ ਛੁੱਟੀ ਦਿਵਾ ਕੇ ਘਰ ਆਏ ਸਨ ਕਿ ਦੇਰ ਰਾਤ ਕਰੀਬ 11- 45 ਤੇ ਅਚਾਨਕ 20-25 ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਆ ਗਏ ਅਤੇ ਘਰ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ। ਉਸ ਦੱਸਿਆ ਕਿ ਉਹਨਾਂ ਨੇ ਪਹਿਲਾਂ ਘਰ ਦੇ ਸਾਰੇ ਗਮਲੇ ਤੋੜੇ ਅਤੇ ਫਿਰ ਘਰ ਦੇ ਦਰਵਾਜਿਆਂ ਤੇ ਬੂਹੇ ਬਾਰੀਆਂ ਦੇ ਸ਼ੀਸ਼ੇ ਭੰਨ ਦਿੱਤੇ।
ਗੁਰਸਿਮਰਨਪ੍ਰੀਤ ਸਿੰਘ ਅਨੁਸਾਰ ਉਸ ਸਮੇਂ ਉਹ ਪਰਿਵਾਰ ਸਮੇਤ ਘਰ ਦੇ ਅੰਦਰ ਹੀ ਮੌਜੂਦ ਸਨ, ਪਰ ਹਮਲਾ ਕਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ’ਤੇ ਡਰ ਕਾਰਨ ਉਹ ਆਪਣੇ ਕਮਰਿਆਂ 'ਚੋਂ ਬਾਹਰ ਨਹੀਂ ਨਿਕਲੇ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਦੀ ਵੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਹੈ।ਗੁਰਸਿਮਰਨਪ੍ਰੀਤ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ 10 ਤੋਂ ਵਧੇਰੇ ਫਾਇਰ ਵੀ ਕੀਤੇ, ਜਿਸ ਨਾਲ ਇਲਾਕੇ 'ਚ ਹੋਰ ਵੀ ਦਹਿਸ਼ਤ ਫੈਲ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਹੈ, ਫਿਰ ਵੀ ਉਨ੍ਹਾਂ ਦੇ ਘਰ ਅਤੇ ਸਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਹੈ। ਉਸ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਹਮਲਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਅਮਲ ਹੇਠ ਲਿਆਂਦੀ ਜਾਵੇ। ਉਕਤ ਘਟਨਾ ਸਬੰਧੀ ਥਾਣਾ ਸੇਖਵਾਂ ਦੇ ਅਧੀਨ ਆਉਂਦੀ ਪੁਲਿਸ ਚੌਕੀ ਵਡਾਲਾ ਗ੍ਰੰਥੀਆਂ ਦੇ ਇੰਚਾਰਜ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੋਲੀ ਚੱਲਣ ਬਾਰੇ ਪਰਿਵਾਰ ਨੇ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।