ਪੰਚਾਇਤ ਭਵਨ ਗੁਰਦਾਸਪੁਰ ਵਿਖੇ 11ਵਾਂ ਆਯੁਰਵੈਦ ਦਿਵਸ ਮਨਾਇਆ ਪੰਚਾਇਤ ਭਵਨ ਗੁਰਦਾਸਪੁਰ ਵਿਖੇ 11ਵਾਂ ਆਯੁਰਵੈਦ ਦਿਵਸ ਮਨਾਇਆ
Publish Date: Wed, 23 Sep 2026 06:32 PM (IST)
Updated Date: Wed, 23 Sep 2026 06:33 PM (IST)
--ਆਯੁਰਵੇਦ ਦਾ ਮੁੱਖ ਉਦੇਸ਼ ਮਨੁੱਖ ਦੇ ਸਰੀਰ, ਮਨ ਅਤੇ ਆਤਮਾ ਵਿਚ ਸੰਤੁਲਨ ਬਣਾਈ ਰੱਖਣਾ ਅਤੇ ਰੋਗਾਂ ਤੋਂ ਬਚਾਅ ਕਰਨਾ ਹੈ-ਰਮਨ ਬਹਿਲ ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ: ਆਯੁਸ਼ ਮੰਤਰਾਲਾ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ, ਡਾਇਰੈਕਟਰ ਆਯੂਰਵੈਦ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਸਹਿਯੋਗ ਨਾਲ ਡਾ. ਸੀਮਾ ਗਰੇਵਾਲ, ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ, ਗੁਰਦਾਸਪੁਰ ਦੀ ਅਗਵਾਈ ਵਿੱਚ ਪੰਚਾਇਤ ਭਵਨ ਗੁਰਦਾਸਪੁਰ ਵਿਖੇ 11ਵਾਂ ਆਯੂਰਵੈਦ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਨੂੰ ਆਯੂਰਵੈਦ ਮੇਲੇ ਦਾ ਰੂਪ ਦਿੱਤਾ ਗਿਆ। ਸਮਾਗਮ ਦਾ ਉਦਘਾਟਨ ਰਮਨ ਬਹਿਲ, ਹਲਕਾ ਇੰਚਾਰਜ ਗੁਰਦਾਸਪੁਰ, ਵੱਲੋਂ ਧਨਵੰਤਰੀ ਪੂਜਨ ਅਤੇ ਜੋਤੀ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਮੌਕੇ ਆਯੂਰਵੈਦ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਏ ਗਏ। ਇਸ ਮੌਕੇ ਸੰਬੋਧਨ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਆਯੁਰਵੇਦ ਭਾਰਤ ਦੀ ਪ੍ਰਾਚੀਨ ਚਿਕਿਤਸਾ ਪ੍ਰਣਾਲੀ ਹੈ, ਜਿਸ ਨੂੰ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸਿਹਤ ਵਿਗਿਆਨ ਪੱਧਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਯੁਰਵੇਦ ਦਾ ਮੁੱਖ ਉਦੇਸ਼ ਮਨੁੱਖ ਦੇ ਸਰੀਰ, ਮਨ ਅਤੇ ਆਤਮਾ ਵਿਚ ਸੰਤੁਲਨ ਬਣਾਈ ਰੱਖਣਾ ਅਤੇ ਰੋਗਾਂ ਤੋਂ ਬਚਾਅ ਕਰਨਾ ਹੈ। ਜ਼ਿਲ੍ਹੇ ਦੇ ਆਯੁਰਵੈਦਿਕ ਮੈਡੀਕਲ ਅਫ਼ਸਰਾਂ ਵੱਲੋਂ ਪਾਵਰਪੁਆਇੰਟ ਪ੍ਰਜ਼ੈਂਟੇਸ਼ਨਾਂ ਰਾਹੀਂ ਆਯੂਰਵੈਦ ਦੇ ਰੋਜ਼ਾਨਾ ਜੀਵਨ ਵਿੱਚ ਮਹੱਤਵ, ਸਿਹਤ ਸੰਭਾਲ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ। ਡਾਕਟਰਾਂ ਨੇ ਆਪਣੇ ਕੇਸ ਸਟੱਡੀਜ਼ ਅਤੇ ਤਜਰਬਿਆਂ ਰਾਹੀਂ ਆਯੁਰਵੇਦਿਕ ਇਲਾਜ ਦੇ ਲਾਭ ਵੀ ਸਾਂਝੇ ਕੀਤੇ। ਯੋਗਾ ਇੰਸਟ੍ਰਕਟਰਾਂ ਵੱਲੋਂ ਵੀ ਆਪਣੀਆਂ ਗਤੀਵਿਧੀਆਂ ਦੀਆਂ ਸ਼ੋਅਕੇਸ ਰੀਲਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਤੇ ਡਾ. ਵਿਵੇਕ ਪਾਂਡੇ, ਪ੍ਰੋਫੈਸਰ, ਹਾਰਟੀਕਲਚਰ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਗੁਰਦਾਸਪੁਰ, ਨੇ ਵਿਸ਼ੇਸ਼ ਲੈਕਚਰ ਦਿੰਦਿਆਂ ਵੱਖ-ਵੱਖ ਸਬਜ਼ੀਆਂ ਨਾਲ ਜੁੜੀਆਂ ਧਾਰਨਾਵਾਂ, ਉਨ੍ਹਾਂ ਦੇ ਸਿਹਤ ਲਾਭ ਅਤੇ ਨਵੀਆਂ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦਾ ਮੁੱਖ ਉਦੇਸ਼ ਲੋਕਾਂ ਨੂੰ ਆਯੂਰਵੈਦ ਦੇ ਵਿਗਿਆਨਕ ਅਤੇ ਪਰੰਪਰਾਗਤ ਪੱਖਾਂ ਨਾਲ ਜਾਣੂ ਕਰਵਾਉਣਾ ਅਤੇ ਰੋਗਾਂ ਦੇ ਇਲਾਜ ਦੇ ਨਾਲ-ਨਾਲ ਰੋਗਾਂ ਦੀ ਰੋਕਥਾਮ ਪ੍ਰਤੀ ਜਾਗਰੂਕ ਕਰਨਾ ਰਿਹਾ। ਇਸ ਮੌਕੇ ਆਯੁਰਵੈਦਿਕ ਮੈਡੀਕਲ ਅਫ਼ਸਰਾਂ, ਯੋਗਾ ਇੰਸਟ੍ਰਕਟਰਾਂ, ਵਿਭਾਗੀ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।