- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਾਲਾ ਵਿੱਚ ਦੁਸਹਿਰੇ ਮੌ਼ਕੇ ਸਾੜਿਆ ਜਾਵੇਗਾ 125 ਫੁੱਟ ਉੱਚਾ ਰਾਵਣ,

ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਸ਼ਹਿਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਟਾਲਾ ਦੇ ਆਈਟੀਆਈ ਕਾਲਜ ਦੇ ਮੈਦਾਨ ਵਿੱਚ 20 ਅਕਤੂਬਰ, ਮੰਗਲਵਾਰ ਨੂੰ ਦੁਸਹਿਰਾ ਉਤਸ਼ਵ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਾਲ ਸਮਾਗਮ ਦਾ ਮੁੱਖ ਆਕਰਸ਼ਣ 125 ਫੁੱਟ ਉੱਚਾ ਰਾਵਣ ਦਾ ਵਿਸ਼ਾਲ ਪੁਤਲਾ ਹੋਵੇਗਾ। ਇਸ ਦੇ ਨਾਲ ਹੀ ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਦਾ ਵੀ ਦਹਨ ਕੀਤਾ ਜਾਵੇਗਾ। ਦੁਸਹਿਰਾ ਸਮਾਗਮ ਸਬੰਧੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕੀਤੀ।ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਦੁਸਹਿਰਾ ਭਾਰਤੀ ਸੱਭਿਆਚਾਰ, ਧਾਰਮਿਕ ਆਸਥਾ ਅਤੇ ਪਰੰਪਰਾਵਾਂ ਨਾਲ ਜੁੜਿਆ ਇੱਕ ਮਹੱਤਵਪੂਰਨ ਤਿਉਹਾਰ ਹੈ। ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ ਅਤੇ ਅਸੱਤ ਉੱਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। ਹਰ ਸਾਲ ਬਟਾਲਾ ਵਿੱਚ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਇਸ ਵਾਰ ਵੀ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਸ਼ਹਿਰ ਵਾਸੀ ਪੂਰੇ ਉਤਸ਼ਾਹ ਨਾਲ ਇਸ ਤਿਉਹਾਰ ਵਿੱਚ ਸ਼ਾਮਲ ਹੋ ਸਕਣ।
ਇਸ ਵਾਰ ਦੁਸਹਿਰਾ ਉਤਸ਼ਵ ਮੌਕੇ 125 ਫੁੱਟ ਉੱਚੇ ਰਾਵਣ ਦਾ ਪੁਤਲਾ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਜਾਵੇਗਾ। ਇਸ ਵਿਸ਼ਾਲ ਪੁਤਲੇ ਦਾ ਦਹਨ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਰਾਵਣ ਦੇ ਨਾਲ-ਨਾਲ ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਨ ਵੀ ਕੀਤਾ ਜਾਵੇਗਾ। ਤਿੰਨਾਂ ਪੁਤਲਿਆਂ ਦਾ ਦਹਨ ਦੁਸਹਿਰਾ ਸਮਾਗਮ ਦਾ ਪ੍ਰਮੁੱਖ ਆਕਰਸ਼ਣ ਰਹੇਗਾ।
ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਗਈ ਜਾਣਕਾਰੀ ਅਨੁਸਾਰ ਵਿਧਾਇਕ ਸ਼ੈਰੀ ਕਲਸੀ ਦੁਸਹਿਰਾ ਉਤਸ਼ਵ ਦੌਰਾਨ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕਰਨਗੇ।
ਰਾਮਲੀਲਾ ਕਮੇਟੀਆਂ ਅਤੇ ਝਾਕੀਆਂ ਨੂੰ ਮਿਲਣਗੇ ਲੱਖਾਂ ਰੁਪਏ ਦੇ ਨਕਦ ਇਨਾਮ
ਇਸ ਵਾਰ ਦੁਸਹਿਰਾ ਸਮਾਗਮ ਦੌਰਾਨ ਰਾਮਲੀਲਾ ਕਮੇਟੀਆਂ ਅਤੇ ਝਾਕੀਆਂ ਦੇ ਪ੍ਰਬੰਧਕਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਰਾਮਲੀਲਾ ਕਮੇਟੀਆਂ ਨੂੰ ਲੱਖਾਂ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਨਾਲ ਧਾਰਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਦਾ ਹੌਸਲਾ ਵਧੇਗਾ।ਵਿਧਾਇਕ ਸ਼ੈਰੀ ਕਲਸੀ ਨੇ ਰਾਮਲੀਲਾ ਕਮੇਟੀਆਂ ਅਤੇ ਝਾਕੀਆਂ ਦਾ ਉਤਸ਼ਾਹ ਵਧਾਉਣ ਲਈ ਨਕਦ ਇਨਾਮਾਂ ਦਾ ਐਲਾਨ ਕਰਦਿਆਂ ਕਿਹਾ ਕਿ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਰਾਮਲੀਲਾ ਕਮੇਟੀ ਜਾਂ ਝਾਂਕੀ ਨੂੰ 1,00,000 ਰੁਪਏ, ਦੂਜਾ ਸਥਾਨ ਹਾਸਲ ਕਰਨ ਵਾਲੀ ਝਾਂਕੀ ਨੂੰ 51,000 ਰੁਪਏ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀ ਝਾਂਕੀ ਨੂੰ 31,000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਦੁਸਹਿਰਾ ਉਤਸ਼ਵ ਸਬੰਧੀ ਜਾਣਕਾਰੀ ਦੇਣ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਸਿਆਸੀ ਮੁੱਦਿਆਂ ’ਤੇ ਵੀ ਆਪਣੀ ਗੱਲ ਰੱਖੀ। ਉਨ੍ਹਾਂ ਨੇ ਅੱਜ ਜ਼ਿਲ੍ਹੇ ਵਿੱਚ ਕਾਂਗਰਸੀ ਆਗੂਆ ਦੇ ਦੌਰੇ ਨੂੰ ਲੈ ਕੇ ਤਿੱਖੀਆਂ ਟਿੱਪਣੀਆਂ ਕੀਤੀਆਂ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਦੇ ਦੌਰੇ ਨੂੰ ਲੈ ਕੇ ਵੀ ਉਨ੍ਹਾਂ ਨੇ ਸਿਆਸੀ ਨਿਸ਼ਾਨੇ ਸਾਧੇ।