ਡੇਢ ਕਿੱਲੋ ਹੈਰੋਇਨ ਤੇ ਸਾਢੇ 3 ਲੱਖ ਦੀ ਡਰੱਗ ਮਨੀ ਸਣੇ 2 ਗ੍ਰਿਫ਼ਤਾਰ ਜ਼ੀਰਾ ਪੁਲਿਸ ਵੱਲੋਂ ਡੇਢ ਕਿੱਲੋ ਹੈਰੋਇਨ ਅਤੇ ਸਾਢੇ 3 ਲੱਖ ਦੀ ਡਰੱਗ ਮਨੀ ਸਣੇ 2 ਤਸਕਰ ਗ੍ਰਿਫ਼ਤਾਰ
Publish Date: Fri, 17 Jul 2026 07:01 PM (IST)
Updated Date: Sat, 18 Jul 2026 04:04 AM (IST)
ਫੋਟੋ ਫਾਈਲ: 17 ਐੱਫਜੈੱਡਆਰ 27 ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਪੁਲਿਸ ਨੇ ਡੇਢ ਕਿੱਲੋ ਹੈਰੋਇਨ ਤੇ ਸਾਢੇ 3 ਲੱਖ ਰੁਪਏ ਦੀ ਡਰੱਗ ਮਨੀ ਸਣੇ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਐੱਸਆਈ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਇਲਾਕੇ ’ਚ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਚੈਕਿੰਗ ਲਈ ਗਸ਼ਤ ’ਤੇ ਤਾਇਨਾਤ ਸੀ। ਇਸ ਦੌਰਾਨ ਜਦੋਂ ਪੁਲਿਸ ਮੁਲਾਜ਼ਮ ਗਸ਼ਤ ਕਰਦੇ ਹੋਏ ਪਿੰਡ ਸੁੱਖੇਵਾਲਾ ਤੋਂ ਥੋੜ੍ਹਾ ਅੱਗੇ ਪਹੁੰਚੇ ਤਾਂ ਸੜਕ ਦੇ ਖੱਬੇ ਪਾਸੇ ਇਕ ਬੰਦ ਪਏ ਢਾਬੇ ਨੇੜੇ ਇਕ ਕਾਰ ਸ਼ੱਕੀ ਹਾਲਾਤ ’ਚ ਖੜ੍ਹੀ ਦਿਸੀ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਤੁਰੰਤ ਕਾਰ ਨੂੰ ਘੇਰਾ ਪਾ ਲਿਆ ਤੇ ਕਾਰ ਅੰਦਰ ਸਵਾਰ ਨੌਜਵਾਨਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਸੂਰਤ ਸਿੰਘ ਵਾਸੀ ਜੰਡਵਾਲਾ ਮੀਰਾ ਸਾਗਲਾ, ਥਾਣਾ ਬੌਦੀਵਾਲਾ ਜ਼ਿਲ੍ਹਾ ਫਾਜ਼ਿਲਕਾ ਤੇ ਅਲੋਕ ਪੁੱਤਰ ਭਰਤ ਲਾਲ ਵਾਸੀ ਬੰਡਾ ਰਾਮਪੁਰ, ਜ਼ਿਲ੍ਹਾ ਪ੍ਰਤਾਪਗੜ੍ਹ, ਉੱਤਰ ਪ੍ਰਦੇਸ਼ ਹਾਲ ਵਾਸੀ ਮਕਾਨ ਨੰਬਰ 2200/1, ਮਲੋਈਆ, ਚੰਡੀਗੜ੍ਹ ਵਜੋਂ ਹੋਈ ਹੈ। ਪੁਲਿਸ ਪਾਰਟੀ ਵੱਲੋਂ ਕਾਰ ਤੇ ਉਕਤ ਨੌਜਵਾਨਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ’ਚੋਂ 1 ਕਿੱਲੋ 500 ਗ੍ਰਾਮ ਹੈਰੋਇਨ ਤੇ 3 ਲੱਖ 50 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਿਸ ਨੇ ਨਸ਼ੀਲੇ ਪਦਾਰਥ ਤੇ ਡਰੱਗ ਮਨੀ ਨੂੰ ਕਬਜ਼ੇ ’ਚ ਲੈ ਕੇ ਦੋਵਾਂ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਗੱਡੀ ਜ਼ਬਤ ਕਰ ਲਈ ਤੇ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।