- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਿਰੋਜ਼ਪੁਰ ਵਿਖੇ ਜ਼ੋਨਲ ਪੱਧਰੀ ਪੰਜਾਬੀ ਨਾਟਕ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ, ‘ਮਿੱਟੀ ਦਾ ਬਾਵਾ’ ਰਿਹਾ ਪਹਿਲੇ ਸਥਾਨ ’ਤੇ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਸਰਕਾਰ ਦੀ ਰਹਿਨੁਮਾਈ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਡਾ. ਜਗਦੀਪ ਸੰਧੂ ਦੀ ਦੇਖ-ਰੇਖ ਹੇਠ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ, ਫ਼ਿਰੋਜ਼ਪੁਰ ਸ਼ਹਿਰ ਵਿਖੇ ਜ਼ੋਨਲ ਪੱਧਰੀ ਪੰਜਾਬੀ ਨਾਟਕ ਮੁਕਾਬਲੇ ਬਹੁਤ ਹੀ ਉਤਸ਼ਾਹ ਨਾਲ ਕਰਵਾਏ ਗਏ। ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਵਿਚ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਤਰਨ ਤਾਰਨ ਅਤੇ ਮੋਗਾ ਜ਼ਿਲ੍ਹਿਆਂ ਦੇ ਸਕੂਲਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਖ਼ਾਸ ਗੱਲ ਇਹ ਰਹੀ ਕਿ ਭਾਸ਼ਾ ਵਿਭਾਗ ਵੱਲੋਂ ਕਈ ਸਾਲਾਂ ਬਾਅਦ ਮੁੜ ਇਹ ਨਾਟਕ ਮੁਕਾਬਲੇ ਸ਼ੁਰੂ ਕੀਤੇ ਗਏ ਹਨ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਨ ਅਤੇ ਭਾਸ਼ਾ ਵਿਭਾਗ ਦੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ, ਜਿਸ ਤੋਂ ਬਾਅਦ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਵੱਖ-ਵੱਖ ਸਕੂਲਾਂ ਵੱਲੋਂ ਪੇਸ਼ ਕੀਤੇ ਗਏ ਨਾਟਕਾਂ ਦਾ ਮਿਆਰ ਬੇਹੱਦ ਪੇਸ਼ੇਵਰ ਅਤੇ ਉੱਚ ਪੱਧਰੀ ਸੀ, ਜੋ ਕਿ ਕਿਸੇ ਯੂਨੀਵਰਸਿਟੀ ਦੇ ਯੁਵਕ ਮੇਲੇ ਵਾਂਗ ਬਹੁਤ ਵਧੀਆ ਤਰੀਕੇ ਨਾਲ ਵਿਉਂਤਿਆ ਗਿਆ ਸੀ। ਮੁਕਾਬਲਿਆਂ ਦੇ ਆਏ ਨਤੀਜਿਆਂ ਵਿੱਚ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਅਬੋਹਰ ਦਾ ਨਾਟਕ ‘ਮਿੱਟੀ ਦਾ ਬਾਵਾ’ ਪਹਿਲੇ ਸਥਾਨ ’ਤੇ ਰਿਹਾ। ਇਸ ਨਾਟਕ ਵਿੱਚ ਸਰਹੱਦ ’ਤੇ ਤਾਇਨਾਤ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਦੀਆਂ ਭਾਈਚਾਰਕ ਸਾਂਝਾਂ ਅਤੇ ਸੰਵੇਦਨਾਵਾਂ ਨੂੰ ਬੇਹੱਦ ਕਰੁਣਾਮਈ ਅੰਦਾਜ਼ ਵਿੱਚ ਉਜਾਗਰ ਕੀਤਾ ਗਿਆ। ਸਰਕਾਰੀ ਸੈਕੰਡਰੀ ਸਕੂਲ ਠੱਠਾ ਕਿਸ਼ਨ ਸਿੰਘ ਦਾ ਨਾਟਕ ‘ਘਰ ਗੁੰਮ ਹੈ’ ਦੂਜੇ ਸਥਾਨ ’ਤੇ ਰਿਹਾ, ਜਿਸ ਵਿੱਚ ਧੀਆਂ ਦੇ ਸੂਖਮ ਸ਼ੋਸ਼ਣ ਦੇ ਮੁੱਦੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਐੱਸ.ਐੱਸ. ਪਬਲਿਕ ਸਕੂਲ ਕੱਸੋਆਣਾ ਦਾ ਨਾਟਕ ‘ਆਪਣਾ ਆਪਣਾ ਹਿੱਸਾ’ ਤੀਜੇ ਸਥਾਨ ’ਤੇ ਰਿਹਾ। ਸਮੁੱਚੇ ਮੁਕਾਬਲਿਆਂ ਵਿੱਚ ‘ਮਿੱਟੀ ਦਾ ਬਾਵਾ’ ਨਾਟਕ ਦੇ ਨਿਰਦੇਸ਼ਕ ਦੀਪਕ ਕੰਬੋਜ਼ ਨੂੰ ‘ਸਰਵੋਤਮ ਨਿਰਦੇਸ਼ਕ’ ਅਤੇ ‘ਮਾਈਨਸ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ’ ਨਾਟਕ ਦੀ ਅਰਮਾਨਦੀਪ ਕੌਰ ਨੂੰ ‘ਸਰਵੋਤਮ ਅਦਾਕਾਰਾ’ ਐਲਾਨਿਆ ਗਿਆ। ਇਸ ਤੋਂ ਇਲਾਵਾ ਗੁਰਸ਼ਾਨ ਸਿੰਘ, ਮਾਲਵਿਕਾ ਅਤੇ ਫ਼ਰੀਦਕੋਟ ਸਕੂਲ ਦੀ ਟੀਮ ਨੂੰ ਹੌਸਲਾ-ਵਧਾਊ ਇਨਾਮ ਦਿੱਤੇ ਗਏ। ਨਾਟਕਾਂ ਦਾ ਮੁਲਾਂਕਣ ਡਾ. ਹਰਪ੍ਰੀਤ ਸਿੰਘ, ਅਮਿਤ ਕੁਮਾਰ ਅਤੇ ਰੰਗ ਹਰਜਿੰਦਰ ਵਰਗੇ ਤਜਰਬੇਕਾਰ ਕਲਾਕਾਰਾਂ ਵੱਲੋਂ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਦੇ ਚੇਅਰਮੈਨ ਡਾ. ਅਨਿਰੁੱਧ ਗੁਪਤਾ ਨੇ ਵਿਭਾਗ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਗੁਰਨਾਮ ਸਿੰਘ, ਗੁਰਿੰਦਰ ਸਿੰਘ ਅਤੇ ਜ਼ੈਲਾ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਸਤੀਸ਼ ਠੁਕਰਾਲ ਸੋਨੀ ਨੇ ਮੰਚ-ਸੰਚਾਲਨ ਕੀਤਾ ਅਤੇ ਉਨ੍ਹਾਂ ਦਾ ਨਵ-ਪ੍ਰਕਾਸ਼ਿਤ ਨਾਵਲ ‘ਕਿਸ ਹੱਦ ਤੱਕ’ ਵੀ ਲੋਕ-ਅਰਪਣ ਕੀਤਾ ਗਿਆ।