- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਵਾਂ-ਧੀਆਂ ਸਤਕਾਰ ਯੋਜਨਾ ਤਹਿਤ ਜ਼ਿਲ੍ਹੇ 'ਚ ਹੁਣ ਤੱਕ 1,04,421 ਔਰਤਾਂ ਦੀ ਰਜਿਸਟ੍ਰੇਸ਼ਨ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਸੂਬਾ ਸਰਕਾਰ ਵੱਲੋਂ ਔਰਤਾਂ ਲਈ ਸ਼ੁਰੂ ਕੀਤੀ ਗਈ 'ਮਾਵਾਂ-ਧੀਆਂ ਸਤਕਾਰ ਯੋਜਨਾ' ਤਹਿਤ ਬੁੱਧਵਾਰ ਨੂੰ ਖਾਤਿਆਂ 'ਚ ਪੈਸੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਜ਼ਿਲ੍ਹੇ 'ਚ ਕੁੱਲ 2,61,053 ਲਾਭਪਾਤਰੀ ਔਰਤਾਂ ਵਿੱਚੋਂ ਹੁਣ ਤੱਕ 1,04,421 ਔਰਤਾਂ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੀਆਂ ਹਨ। ਬਾਕੀ ਔਰਤਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਇਸ ਯੋਜਨਾ ਤਹਿਤ ਆਮ ਵਰਗ ਦੀਆਂ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਅਤੇ ਐੱਸਸੀ ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣੇ ਹਨ। ਬੁੱਧਵਾਰ ਨੂੰ ਜ਼ਿਲ੍ਹੇ 'ਚ ਜਿਨ੍ਹਾਂ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਸੀ, ਉਨ੍ਹਾਂ ਦੇ ਖਾਤਿਆਂ 'ਚ ਤਿੰਨ ਮਹੀਨਿਆਂ ਦੀ ਰਾਸ਼ੀ ਪਾ ਦਿੱਤੀ ਗਈ ਹੈ। ਕਈ ਔਰਤਾਂ ਨੂੰ 24 ਘੰਟਿਆਂ 'ਚ ਪੈਸੇ ਖਾਤੇ 'ਚ ਆਉਣ ਦਾ ਮੈਸੇਜ ਵੀ ਆ ਗਿਆ ਹੈ।
ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਕਿਹਾ ਕਿ ਬੁੱਧਵਾਰ ਤੋਂ ਇਸ ਯੋਜਨਾ ਤਹਿਤ ਪੰਜਾਬ ਦੀਆਂ ਲਾਭਪਾਤਰੀ ਔਰਤਾਂ ਦੇ ਖਾਤਿਆਂ 'ਚ ਸਨਮਾਨ ਰਾਸ਼ੀ ਜਮ੍ਹਾਂ ਹੋਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਆਰਥਕ ਸਹਾਇਤਾ ਨਹੀਂ ਸਗੋਂ ਹਰ ਮਾਂ, ਹਰ ਭੈਣ ਅਤੇ ਹਰ ਧੀ ਦੇ ਸਨਮਾਨ ਅਤੇ ਸਸ਼ਕਤੀਕਰਨ ਦੀ ਦਿਸ਼ਾ 'ਚ ਇੱਕ ਮਜ਼ਬੂਤ ਕਦਮ ਹੈ। ਬਹਿਲ ਨੇ ਮੁੱਖ ਮੰਤਰੀ ਦੇ ਸ਼ੁਭਾਰੰਭ ਦੇ ਲਾਈਵ ਪ੍ਰਸਾਰਣ ਮੌਕੇ ਸਥਾਨਕ ਰਿਜ਼ੋਰਟ 'ਚ ਆਯੋਜਿਤ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ 'ਚ ਪਹੁੰਚੀਆਂ ਮਾਵਾਂ-ਧੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਾਵਾਂ ਦਾ ਸਨਮਾਨ, ਧੀਆਂ ਦਾ ਆਦਰ, ਖੁਸ਼ਹਾਲ ਪੰਜਾਬ ਦੀ ਪਛਾਣ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਪੰਜਾਬ ਦੀ ਹਰ ਮਾਂ, ਧੀ ਅਤੇ ਭੈਣ ਦੇ ਸਨਮਾਨ, ਸਤਿਕਾਰ ਅਤੇ ਸਸ਼ਕਤੀਕਰਨ ਦੀ ਦਿਸ਼ਾ 'ਚ ਇੱਕ ਇਤਿਹਾਸਕ ਕਦਮ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਇਹ ਸਾਬਤ ਕੀਤਾ ਹੈ ਕਿ ਔਰਤਾਂ ਸਿਰਫ਼ ਜ਼ਿੰਮੇਵਾਰੀਆਂ ਨਿਭਾਉਣ ਲਈ ਨਹੀਂ, ਸਗੋਂ ਆਤਮ-ਨਿਰਭਰ ਬਣਨ, ਸੁਪਨੇ ਦੇਖਣ ਅਤੇ ਸਨਮਾਨ ਨਾਲ ਅੱਗੇ ਵਧਣ ਦਾ ਪੂਰਾ ਅਧਿਕਾਰ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਮਾਵਾਂ ਸ਼ਕਤੀਸ਼ਾਲੀ ਬਣਦੀਆਂ ਹਨ, ਤਾਂ ਪਰਿਵਾਰ ਮਜ਼ਬੂਤ ਹੁੰਦੇ ਹਨ। ਜਦੋਂ ਧੀਆਂ ਆਤਮ-ਨਿਰਭਰ ਬਣਦੀਆਂ ਹਨ ਤਾਂ ਸਮਾਜ ਤਰੱਕੀ ਕਰਦਾ ਹੈ ਅਤੇ ਜਦੋਂ ਔਰਤਾਂ ਨੂੰ ਸਨਮਾਨ ਮਿਲਦਾ ਹੈ, ਤਾਂ ਖੁਸ਼ਹਾਲ ਪੰਜਾਬ ਦੀ ਨੀਂਹ ਰੱਖੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਲੋਕਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਹੈ ਅਤੇ ਜਿਹੜੇ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਕੇ ਦਿਖਾਇਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਰਪੰਚਾਂ ਨੂੰ ਸੁਤੰਤਰਤਾ ਦਿਵਸ ਤੋਂ ਮਾਣ-ਭੱਤਾ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਕਰਕੇ ਪਿੰਡ ਪੱਧਰ 'ਤੇ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਖੇਤਰ 'ਚ ਵੀ ਸਰਕਾਰ ਵੱਡੇ ਕਦਮ ਚੁੱਕ ਰਹੀ ਹੈ। 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੇ ਕਾਰਡ ਬਣਾਏ ਗਏ ਹਨ। ਇਸ ਨਾਲ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਉਨ੍ਹਾਂ ਨੂੰ ਮਹਿੰਗੇ ਇਲਾਜ ਦੀ ਚਿੰਤਾ ਤੋਂ ਛੁਟਕਾਰਾ ਮਿਲਿਆ ਹੈ।
---ਦਿਨ ਭਰ ਇੱਕ-ਦੂਜੇ ਨੂੰ ਕੀਤਾ ਫੋਨ –--
ਯੋਜਨਾ ਤਹਿਤ ਬੁੱਧਵਾਰ ਨੂੰ ਔਰਤਾਂ ਦੇ ਖਾਤਿਆਂ 'ਚ ਪੈਸੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਯੋਜਨਾ ਤਹਿਤ ਜਿਨ੍ਹਾਂ ਔਰਤਾਂ ਦੇ ਖਾਤਿਆਂ 'ਚ ਪੈਸੇ ਪਹੁੰਚ ਗਏ ਹਨ ਉਨ੍ਹਾਂ 'ਚ ਕਾਫ਼ੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਦੁਪਹਿਰ ਬਾਅਦ ਰਜਿਸਟ੍ਰੇਸ਼ਨ ਕਰਵਾ ਚੁੱਕੀਆਂ ਔਰਤਾਂ ਇੱਕ-ਦੂਜੇ ਨੂੰ ਫੋਨ ਕਰਕੇ ਖਾਤੇ 'ਚ ਪੈਸੇ ਆਉਣ ਬਾਰੇ ਪੁੱਛਦੀਆਂ ਰਹੀਆਂ। ਕੁਝ ਔਰਤਾਂ ਨੂੰ 24 ਘੰਟਿਆਂ 'ਚ ਪੈਸੇ ਆਉਣ ਦੇ ਸੁਨੇਹੇ ਪ੍ਰਾਪਤ ਹੋਏ ਜਦੋਂ ਕਿ ਬਹੁਤੀਆਂ ਦੇ ਖਾਤੇ 'ਚ ਪੈਸੇ ਪਹੁੰਚ ਗਏ ਹਨ। ਉਮੀਦ ਹੈ ਕਿ ਦੇਰ ਸ਼ਾਮ ਤੱਕ ਸਾਰੀਆਂ ਰਜਿਸਟਰਡ ਔਰਤਾਂ ਦੇ ਖਾਤਿਆਂ 'ਚ ਪੈਸੇ ਪਹੁੰਚ ਜਾਣਗੇ।