‘ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ, ਦੋਵੇਂ ਹੀ ਖ਼ਤਰਨਾਕ ਹਨ’ ‘ਵਨਨੈੱਸ ਵਨ-ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ, ਦੋਨੋ ਹੀ ਹਾਨੀਕਾਰਕ ਹਨ’
Publish Date: Sun, 23 Aug 2026 06:06 PM (IST)
Updated Date: Sun, 23 Aug 2026 06:06 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਵਾਤਾਵਰਨ ਵਿਚ ਸ਼ੁੱਧਤਾ ਤੇ ਸੰਤੁਲਨ ਬਣਾਈ ਰੱਖਣ ਦੀ ਸੋਚ ਦੇ ਨਾਲ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਫ਼ਿਰੋਜ਼ਪੁਰ ਦੇ ਸ਼ਰਧਾਲੂਆਂ ਵੱਲੋਂ ਵਨਨੈੱਸ ਵਨ ਮੁਹਿੰਮ ਅਧੀਨ ਹਾਊਸਿੰਗ ਬੋਰਡ ਫ਼ਿਰੋਜ਼ਪੁਰ ਵਿਖੇ ਨਵੇਂ ਬੂਟੇ ਲਗਾਏ ਗਏ। ਇਸਦੇ ਨਾਲ ਹੀ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦਾ ‘‘ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ, ਦੋਵੇਂ ਹੀ ਖ਼ਤਰਨਾਕ ਹਨ’’ ਦਾ ਰੂਹਾਨੀ ਸੰਦੇਸ਼ ਦਿੱਤਾ ਗਿਆ। ਜਿੱਥੇ ਅਧਿਆਤਮਿਕਤਾ ਇਨਸਾਨ ਨੂੰ ਨਕਾਰਾਤਮਕ ਸੋਚ ਦੇ ਪ੍ਰਦੂਸ਼ਣ ਤੋਂ ਮੁਕਤ ਕਰਦੀ ਹੈ ਉਥੇ ਹੀ ਅਜਿਹੇ ਵਿਵੇਕੀ ਪੁਰਸ਼ ਕੁਦਰਤ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਸਮਝਦੇ ਹੋਏ ਉਸਦੇ ਅਸਲ ਰੂਪ ਨੂੰ ਕਾਇਮ ਰੱਖਣ ਲਈ ਯਤਨਸ਼ੀਲ ਰਹਿੰਦੇ ਹਨ । ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਜ਼ੋਨ ਫ਼ਿਰੋਜ਼ਪੁਰ ਦੇ ਜ਼ੋਨਲ ਇੰਚਾਰਜ ਐੱਨਐੱਸ ਗਿੱਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਾਵਨ ਆਸ਼ੀਰਵਾਦ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਅਗਸਤ 2021 ਵਿੱਚ ਹੋਈ ਸੀ। ਇਹ ਵਿਲੱਖਣ ਪਹਿਲਕਦਮੀ ਦਾ ਮਨੋਰਥ ਸਿਰਫ਼ ਰੁੱਖ ਲਗਾਉਣਾ ਹੀ ਨਹੀਂ, ਸਗੋਂ ਕੁਦਰਤ ਨਾਲ ਰੂਹਾਨੀ ਸਾਂਝ ਨੂੰ ਮੁੜ ਸੁਰਜੀਤ ਕਰਨਾ ਹੈ। ਇਸ ਮੁਹਿੰਮ ਮੌਕੇ ਕੈਂਟ ਬ੍ਰਾਂਚ ਦੇ ਇੰਚਾਰਜ਼ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਫ਼ਿਰੋਜ਼ਪੁਰ ਦੇ ਸ਼ਰਧਾਲੂਆਂ ਵੱਲੋਂ ਹਾਊਸਿੰਗ ਬੋਰਡ ਵਿਖੇ ਬੂਟੇ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਬਾਰਸ਼ ਦੇ ਮੌਸਮ ਕਾਰਨ ਇੱਥੇ ਘਾਹ ਫੂਸ ਬਹੁਤ ਜ਼ਿਆਦਾ ਹੋ ਚੁੱਕਾ ਸੀ ਇਸ ਲਈ ਇਸ ਜਗ੍ਹਾ ਤੇ ਸਫ਼ਾਈ ਅਭਿਆਨ ਵੀ ਚਲਾਇਆ ਗਿਆ। ਇਸ ਰੁੱਖ ਲਗਾਓ ਮੁਹਿੰਮ ਅਧੀਨ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਹੁਣ ਤੱਕ ਲਗਭਗ 350 ਮਿੰਨੀ ਜੰਗਲ (ਰੁੱਖ-ਸਮੂਹ) ਸਥਾਪਿਤ ਕੀਤੇ ਜਾ ਚੁੱਕੇ ਹਨ, ਜਦੋਂ ਕਿ 600 ਤੋਂ ਵੱਧ ‘ਵਨਨੈੱਸ ਵਨ’ ਸਥਾਨਾਂ ’ਤੇ ਸ਼ਰਧਾਲੂ ਅਤੇ ਸੇਵਾਦਾਰ ਪੂਰਨ ਸਮਰਪਣ ਭਾਵ ਨਾਲ ਇਨ੍ਹਾਂ ਰੁੱਖਾਂ ਦੀ ਸੰਭਾਲ ਅਤੇ ਪਾਲਣਾ ਕਰ ਰਹੇ ਹਨ। ਇਹ ਮੁਹਿੰਮ ਸਿਰਫ਼ ਰੁੱਖ ਲਗਾਉਣ ਤੱਕ ਸੀਮਤ ਨਹੀਂ ਹੈ, ਸਗੋਂ ਸਮਾਜ ਵਿੱਚ ਕੁਦਰਤ ਪ੍ਰਤੀ ਜਾਗਰੂਕਤਾ, ਸੰਵੇਦਨਸ਼ੀਲਤਾ, ਵਾਤਾਵਰਨ ਜ਼ਿੰਮੇਵਾਰੀ ਅਤੇ ਸਾਂਝੀ ਭਾਗੀਦਾਰੀ ਦੇ ਸੱਭਿਆਚਾਰ ਨੂੰ ਵੀ ਮਜ਼ਬੂਤ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਮੁਹਿੰਮ ਦੇਸ਼ ਭਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਸਮੇਤ 630 ਸਥਾਨਾਂ ’ਤੇ ਇੱਕੋ ਸਮੇਂ ਚਲਾਈ ਗਈ। ਇਸ ਮੌਕੇ ਮਿਸ਼ਨ ਦੇ ਲੱਖਾਂ ਸ਼ਰਧਾਲੂ ਅਤੇ ਸੇਵਾਦਾਰ ਸਮਰਪਿਤ ਭਾਵ ਨਾਲ ਹਿੱਸਾ ਲੈਂਦਿਆਂ ਲਗਭਗ 10 ਲੱਖ ਬੂਟੇ ਲਗਾਏ ਗਏ ਹਨ। ਇਸ ਮੁਹਿੰਮ ਦੀ ਖ਼ਾਸੀਅਤ ਇਹ ਹੈ ਕਿ ਮਿਸ਼ਨ ਸਿਰਫ਼ ਬੂਟੇ ਲਗਾਉਣ ਤੱਕ ਆਪਣੀ ਜ਼ਿੰਮੇਵਾਰੀ ਸੀਮਤ ਨਹੀਂ ਰੱਖਦਾ, ਸਗੋਂ ਉਹਨਾਂ ਦੇ ਰੁੱਖ ਬਣਨ ਤੱਕ ਲਗਾਤਾਰ ਦੇਖਭਾਲ ਕਰਨ ਦਾ ਸੰਕਲਪ ਵੀ ਨਿਭਾਉਂਦਾ ਹੈ। ਹਰੇਕ ਬੂਟੇ ਦੀ 3 ਤੋਂ 5 ਸਾਲਾਂ ਤੱਕ ਲਗਾਤਾਰ ਦੇਖਭਾਲ ਕੀਤੀ ਜਾਵੇਗੀ, ਤਾਂ ਜੋ ਉਹ ਵਿਕਸਿਤ ਹੋ ਕੇ ਘਣੇ ਛੋਟੇ ਜੰਗਲਾਂ ਦਾ ਰੂਪ ਲੈ ਸਕਣ, ਜੈਵਿਕ-ਵਿਭਿੰਨਤਾ ਨੂੰ ਅਮੀਰ ਬਣਾਉਣ, ਸਥਾਨਕ ਈਕੋ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਪ੍ਰਦਾਨ ਕਰ ਸਕਣ।