- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਕਸ਼ਮੀ ਦੇਵੀ ਸਾਹਨੀ ਸਕੂਲ ਵਿਖੇ 15ਵੀਂ ਸਾਲਾਨਾ ਸਪੋਰਟਸ ਮੀਟ ਕਰਵਾਈ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਲਕਸ਼ਮੀ ਦੇਵੀ ਸਾਹਨੀ ਸਕੂਲ ਬਟਾਲਾ ਵਿਖੇ 15ਵੀਂ ਸਾਲਾਨਾ ਸਪੋਰਟਸ ਮੀਟ ਬੜੇ ਉਤਸ਼ਾਹ ਨਾਲ ਕਰਵਾਈ ਗਈ, ਜਿਸ ’ਚ ਵਿੱਚ ਕਿੰਡਰ ਗਾਰਡਨ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਕੂਲ ਪ੍ਰਿੰਸੀਪਲ ਅੰਬਿਕਾ ਖੰਨਾ ਅਤੇ ਬਾਲਿਕਾ ਖੰਨਾ ਨੇ ਸ਼ਿਰਕਤ ਕੀਤੀ। ਸਕੂਲ ਦੇ ਵਿਦਿਆਰਥੀਆਂ ਵੱਲੋਂ ਬੈਂਡ ਦੀਆਂ ਮਨਮੋਹਕ ਧੁਨਾਂ ਨਾਲ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਉਪਰੰਤ ਸ਼ਾਨਦਾਰ ਮਾਰਚ ਪਾਸਟ ਰਾਹੀਂ ਖੇਡ ਸਮਾਗਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਮਾਪਿਆਂ ਲਈ ਵੀ ਕਈ ਮਨੋਰੰਜਕ ਖੇਡ ਮੁਕਾਬਲੇ ਕਰਵਾਏ। ਪ੍ਰਿੰਸੀਪਲ ਅੰਬਿਕਾ ਖੰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਦਾ ਅਹਿਮ ਹਿੱਸਾ ਹਨ। ਖੇਡਾਂ ਰਾਹੀਂ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ, ਸਹਿਯੋਗ, ਟੀਮ ਭਾਵਨਾ ਤੇ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਵੱਲੋਂ ਸ਼ਬਦ ਗਾਇਨ ਵੀ ਕੀਤਾ ਗਿਆ। ਖੇਡ ਮੁਕਾਬਲਿਆਂ ’ਚ ਜੇਤੂ ਰਹਿਣ ਵਾਲੇ ਬੱਚਿਆਂ ਅਤੇ ਭਾਗੀਦਾਰਾਂ ਨੂੰ ਪ੍ਰਿੰਸੀਪਲ ਅੰਬਿਕਾ ਖੰਨਾ ਅਤੇ ਬਾਲਿਕਾ ਖੰਨਾ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਕੋਚ ਮਾਰਕੁਸ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।