ਦੁਕਾਨਦਾਰਾਂ ਨੇ ਮਾਲਕੀ ਹੱਕਾਂ ਲਈ ਤੇਜ਼ ਕੀਤੀ ਆਵਾਜ਼ ਜ਼ੀਰਾ ਦੇ ਦੁਕਾਨਦਾਰਾਂ ਨੇ ਮਾਲਕੀ ਹੱਕਾਂ ਲਈ ਤੇਜ਼ ਕੀਤੀ ਆਵਾਜ਼
Publish Date: Thu, 29 Oct 2026 04:46 PM (IST)
Updated Date: Fri, 30 Oct 2026 04:02 AM (IST)
ਸਰਕਾਰੀ ਨੀਤੀ ਅਨੁਸਾਰ ਮਾਲਕੀ ਦੇਣ ਦੀ ਮੰਗ ਵਿਧਾਇਕ ਨਰੇਸ਼ ਕਟਾਰੀਆ ਤੇ ਪ੍ਰਧਾਨ ਧਰਮਪਾਲ ਚੁੱਘ ਨੇ ਮੁੱਖ ਮੰਤਰੀ ਕੋਲ ਮਾਮਲਾ ਉਠਾਉਣ ਦਾ ਦਿੱਤਾ ਭਰੋਸਾ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲਾਂ ਅਧੀਨ ਆਉਂਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਨੂੰ ਮਾਲਕੀ ਹੱਕ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਤੋਂ ਬਾਅਦ ਜ਼ੀਰਾ ਦੇ ਦੁਕਾਨਦਾਰਾਂ ਨੇ ਵੀ ਆਪਣੇ ਹੱਕਾਂ ਦੀ ਮੰਗ ਤੇਜ਼ ਕਰ ਦਿੱਤੀ ਹੈ। ਇਸੇ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਜ਼ੀਰਾ ਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਦੇ ਇੱਕ ਵਫ਼ਦ ਨੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਨਗਰ ਕੌਂਸਲ ਪ੍ਰਧਾਨ ਧਰਮਪਾਲ ਚੁੱਘ ਨਾਲ ਮੁਲਾਕਾਤ ਕਰਦਿਆਂ ਮੰਗ ਕੀਤੀ ਕਿ ਸਰਕਾਰ ਦੀ ਨੀਤੀ ਤੇ ਨਿਰਧਾਰਤ ਨਿਯਮਾਂ ਅਨੁਸਾਰ ਲੰਮੇ ਸਮੇਂ ਤੋਂ ਦੁਕਾਨਾਂ ’ਤੇ ਕਾਬਜ਼ ਦੁਕਾਨਦਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ।ਵਫ਼ਦ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਉਨ੍ਹਾਂ ਵਿੱਚੋਂ ਕਈ ਦੁਕਾਨਦਾਰ ਲੰਮੇ ਸਮੇਂ ਤੋਂ ਇਨ੍ਹਾਂ ਦੁਕਾਨਾਂ ਵਿੱਚ ਕਾਰੋਬਾਰ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੇ ਹਨ। ਦੁਕਾਨਦਾਰਾਂ ਅਨੁਸਾਰ, ਜ਼ੀਰਾ ਸ਼ਹਿਰ ਵਿੱਚ ਲਗਭਗ 90 ਫ਼ੀਸਦੀ ਅਸਲ ਅਲਾਟੀਆਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਹੋਰਨਾਂ ਵਿਅਕਤੀਆਂ ਨੂੰ ਵੇਚੇ ਜਾਣ ਦੇ ਮਾਮਲੇ ਹਨ ਤੇ ਇਸ ਸਬੰਧੀ ਹਲਫ਼ੀਆ ਬਿਆਨ ਵੀ ਮੌਜੂਦ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਦਸਤਾਵੇਜ਼ਾਂ ਅਤੇ ਸਰਕਾਰੀ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਮੌਜੂਦਾ ਕਾਬਜ਼ਕਾਰਾਂ ਦੇ ਨਾਂ ’ਤੇ ਮਾਲਕੀ ਹੱਕ ਦੇਣ ਲਈ ਢੁਕਵੀਂ ਕਾਰਵਾਈ ਕੀਤੀ ਜਾਵੇ।ਦੁਕਾਨਦਾਰਾਂ ਨੇ ਸਪੱਸ਼ਟ ਕੀਤਾ ਕਿ ਉਹ ਸਰਕਾਰ ਵੱਲੋਂ ਨਿਰਧਾਰਤ ਕੀਤੀ ਜਾਣ ਵਾਲੀ ਕੀਮਤ ਅਤੇ ਲਾਗੂ ਸ਼ਰਤਾਂ ਅਨੁਸਾਰ ਰਕਮ ਅਦਾ ਕਰਨ ਲਈ ਤਿਆਰ ਹਨ।ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਚੱਲ ਰਹੇ ਇਸ ਮਾਮਲੇ ਦਾ ਨਿਯਮਾਂ ਅਨੁਸਾਰ ਹੱਲ ਨਿਕਲਣ ਨਾਲ ਦੁਕਾਨਦਾਰਾਂ ਨੂੰ ਆਪਣੇ ਕਾਰੋਬਾਰ ਸਬੰਧੀ ਭਵਿੱਖ ਦੀ ਯੋਜਨਾਬੰਦੀ ਕਰਨ ਵਿੱਚ ਸਹੂਲਤ ਮਿਲੇਗੀ।ਵਫ਼ਦ ਦੀਆਂ ਮੰਗਾਂ ਸੁਣਨ ਤੋਂ ਬਾਅਦ ਵਿਧਾਇਕ ਨਰੇਸ਼ ਕਟਾਰੀਆ ਅਤੇ ਨਗਰ ਕੌਂਸਲ ਪ੍ਰਧਾਨ ਧਰਮਪਾਲ ਚੁੱਘ ਨੇ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਉਣ ਲਈ ਜਲਦ ਮੁਲਾਕਾਤ ਕਰਨਗੇ ਅਤੇ ਦੁਕਾਨਦਾਰਾਂ ਦੀ ਮੰਗ ਦਾ ਢੁਕਵਾਂ ਹੱਲ ਕੱਢਣ ਲਈ ਯਤਨ ਕਰਨਗੇ। ਇਸ ਮੌਕੇ ਹਰਜਿੰਦਰ ਸ਼ਰਮਾ, ਲੱਕੀ ਅਹੂਜਾ, ਰੋਹਿਤ ਕੁਮਾਰ, ਪ੍ਰਤਾਪ ਬੀਕਾਨੇਰ ਸਵੀਟਸ,ਗੁਰਮੁਖ ਸਿੰਘ ਗੋਰਾ ਜੀ.ਐੱਸ. ਕਾਰ ਬਾਜ਼ਾਰ, ਜਤਿੰਦਰ ਸਿੰਘ, ਜਗਦੀਸ਼ ਕਪੂਰ ਜਗਦੀਸ਼ ਕਪੂਰ ਸਾਈਕਲ ਸਟੋਰ, ਸੁਖਦੇਵ ਸਿੰਘ, ਮਨਜੀਤ ਸਿੰਘ ਅਹੂਜਾ, ਟਿੰਕੂ ਅਹੂਜਾ, ਮਿੰਟੂ, ਸੰਦੀਪ ਕੁਮਾਰ, ਗੁਰਤੇਜ ਸਿੰਘ ਲਾਡੀ, ਗੁਰਪ੍ਰੀਤ ਸਿੰਘ ਧਮੀਜਾ, ਗਗਨ ਨਾਗਪਾਲ, ਬਾਬਾ ਪਰਸ਼ੋਤਮ ਦਾਸ, ਨੀਰਜ ਟੈਲੀਕੌਮ, ਅਮਰੀਕ ਸਿੰਘ ਕੰਬੋਜ ਟੈਲੀਕੌਮ, ਲੱਕੀ ਖੁੱਲਰ ਤੇ ਅਮਰਜੀਤ ਸ਼ਰਮਾ ਇਲੈਕਟ੍ਰੀਕਲ ਸਮੇਤ ਵੱਡੀ ਗਿਣਤੀ ’ਚ ਸ਼ਹਿਰ ਦੇ ਦੁਕਾਨਦਾਰ ਹਾਜ਼ਰ ਸਨ।