ਕਿਸਾਨਾਂ ਨਾਲ ਲੁੱਟ-ਖਸੁੱਟ ਬਰਦਾਸ਼ਤ ਨਹੀਂ : ਘੋੜੇਚੱਕ ਅੰਨਦਾਤਾ ਦੇ ਹੱਕਾਂ ’ਤੇ ਡਾਕੇ ਦਾ ਕਰਾਂਗੇ ਸਖ਼ਤ ਵਿਰੋਧ, ਕਿਸਾਨਾਂ ਨਾਲ ਲੁੱਟ-ਖਸੁੱਟ ਬਰਦਾਸ਼ਤ ਨਹੀਂ: ਘੋੜੇਚੱਕ
Publish Date: Fri, 09 Oct 2026 04:46 PM (IST)
Updated Date: Fri, 09 Oct 2026 04:47 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਪੰਜਾਬ ਕਮੇਟੀ ਮੈਂਬਰ ਨੰਬਰਦਾਰ ਗੁਰਮੀਤ ਸਿੰਘ ਘੋੜੇਚੱਕ ਦੀ ਅਗਵਾਈ ਹੇਠ ਏ.ਡੀ.ਸੀ. ਫ਼ਿਰੋਜ਼ਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਆਗੂਆਂ ਨੇ ਦੋਸ਼ ਲਾਇਆ ਕਿ ਮੰਡੀਆਂ ਵਿੱਚ ਬੀਜਾਂ ਅਤੇ ਫਸਲਾਂ ਦੇ ਨਾਂ ’ਤੇ ਕਿਸਾਨਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ, ਜਿਸ ਵਿੱਚ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਰਕਾਰ ਨਾਲ ਮਿਲੀਭੁਗਤ ਸਾਫ਼ ਨਜ਼ਰ ਆ ਰਹੀ ਹੈ। ਕਿਸਾਨ ਆਗੂਆਂ ਨੇ ਆਖਿਆ ਕਿ ਸਰਕਾਰਾਂ ਇੱਕ ਪਾਸੇ ਕਿਸਾਨਾਂ ਨੂੰ ਅੰਨਦਾਤਾ ਕਹਿੰਦੀਆਂ ਹਨ, ਪਰ ਦੂਜੇ ਪਾਸੇ ਜਦੋਂ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫਸਲ ਮੰਡੀਆਂ ਵਿੱਚ ਆਉਂਦੀ ਹੈ ਤਾਂ ਵਪਾਰੀ ਅਤੇ ਸੈੱਲਰ ਮਾਲਕ ਕਿਸੇ ਨਾ ਕਿਸੇ ਬਹਾਨੇ ਕੱਟ ਲਗਾ ਕੇ ਲੁੱਟਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋ ਝੋਨੇ ਦਾ ਬੀਜ ਵਿਕਿਆ, ਉਹ ਸਰਕਾਰ ਦੀ ਦੇਖ-ਰੇਖ ਹੇਠ ਵਿਕਿਆ ਸੀ ਅਤੇ ਕਿਸਾਨਾਂ ਨੇ ਇਸ ਦਾ ਪੂਰਾ ਟੈਕਸ ਦੇ ਕੇ ਮਹਿੰਗੇ ਭਾਅ ’ਤੇ ਖਰੀਦਿਆ ਸੀ। ਇਸ ਦੇ ਬਾਵਜੂਦ ਖਰੀਦ ਏਜੰਸੀਆਂ ਦੇ ਇੰਸਪੈਕਟਰ ਚੁੱਪ ਧਾਰੀ ਬੈਠੇ ਹਨ ਅਤੇ ਖਰੀਦ ਤੇ ਲਿਫਟਿੰਗ ਵਿੱਚ ਨਾਕਾਮ ਸਿੱਧ ਹੋ ਰਹੇ ਹਨ। ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੰਡੀ ਅਧਿਕਾਰੀ ਅਤੇ ਸਰਕਾਰ ਹਰ ਸੀਜ਼ਨ ਵਿੱਚ ਫੇਲ੍ਹ ਸਾਬਤ ਹੁੰਦੇ ਹਨ। ਨਾ ਤਾਂ ਮੰਡੀਆਂ ਵਿੱਚ ਬਾਰਦਾਨੇ ਦਾ ਯੋਗ ਪ੍ਰਬੰਧ ਹੁੰਦਾ ਹੈ ਅਤੇ ਨਾ ਹੀ ਸਮੇਂ ਸਿਰ ਮੰਡੀਆਂ ਖਾਲੀ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਦੋ ਸਾਲ ਪਹਿਲਾਂ ਵੀ ਸੈੱਲਰ ਮਾਲਕਾਂ ਅਤੇ ਆੜ੍ਹਤੀਆਂ ਨੇ ਮਿਲ ਕੇ ਕਿਸਾਨਾਂ ਦੀ ਕਰੋੜਾਂ ਰੁਪਏ ਦੀ ਲੁੱਟ ਕੀਤੀ ਸੀ। ਇਸ ਵਾਰ ਲੁਧਿਆਣਾ ਯੂਨੀਵਰਸਿਟੀ ਵੱਲੋਂ ਵੀ ਗਲਤ ਬੀਜ ਦੇ ਕੇ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਕੀਤਾ ਗਿਆ ਹੈ, ਜਿਸ ਨੂੰ ਜਥੇਬੰਦੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਇਸ ਮੰਗ ਪੱਤਰ ਸੌਂਪਣ ਵੇਲੇ ਮਮਦੋਟ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਸਵਾਈ, ਮਬੋਕੇ ਦੇ ਇਕਾਈ ਪ੍ਰਧਾਨ ਕਿਦਾਰਾ ਸਿੰਘ, ਮੀਤ ਪ੍ਰਧਾਨ ਕਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਵਰਕਰ ਮੌਜੂਦ ਸਨ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅੰਨਦਾਤਾ ਦੀ ਲੁੱਟ ਤੁਰੰਤ ਨਾ ਰੋਕੀ ਗਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।