15 ਸਾਲਾ ਨੌਜਵਾਨ ਦੀ ਸੂਏ ’ਚੋਂ ਮਿਲੀ ਲਾਸ਼ 15 ਸਾਲਾ ਨੌਜਵਾਨ ਦੀ ਸੂਏ ਵਿੱਚੋਂ ਭੇਤਭਰੇ ਹਾਲਾਤਾਂ ’ਚ ਲਾਸ਼ ਬਰਾਮਦ
Publish Date: Thu, 17 Sep 2026 08:24 PM (IST)
Updated Date: Thu, 17 Sep 2026 08:26 PM (IST)
ਤਾਰਿਕ ਅਹਿਮਦ\ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਕਾਦੀਆਂ : ਪਿੰਡ ਬਸਰਾਵਾਂ ਦੇ ਰਹਿਣ ਵਾਲੇ 15 ਸਾਲਾ ਨੌਜਵਾਨ ਰੋਹਿਤ ਕੁਮਾਰ ਉਰਫ਼ ਰਵਿੰਦਰ ਸਿੰਘ ਦੀ ਲਾਸ਼ ਭੇਤਭਰੇ ਹਾਲਾਤਾਂ ਵਿੱਚ ਤੁਗਲਵਾਲ ਤੋਂ ਹੋ ਕੇ ਲੰਘਦੇ ਸੂਏ ਵਿੱਚੋਂ ਬਰਾਮਦ ਹੋਣ ਕਾਰਨ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਸਰਕਾਰੀ ਸਕੂਲ ਬਸਰਾਵਾਂ ਵਿੱਚ ਪੜ੍ਹਦਾ ਸੀ। ਮ੍ਰਿਤਕ ਦੀ ਮਾਤਾ ਕਮਲਜੀਤ ਕੌਰ ਨੇ ਸ਼ੱਕ ਜਤਾਇਆ ਹੈ ਕਿ ਉਸ ਦੇ ਪੁੱਤਰ ਦੀ ਮੌਤ ਡੁੱਬਣ ਕਾਰਨ ਨਹੀਂ ਹੋਈ, ਸਗੋਂ ਉਸ ਦੇ ਦੋਸਤਾਂ ਵੱਲੋਂ ਕਥਿਤ ਤੌਰ ’ਤੇ ਉਸ ਨਾਲ ਝਗੜਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਬਾਅਦ ਵਿੱਚ ਲਾਸ਼ ਨੂੰ ਸੂਏ ਵਿੱਚ ਸੁੱਟ ਦਿੱਤਾ ਗਿਆ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਜਾਂ ਖੰਡਨ ਪੁਲਿਸ ਜਾਂਚ ਤੋਂ ਬਾਅਦ ਹੀ ਹੋ ਸਕੇਗਾ। ਜਾਣਕਾਰੀ ਦਿੰਦਿਆਂ ਕਮਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਰਵਿੰਦਰ ਸਿੰਘ ਘਰੋਂ ਪੈਸੇ ਲੈ ਕੇ ਕੋਈ ਚੀਜ਼ ਖਰੀਦਣ ਲਈ ਮੋਟਰਸਾਈਕਲ ’ਤੇ ਗਿਆ ਸੀ, ਪਰ ਰਾਤ ਤੱਕ ਘਰ ਵਾਪਸ ਨਾ ਆਉਣ ’ਤੇ ਪਰਿਵਾਰ ਵੱਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ। ਪਰਿਵਾਰਕ ਮੈਂਬਰਾਂ ਨੇ ਉਸ ਦੇ ਦੋਸਤਾਂ ਕੋਲੋਂ ਵੀ ਪੁੱਛਗਿੱਛ ਕੀਤੀ, ਪਰ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਸ ਤੋਂ ਬਾਅਦ ਥਾਣੇ ਵਿੱਚ ਉਸ ਦੇ ਲਾਪਤਾ ਹੋਣ ਸਬੰਧੀ ਰਿਪੋਰਟ ਦਰਜ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਸਵੇਰੇ ਤੁਗਲਵਾਲ ਦੇ ਨੇੜੇ ਸੂਏ ਵਿੱਚੋਂ ਰਵਿੰਦਰ ਸਿੰਘ ਦੀ ਲਾਸ਼ ਬਰਾਮਦ ਹੋਈ। ਪਰਿਵਾਰ ਨੂੰ ਜਾਣਕਾਰੀ ਮਿਲੀ ਕਿ ਰਵਿੰਦਰ ਨੂੰ ਉਸ ਦੇ ਕੁਝ ਦੋਸਤਾਂ ਨੇ ਬੁਲਾਇਆ ਸੀ ਤੇ ਉਹ ਮੋਟਰਸਾਈਕਲ ’ਤੇ ਉਨ੍ਹਾਂ ਨੂੰ ਮਿਲਣ ਗਿਆ ਸੀ। ਇਸ ਦੇ ਆਧਾਰ ’ਤੇ ਪਰਿਵਾਰ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਨੌਜਵਾਨਾਂ ਵਿਚਕਾਰ ਝਗੜਾ ਹੋਇਆ ਹੋ ਸਕਦਾ ਹੈ। ਕਮਲਜੀਤ ਕੌਰ ਦਾ ਦੋਸ਼ ਹੈ ਕਿ ਘਟਨਾ ਤੋਂ ਬਾਅਦ ਰਵਿੰਦਰ ਦੀ ਲਾਸ਼ ਨੂੰ ਸੂਏ ਵਿੱਚ ਸੁੱਟਿਆ ਗਿਆ ਤੇ ਉਸ ਦੀਆਂ ਚੱਪਲਾਂ ਆਦਿ ਕਿਨਾਰੇ ’ਤੇ ਰੱਖ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੋ ਸਕਦੀ ਹੈ ਕਿ ਉਸ ਨੇ ਖੁਦ ਸੂਏ ਵਿੱਚ ਛਾਲ ਮਾਰੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਰਵਿੰਦਰ ਦੀ ਪੈਂਟ ਦਾ ਬਟਨ ਟੁੱਟਿਆ ਹੋਇਆ ਸੀ ਤੇ ਪੈਂਟ ਫਟੀ ਹੋਈ ਸੀ, ਜਿਸ ਕਾਰਨ ਪਰਿਵਾਰ ਨੂੰ ਉਸ ਨਾਲ ਝੜਪ ਹੋਣ ਦਾ ਸ਼ੱਕ ਹੈ। ਪਰਿਵਾਰ ਨੇ ਇਹ ਵੀ ਕਿਹਾ ਕਿ ਰਵਿੰਦਰ ਨੂੰ ਤੈਰਾਕੀ ਚੰਗੀ ਤਰ੍ਹਾਂ ਆਉਂਦੀ ਸੀ। ਇਸ ਤੋਂ ਇਲਾਵਾ ਉਸ ਦਾ ਆਈਫੋਨ ਤੇ ਮੋਟਰਸਾਈਕਲ ਵੀ ਹਾਲੇ ਤੱਕ ਨਹੀਂ ਮਿਲਿਆ, ਜਿਸ ਕਾਰਨ ਪਰਿਵਾਰ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਕੇ ਸਾਰੇ ਤੱਥ ਸਾਹਮਣੇ ਲਿਆਂਦੇ ਜਾਣ ਤੇ ਜੇਕਰ ਕਿਸੇ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਪੁਲਿਸ ਇਸ ਮਾਮਲੇ ਦੀ ਜਾਂਚ ’ਚ ਜੁਟੀ ਹੈ।