ਸੈਨੇਟ ਚੋਣਾਂ ’ਚ ‘ਪੜ੍ਹੇ-ਲਿਖੇ’ ਵੋਟਰਾਂ ਦੀਆਂ ਬੂਥਾਂ ’ਤੇ ਲੱਗੀਆਂ ਰੌਣਕਾਂ ਸੈਨੇਟ ਚੋਣਾਂ ’ਚ ‘ਪੜ੍ਹੇ-ਲਿਖੇ’ ਵੋਟਰਾਂ ਦੀਆਂ ਬੂਥਾਂ ’ਤੇ ਲੱਗੀਆਂ ਰੌਣਕਾਂ
Publish Date: Sun, 20 Sep 2026 07:17 PM (IST)
Updated Date: Sun, 20 Sep 2026 07:20 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਨੂੰ ਲੈ ਕੇ ਐਤਵਾਰ ਨੂੰ ਰਜਿਸਟਰਡ ਗ੍ਰੈਜੂਏਟ ਵੋਟਰਾਂ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ। ਪੰਜਾਬ ਸਮੇਤ ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਬਣੇ ਪੋਲਿੰਗ ਬੂਥਾਂ ’ਤੇ ਸਵੇਰ ਤੋਂ ਹੀ ਵੋਟਰਾਂ ਦੀ ਆਮਦ ਸ਼ੁਰੂ ਹੋ ਗਈ ਸੀ। ਕਈ ਥਾਵਾਂ ’ਤੇ ਵੋਟਰ ਕਤਾਰਾਂ ਵਿੱਚ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆਏ। ਰਜਿਸਟਰਡ ਗ੍ਰੈਜੂਏਟ ਹਲਕੇ ਦੀਆਂ 15 ਆਮ ਫੈਲੋ ਸੀਟਾਂ ਲਈ 51 ਉਮੀਦਵਾਰ ਚੋਣ ਮੈਦਾਨ ਵਿੱਚ ਹਨ।ਚੋਣਾਂ ਦੌਰਾਨ ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਪੜ੍ਹੇ-ਲਿਖੇ ਵੋਟਰਾਂ ਦਾ ਉਤਸ਼ਾਹ ਰਿਹਾ। ਕਈ ਵੋਟਰ ਖੁਸ਼ੀ-ਖੁਸ਼ੀ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਪੁੱਜੇ, ਜਦਕਿ ਕੁਝ ਥਾਵਾਂ ’ਤੇ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਵੋਟਰਾਂ ਨੂੰ ਬੂਥਾਂ ਤੱਕ ਲਿਆਉਣ ਲਈ ਖਾਸ ਸਰਗਰਮੀ ਨਜ਼ਰ ਆਈ । ਰੂਪ ਕਮਲ ਚਾਵਲਾ ਅਤੇ ਐਡਵੋਕੇਟ ਸਾਹਿਬ ਸਿੰਘ ਮੱਲ ਸਮੇਤ ਕੁੱਝ ਸਥਾਨਕ ਉਮੀਦਵਾਰਾਂ ਦੇ ਬੂਥਾਂ ’ਤੇ ਦਿਨ ਭਰ ਚਹਿਲ-ਪਹਿਲ ਬਣੀ ਰਹੀ ਅਤੇ ਸਮਰਥਕ ਵੋਟਰਾਂ ਨਾਲ ਸੰਪਰਕ ਕਰਦੇ ਨਜ਼ਰ ਆਏ। ਇਸ ਤੋਂ ਇਲਾਵਾ ਸੱਥ ਦੇ ਉਮੀਦਵਾਰ ਅਤੇ ਪੁਰਾਣੇ ਸੈਨੇਟਰਾਂ ਦੇ ਪੱਕੇ ਜਥੇਬੰਦਕ ਸਮੱਰਥਕ ਵੀ ਵੋਟਾਂ ਪਵਾਂੳਦੇ ਵੇਖੇ ਗਏ। ਇਸ ਚੋਣ ਵਿੱਚ ਸਿਰਫ਼ ਆਮ ਵੋਟਰ ਹੀ ਨਹੀਂ, ਸਗੋਂ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਜੁੜੇ ਮੁਲਾਜ਼ਮ ਵੀ ਆਪਣੇ ਜਾਣ-ਪਛਾਣ ਵਾਲੇ ਉਮੀਦਵਾਰਾਂ ਦੇ ਹੱਕ ਵਿੱਚ ਸਰਗਰਮ ਨਜ਼ਰ ਆਏ। ਪੰਜਾਬ ਯੂਨੀਵਰਸਿਟੀ ਦੀ ਸੈਨੇਟ ਯੂਨੀਵਰਸਿਟੀ ਦੇ ਪ੍ਰਬੰਧਕੀ ਢਾਂਚੇ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਚੋਣ ਪ੍ਰਕਿਰਿਆ ਵੱਖ-ਵੱਖ ਹਲਕਿਆਂ ਵਿੱਚ ਕਈ ਪੜਾਵਾਂ ਅਧੀਨ ਕਰਵਾਈ ਜਾ ਰਹੀ ਹੈ। ਰਜਿਸਟਰਡ ਗ੍ਰੈਜੂਏਟ ਹਲਕੇ ਦੀ ਵੋਟਿੰਗ ਤੋਂ ਬਾਅਦ ਨਿਰਧਾਰਤ ਪ੍ਰਕਿਰਿਆ ਅਨੁਸਾਰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਫਿਰੋਜ਼ਪੁਰ ਦੇ 9 ਬੂਥਾਂ ’ਤੇ ਪਈਆਂ 2950 ਵੋਟਾਂ ਪੰਜਾਬ ਯੂਨੀਵਰਸਟੀ ਸੈਨੇਟ ਚੋਣਾਂ ਲਈ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿੱਚ ਤਿੰਨ ਸਥਾਨਾਂ ’ਤੇ ਬਣੇ 9 ਬੂਥਾਂ ਵਿੱਚ ਕੁੱਲ 2950 ਵੋਟਾਂ ਪਈਆਂ । ਇੰਨ੍ਹਾਂ ਵਿੱਚੋਂ ਸਥਾਨਕ ਦੇਵ ਸਮਾਜ ਕਾਲਜ ਫਾਰ ਵੂਮੈਨ ਦੇ ਚਾਰ ਬੂਥਾਂ ’ਤੇ 1333, ਡੀਸੀਐਮ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਕੈਂਟ ਦੇ ਤਿੰਨ ਬੂਥਾਂ ’ਤੇ 883 ਵੋਟਾਂ ਪਈਆਂ ਜਦਕਿ ਸਥਾਨਕ ਆਰਐਸਡੀ ਕਾਲਜ਼ ਦੇ ਦੋ ਬੂਥਾਂ ’ਤੇ 734 ਵੋਟਾਂ ਪਈਆਂ। ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਦੇ ਦੋਸ਼ਾਂ ਕਾਰਨ ਮਜਬੂਰਨ ਬੂਥਾਂ ’ਤੇ ਨਜ਼ਰ ਆਏ ਕੁੱਝ ਮੁਲਾਜ਼ਮ ਇਸ ਵਾਰ ਦੀਆਂ ਸੈਨੇਟ ਚੋਣਾਂ ’ਚ ਕੁੱਝ ਸਰਕਾਰੀ ਅਧਿਕਾਰੀਆਂ ਵੱਲੋਂ ਸਿੱਧੇ ਤੇ ਅਸਿੱਧੇ ਤੌਰ ’ਤੇ ਚੋਣਾਂ ’ਚ ਹੋਣ ਕਾਰਣ ਕਾਫੀ ‘ਕੰਟਰੋਵਰਸੀ’ ਰਹੀ ਹੈ। ਸੈਨੇਟ ਚੋਣਾਂ ਤੋਂ ਪਹਿਲਾਂ ਸਰਕਾਰੀ ਅਹੁਦਿਆਂ ਅਤੇ ਵਿਭਾਗੀ ਪ੍ਰਭਾਵ ਦੀ ਕਥਿਤ ਦੁਰਵਰਤੋਂ ਕਰਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਵੀ ਚਰਚਾ ਵਿੱਚ ਰਹੇ ਹਨ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਵੀ ਅਜਿਹੇ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਇਹੋ ਕਾਰਣ ਹੈ ਕਿ ਕੁੱਝ ਬੂਥਾਂ ’ਤੇ ਸਰਕਾਰੀ ਮੁਲਾਜ਼ਮ ਮਜਬੂਰਨ ਵੀ ਬੈਠੇ ਨਜ਼ਰ ਆਏ।