ਹੇਮਕੁੰਟ ਸਕੂਲ ’ਚ ਜ਼ੋਨਲ ਖੇਡਾਂ ਦਾ ਆਗਾਜ਼, ਖਿਡਾਰੀਆਂ ਨੇ ਦਿਖਾਇਆ ਦਮਖਮ ਹੇਮਕੁੰਟ ਸਕੂਲ ’ਚ ਜ਼ੋਨਲ ਖੇਡਾਂ ਦਾ ਆਗਾਜ਼, ਖਿਡਾਰੀਆਂ ਨੇ ਦਿਖਾਇਆ ਦਮਖਮ
Publish Date: Wed, 12 Aug 2026 04:15 PM (IST)
Updated Date: Wed, 12 Aug 2026 04:17 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਅੰਦਰ ਛੁਪੀ ਖੇਡ ਪ੍ਰਤਿਭਾ ਨੂੰ ਉਭਾਰਨ ਦੇ ਮਕਸਦ ਨਾਲ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ ਦੀਆਂ ਗਰਾਊਂਡਾਂ ਵਿੱਚ 29ਵੀਆਂ ਜ਼ੋਨਲ ਸਕੂਲ ਖੇਡਾਂ ਤਹਿਤ ਵੱਖ-ਵੱਖ ਖੇਡ ਮੁਕਾਬਲੇ ਪੂਰੇ ਉਤਸ਼ਾਹ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਸ਼ੁਰੂ ਹੋ ਗਏ। ਕੋਟ ਈਸੇ ਖਾਂ ਜ਼ੋਨ ਦੇ ਵੱਖ-ਵੱਖ ਸਕੂਲਾਂ ਵਿੱਚ 14 ਅਗਸਤ ਤੱਕ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਖੇਡ ਗਰਾਊਂਡਾਂ ਵਿੱਚ ਹਾਕੀ, ਯੋਗਾ ਅਤੇ ਕਰਾਟੇ ਦੇ ਜ਼ੋਨਲ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਕੋਟ ਈਸੇ ਖਾਂ ਜ਼ੋਨ ਦੇ ਵੱਖ-ਵੱਖ ਸਕੂਲਾਂ ਤੋਂ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੇ ਲੜਕੇ ਅਤੇ ਲੜਕੀਆਂ ਪੂਰੇ ਜੋਸ਼ ਨਾਲ ਭਾਗ ਲੈ ਰਹੇ ਹਨ। ਮੈਦਾਨ ਵਿੱਚ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਲਈ ਪੂਰਾ ਜ਼ੋਰ ਲਗਾਇਆ। ਮੁਕਾਬਲੇ ਵੱਖ-ਵੱਖ ਖੇਡਾਂ ਦੇ ਕੋਚਾਂ ਅਮਨ ਸ਼ਰਮਾ, ਚੰਦਨ, ਜਗਵਿੰਦਰ ਸਿੰਘ, ਹਰਸ਼ਦੀਪ ਸਿੰਘ, ਸੁਰਿੰਦਰ ਸਿੰਘ, ਜਿੰਦਰਪਾਲ ਸਿੰਘ ਅਤੇ ਪ੍ਰਿਆ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਹਨ। ਖਿਡਾਰੀਆਂ ਨੇ ਖੇਡ ਮੈਦਾਨ ਵਿੱਚ ਅਨੁਸ਼ਾਸਨ, ਟੀਮ ਭਾਵਨਾ ਅਤੇ ਸ਼ਾਨਦਾਰ ਖੇਡ ਭਾਵਨਾ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐੱਮ.ਡੀ. ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਸੋਨੀਆ ਸ਼ਰਮਾ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਲੀਡਰਸ਼ਿਪ ਦੇ ਗੁਣ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵਿਚ ਵੀ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਕਾਂ ਵੱਲੋਂ ਸਾਰੇ ਖਿਡਾਰੀਆਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਬਿਹਤਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਮੁੱਚੇ ਜ਼ੋਨਲ ਖੇਡ ਮੁਕਾਬਲਿਆਂ ਦਾ ਪ੍ਰਬੰਧ ਪ੍ਰਿੰਸੀਪਲ ਸੋਨੀਆ ਸ਼ਰਮਾ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ।