ਡੀਜੇ ਅਤੇ ਆਰਕੈਸਟਰਾ ਦੇ ਸ਼ੋਰ ਨੇ ਬਦਲਿਆ ਵਿਆਹਾਂ ਦਾ ਰੰਗ ਵਿਆਹਾਂ ਦੀ ਰੌਣਕ ਤੋਂ ਰਸਮਾਂ ਤੱਕ ਕਿੱਥੇ ਗੁਆਚ ਗਿਆ ਪੰਜਾਬੀ ਸੱਭਿਆਚਾਰ?
Publish Date: Sat, 03 Oct 2026 05:21 PM (IST)
Updated Date: Sat, 03 Oct 2026 05:22 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬੀ ਵਿਆਹ ਕਦੇ ਸਿਰਫ਼ ਦੋ ਦਿਲਾਂ ਜਾਂ ਦੋ ਪਰਿਵਾਰਾਂ ਦਾ ਮਿਲਾਪ ਨਹੀਂ ਹੁੰਦੇ ਸਨ, ਸਗੋਂ ਪੂਰੇ ਪਿੰਡ, ਮੁਹੱਲੇ ਅਤੇ ਰਿਸ਼ਤੇਦਾਰੀਆਂ ਨੂੰ ਇੱਕ ਸਾਂਝੀ ਖੁਸ਼ੀ ਦੇ ਧਾਗੇ ਵਿੱਚ ਪਰੋ ਦੇਣ ਵਾਲਾ ਸੱਭਿਆਚਾਰਕ ਤਿਉਹਾਰ ਹੁੰਦੇ ਸਨ। ਵਿਹੜਿਆਂ ਵਿੱਚ ਵੱਜਦੀ ਢੋਲਕ, ਤੂੰਬੀ ਦੀ ਟੁਣਕਾਰ, ਪੰਜਾਬੀ ਅਖਾੜਿਆਂ ਦੀ ਗੂੰਜ, ਲੋਕ-ਗੀਤਾਂ ਦੀ ਮਿਠਾਸ ਅਤੇ ਸਿਹਰੇ ਦੀ ਕਾਵਿਕ ਛੋਹ ਵਿਆਹ ਦੀ ਅਸਲ ਰੂਹ ਮੰਨੀ ਜਾਂਦੀ ਸੀ। ਸਮੇਂ ਦੀ ਰਫ਼ਤਾਰ ਨਾਲ ਹੁਣ ਇਹ ਰੰਗ ਹੌਲੀ-ਹੌਲੀ ਫਿੱਕੇ ਪੈ ਰਹੇ ਹਨ। ਕਦੇ ਵਿਆਹ ਦੇ ਦਿਨਾਂ ਵਿੱਚ ਗੁਆਂਢੀ ਆਪਣੇ ਘਰ ਦਾ ਕੰਮ ਛੱਡ ਕੇ ਵਿਆਹ ਵਾਲੇ ਘਰ ਦੀ ਸੇਵਾ ਵਿੱਚ ਜੁਟ ਜਾਂਦੇ ਸਨ। ਕੋਈ ਰਸੋਈ ਸੰਭਾਲਦਾ, ਕੋਈ ਮਹਿਮਾਨਾਂ ਦੀ ਆਓ-ਭਗਤ ਕਰਦਾ ਤੇ ਕੋਈ ਹੋਰ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦਾ। ਹਲਵਾਈ ਘਰ ਵਿੱਚ ਬੈਠ ਕੇ ਮਠਿਆਈਆਂ ਬਣਾਉਂਦੇ ਅਤੇ ਸਾਰਾ ਮੁਹੱਲਾ ਉਸ ਖੁਸ਼ੀ ਦਾ ਹਿੱਸਾ ਬਣਦਾ ਸੀ। ਬਰਾਤ ਦੇ ਰੋਟੀ ਖਾਣ ਤੱਕ ਲੜਕੀ ਵਾਲਿਆਂ ਵੱਲੋਂ ਰੋਟੀ ਨਾ ਖਾਣ ਦੀ ਰਵਾਇਤ ਵੀ ਮਹਿਮਾਨ-ਨਿਵਾਜ਼ੀ ਅਤੇ ਸਤਿਕਾਰ ਦੀ ਡੂੰਘੀ ਭਾਵਨਾ ਨੂੰ ਦਰਸਾਉਂਦੀ ਸੀ। ਸਿਹਰਾ ਤਾਂ ਵਿਆਹ ਦੀ ਇੱਕ ਅਜਿਹੀ ਰਵਾਇਤ ਸੀ, ਜਿਸ ਵਿੱਚ ਲੜਕੇ ਦੀ ਸ਼ਲਾਘਾ ਦੇ ਨਾਲ ਉਸਦੇ ਪਿਤਾ, ਮਾਤਾ, ਚਾਚੇ, ਮਾਸੀਆਂ, ਭੂਆ-ਫੁੱਫੜਾਂ ਅਤੇ ਹੋਰ ਸਾਕ-ਸਬੰਧੀਆਂ ਦੀ ਜਾਣ-ਪਛਾਣ ਵੀ ਕਰਵਾਈ ਜਾਂਦੀ ਸੀ। ਨਵੀਂ ਜੋੜੀ ਨੂੰ ਅਸੀਸਾਂ ਦਿੱਤੀਆਂ ਜਾਂਦੀਆਂ ਅਤੇ ਲੜਕੀ ਨੂੰ ਨਵੇਂ ਪਰਿਵਾਰ ਨਾਲ ਪਿਆਰ, ਸਤਿਕਾਰ ਅਤੇ ਸੇਵਾ ਦੀਆਂ ਸਿੱਖਿਆਵਾਂ ਦਿੱਤੀਆਂ ਜਾਂਦੀਆਂ। ਇਹ ਸਿਰਫ਼ ਰਸਮ ਨਹੀਂ, ਸਗੋਂ ਪਰਿਵਾਰਕ ਜੀਵਨ ਦੀਆਂ ਕਦਰਾਂ-ਕੀਮਤਾਂ ਦਾ ਮੌਖਿਕ ਪਾਠ ਹੁੰਦਾ ਸੀ। ਅੱਜ ਘਰਾਂ ਦੇ ਵਿਹੜਿਆਂ ਦੀ ਥਾਂ ਵੱਡੇ ਪੈਲਸਾਂ ਨੇ ਲੈ ਲਈ ਹੈ। ਰਿਸ਼ਤੇਦਾਰ ਵੀ ਕਈ ਵਾਰ ਵਿਆਹ ਦੇ ਸਮਾਗਮ ਤੱਕ ਹੀ ਸੀਮਤ ਰਹਿ ਜਾਂਦੇ ਹਨ। ਡੀਜੇ ਅਤੇ ਆਰਕੈਸਟਰਾ ਦੀ ਉੱਚੀ ਆਵਾਜ਼ ਵਿੱਚ ਤੂੰਬੀ, ਢੋਲਕ, ਲੋਕ-ਗੀਤ ਅਤੇ ਅਖਾੜਿਆਂ ਦੇ ਸੁਰ ਕਿਤੇ ਪਿੱਛੇ ਛੁੱਟਦੇ ਜਾ ਰਹੇ ਹਨ। ਆਧੁਨਿਕਤਾ ਆਪਣੇ ਨਾਲ ਸਹੂਲਤਾਂ ਲੈ ਕੇ ਆਈ ਹੈ, ਪਰ ਸਵਾਲ ਇਹ ਹੈ ਕਿ ਕਿਤੇ ਇਸ ਦੌੜ ਵਿੱਚ ਪੰਜਾਬੀ ਵਿਆਹ ਦੀ ਉਹ ਰੂਹ ਤਾਂ ਨਹੀਂ ਗੁਆਚ ਰਹੀ, ਜਿਸ ਨਾਲ ਸਾਡੀ ਪਛਾਣ ਜੁੜੀ ਹੋਈ ਸੀ? ਪਹਿਲਾਂ ਵਿਆਹ ਇੱਕ ਘਰ ਦਾ ਨਹੀਂ, ਪੂਰੇ ਪਿੰਡ ਦਾ ਤਿਉਹਾਰ ਹੁੰਦਾ ਸੀ : ਜਰਨੈਲ ਭੁੱਲਰ ਸਮਾਜ ਸੇਵੀ ਜਰਨੈਲ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪਹਿਲਾਂ ਵਿਆਹ ਦੀ ਖੁਸ਼ੀ ਕਿਸੇ ਇੱਕ ਘਰ ਦੀ ਚਾਰਦੀਵਾਰੀ ਤੱਕ ਸੀਮਤ ਨਹੀਂ ਰਹਿੰਦੀ ਸੀ, ਸਗੋਂ ਸਾਰਾ ਪਿੰਡ ਉਸ ਖੁਸ਼ੀ ਵਿੱਚ ਸ਼ਾਮਲ ਹੁੰਦਾ ਸੀ। ਸਿਹਰੇ, ਲੋਕ-ਗੀਤ ਅਤੇ ਪੰਜਾਬੀ ਅਖਾੜੇ ਵਿਆਹ ਦੀ ਰੂਹ ਮੰਨੇ ਜਾਂਦੇ ਸਨ। ਅੱਜ ਸਹੂਲਤਾਂ ਅਤੇ ਸਾਧਨ ਬੇਸ਼ੁਮਾਰ ਹਨ, ਪਰ ਆਪਸੀ ਮਿਲਵਰਤਣ ਅਤੇ ਆਪਣਾਪਣ ਵਿੱਚ ਕਮੀ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕਤਾ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ, ਪਰ ਆਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਨਹੀਂ ਚਾਹੀਦਾ। ਨਵੀਂ ਪੀੜ੍ਹੀ ਨੂੰ ਵਿਆਹ ਦੀਆਂ ਰਸਮਾਂ ਦੇ ਨਾਲ ਆਪਣੇ ਵਿਰਸੇ ਅਤੇ ਸੱਭਿਆਚਾਰ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਉਣਾ ਚਾਹੀਦਾ ਹੈ। ....................................... ਅੱਜ ਦੇ ਵਿਆਹ ਸਮਾਗਮਾਂ ’ਚ ਮਨੁੱਖੀ ਨੇੜਤਾ ਘਟੀ : ਪ੍ਰੀਤਮ ਸਿੰਘ ਸਮਾਜ ਸੇਵੀ ਪ੍ਰੀਤਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਮੇਂ ਵਿਆਹ ਕਿਸੇ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਹੁੰਦਾ ਸੀ। ਗੁਆਂਢੀ ਅਤੇ ਰਿਸ਼ਤੇਦਾਰ ਕਈ ਦਿਨ ਪਹਿਲਾਂ ਹੀ ਮਦਦ ਲਈ ਪਹੁੰਚ ਜਾਂਦੇ ਸਨ। ਘਰ ਵਿੱਚ ਹਲਵਾਈ ਬੈਠਦਾ, ਮਠਿਆਈਆਂ ਬਣਦੀਆਂ ਅਤੇ ਹਰ ਕੰਮ ਵਿੱਚ ਆਪਣਾਪਣ ਰਚਿਆ ਹੁੰਦਾ ਸੀ। ਅੱਜ ਵਿਆਹਾਂ ਦੀ ਸ਼ਾਨੋ-ਸ਼ੌਕਤ ਕਈ ਗੁਣਾ ਵਧ ਗਈ ਹੈ, ਪਰ ਕਈ ਥਾਵਾਂ ’ਤੇ ਮਨੁੱਖੀ ਨੇੜਤਾ ਘਟੀ ਮਹਿਸੂਸ ਹੁੰਦੀ ਹੈ। ਉਨ੍ਹਾਂ ਆਖਿਆ ਕਿ ਪੈਸਾ, ਦਿਖਾਵਾ ਅਤੇ ਵੱਡੇ ਸਮਾਗਮ ਆਪਣੀ ਥਾਂ ਹਨ, ਪਰ ਇਹ ਪਰਿਵਾਰਕ ਸਾਂਝ ਅਤੇ ਰਿਸ਼ਤਿਆਂ ਦੀ ਗਰਮਾਹਟ ਦੀ ਥਾਂ ਨਹੀਂ ਲੈ ਸਕਦੇ। ....................................... ਡੀਜੇ-ਆਰਕੈਸਟਰਾ ਦੇ ਸ਼ੋਰ ਨੇ ਲੋਕ-ਸੁਰ ਦੱਬੇ : ਕੁਲਭੂਸ਼ਨ ਸ਼ਰਮਾ ਸਮਾਜ ਸੇਵੀ ਕੁਲਭੂਸ਼ਨ ਸ਼ਰਮਾ ਨੇ ਆਖਿਆ ਕਿ ਸਿਹਰਾ ਸਿਰਫ਼ ਕੁਝ ਸ਼ਬਦਾਂ ਦਾ ਗਾਇਨ ਨਹੀਂ ਸੀ, ਬਲਕਿ ਇਸ ਵਿੱਚ ਪੰਜਾਬੀ ਕਾਵਿ-ਪਰੰਪਰਾ, ਪਰਿਵਾਰਕ ਪਿਆਰ ਅਤੇ ਵੱਡਿਆਂ ਦੀਆਂ ਅਸੀਸਾਂ ਸਮਾਈਆਂ ਹੁੰਦੀਆਂ ਸਨ। ਤੂੰਬੀ ਦੀ ਟੁਣਕਾਰ ਅਤੇ ਅਖਾੜਿਆਂ ਦੀ ਗੂੰਜ ਵਿਆਹ ਦੇ ਮਾਹੌਲ ਵਿੱਚ ਲੋਕ-ਰੰਗ ਭਰ ਦਿੰਦੀ ਸੀ। ਅੱਜ ਡੀਜੇ ਅਤੇ ਆਰਕੈਸਟਰਾ ਦੇ ਸ਼ੋਰ ਵਿੱਚ ਇਹ ਲੋਕ-ਸੁਰ ਕਿਤੇ ਦੱਬ ਗਏ ਹਨ। ਉਨ੍ਹਾਂ ਕਿਹਾ ਕਿ ਨਵੀਂ ਤਕਨੀਕ ਨੂੰ ਨਕਾਰਨ ਦੀ ਲੋੜ ਨਹੀਂ, ਪਰ ਆਧੁਨਿਕਤਾ ਦੇ ਨਾਲ ਆਪਣੇ ਲੋਕ-ਵਿਰਸੇ ਲਈ ਵੀ ਥਾਂ ਬਣਾਉਣੀ ਚਾਹੀਦੀ ਹੈ। ਪਰੰਪਰਾ ਅਤੇ ਆਧੁਨਿਕਤਾ ਦਾ ਸੁਮੇਲ ਹੀ ਸੱਭਿਆਚਾਰਕ ਪਛਾਣ ਨੂੰ ਜਿਊਂਦਾ ਰੱਖ ਸਕਦਾ ਹੈ। ....................................... ਮਹਿਮਾਨ-ਨਿਵਾਜ਼ੀ ’ਚੋ ਅਪਣਾਪਨ ਹੋਇਆ ਖ਼ਤਮ : ਅੰਗਰੇਜ਼ ਅਟਵਾਲ ਸਮਾਜ ਸੇਵੀ ਅੰਗਰੇਜ਼ ਸਿੰਘ ਅਟਵਾਲ ਨੇ ਕਿਹਾ ਕਿ ਬਰਾਤ ਦੀ ਰੋਟੀ ਨਾਲ ਜੁੜੀ ਪੁਰਾਣੀ ਰਵਾਇਤ ਵਿੱਚ ਮਹਿਮਾਨ-ਨਿਵਾਜ਼ੀ ਦਾ ਡੂੰਘਾ ਸੰਦੇਸ਼ ਲੁਕਿਆ ਹੋਇਆ ਸੀ। ਬਰਾਤ ਦੇ ਖਾਣਾ ਖਾਣ ਤੋਂ ਬਾਅਦ ਹੀ ਲੜਕੀ ਵਾਲੇ ਰੋਟੀ ਖਾਂਦੇ ਸਨ। ਇਹ ਰਵਾਇਤ ਮਹਿਮਾਨਾਂ ਪ੍ਰਤੀ ਸਤਿਕਾਰ, ਸਾਂਝ ਅਤੇ ਜ਼ਿੰਮੇਵਾਰੀ ਦੀ ਭਾਵਨਾ ਦਾ ਪ੍ਰਤੀਕ ਸੀ। ਉਨ੍ਹਾਂ ਕਿਹਾ ਕਿ ਪੈਲਸਾਂ ਨੇ ਸਹੂਲਤਾਂ ਜ਼ਰੂਰ ਵਧਾਈਆਂ ਹਨ, ਪਰ ਘਰਾਂ ਦੇ ਵਿਹੜਿਆਂ ਵਾਲੀ ਨੇੜਤਾ ਕਈ ਥਾਵਾਂ ’ਤੇ ਘੱਟ ਹੋਈ ਹੈ। ਜੇ ਵਿਆਹਾਂ ਦੀ ਚਮਕ-ਦਮਕ ਦੇ ਨਾਲ ਸਾਦਗੀ, ਸਾਂਝ ਅਤੇ ਪੰਜਾਬੀ ਲੋਕ-ਰੰਗ ਵੀ ਵਾਪਸ ਆ ਜਾਵੇ ਤਾਂ ਵਿਰਸੇ ਦੀ ਇਹ ਡੋਰ ਅਗਲੀ ਪੀੜ੍ਹੀ ਤੱਕ ਮਜ਼ਬੂਤੀ ਨਾਲ ਪਹੁੰਚਾਈ ਜਾ ਸਕਦੀ ਹੈ। ..................................... ਸਾਦਗੀ ’ਚ ਵੱਸਦੀ ਸੀ ਵਿਆਹ ਦੀ ਅਸਲ ਖੁਸ਼ੀ : ਕ੍ਰਿਸ਼ਨ ਹਾਂਡਾ ਸਮਾਜ ਸੇਵੀ ਕ੍ਰਿਸ਼ਨ ਹਾਂਡਾ ਨੇ ਕਿਹਾ ਕਿ ਪਹਿਲਾਂ ਵਿਆਹਾਂ ਵਿੱਚ ਖੁਸ਼ੀ ਦਿਖਾਵੇ ਨਾਲ ਨਹੀਂ, ਸਾਂਝ ਨਾਲ ਮਾਪੀ ਜਾਂਦੀ ਸੀ। ਘਰ ਦਾ ਵਿਹੜਾ ਹੀ ਸਮਾਗਮ ਦਾ ਕੇਂਦਰ ਹੁੰਦਾ ਅਤੇ ਰਿਸ਼ਤੇਦਾਰ ਕਈ ਦਿਨ ਪਹਿਲਾਂ ਆ ਕੇ ਤਿਆਰੀਆਂ ਵਿੱਚ ਹੱਥ ਵਟਾਉਂਦੇ ਸਨ। ਔਰਤਾਂ ਦੇ ਲੋਕ-ਗੀਤ, ਢੋਲਕ ਦੀ ਥਾਪ ਅਤੇ ਬੱਚਿਆਂ ਦੀਆਂ ਖੇਡਾਂ ਵਿਆਹ ਨੂੰ ਯਾਦਗਾਰ ਬਣਾਉਂਦੀਆਂ ਸਨ। ਅੱਜ ਸਹੂਲਤਾਂ ਵਧੀਆਂ ਹਨ, ਪਰ ਉਹ ਸਾਦਗੀ ਅਤੇ ਆਪਣਾਪਣ ਘੱਟਦਾ ਜਾ ਰਿਹਾ ਹੈ। ਸਾਨੂੰ ਨਵੀਂ ਪੀੜ੍ਹੀ ਨੂੰ ਵਿਰਸੇ ਦੀਆਂ ਇਨ੍ਹਾਂ ਸਾਦੀਆਂ ਖੁਸ਼ੀਆਂ ਨਾਲ ਜੋੜਨਾ ਚਾਹੀਦਾ ਹੈ। ....................................... ਲੋਕ-ਗੀਤਾਂ ’ਚ ਝਲਕਦਾ ਸੀ ਸੱਭਿਆਚਾਰ : ਜਸਵਿੰਦਰ ਖ਼ਾਲਸਾ ਸਮਾਜ ਸੇਵੀ ਜਸਵਿੰਦਰ ਸਿੰਘ ਖਾਲਸਾ ਨੇ ਆਖਿਆ ਕਿ ਪੰਜਾਬੀ ਵਿਆਹਾਂ ਦੀ ਖੂਬਸੂਰਤੀ ਉਨ੍ਹਾਂ ਦੀਆਂ ਰਸਮਾਂ ਅਤੇ ਲੋਕ-ਗੀਤਾਂ ਵਿੱਚ ਵੱਸਦੀ ਸੀ। ਸੁਹਾਗ, ਘੋੜੀਆਂ, ਸਿੱਠਣੀਆਂ ਅਤੇ ਵਿਆਹ ਨਾਲ ਜੁੜੇ ਗੀਤ ਸਿਰਫ਼ ਮਨੋਰੰਜਨ ਨਹੀਂ ਸਨ, ਸਗੋਂ ਪੀੜ੍ਹੀ-ਦਰ-ਪੀੜ੍ਹੀ ਚੱਲਦੇ ਸੱਭਿਆਚਾਰਕ ਗਿਆਨ ਦਾ ਖਜ਼ਾਨਾ ਸਨ। ਅੱਜ ਉੱਚੇ ਸੰਗੀਤਕ ਸ਼ੋਰ ਨੇ ਇਨ੍ਹਾਂ ਮਿੱਠੀਆਂ ਆਵਾਜ਼ਾਂ ਨੂੰ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਆਹਾਂ ਵਿੱਚ ਆਧੁਨਿਕ ਸਹੂਲਤਾਂ ਰਹਿਣ, ਪਰ ਘੱਟੋ-ਘੱਟ ਕੁਝ ਸਮਾਂ ਲੋਕ-ਗੀਤਾਂ, ਢੋਲਕ ਅਤੇ ਪੰਜਾਬੀ ਰਸਮਾਂ ਲਈ ਵੀ ਰੱਖਿਆ ਜਾਵੇ ਤਾਂ ਸਾਡਾ ਵਿਰਸਾ ਜੀਵੰਤ ਰਹੇਗਾ।