ਨੌਜਵਾਨਾਂ ਦੀ ਲੋਕਤੰਤਰ ’ਚ ਭਾਗੀਦਾਰੀ ਲਈ ਵੋਟਰ ਰਜਿਸਟਰੇਸ਼ਨ ਮੁਹਿੰਮ ਤੇਜ਼ ਨੌਜਵਾਨਾਂ ਦੀ ਲੋਕਤੰਤਰ ’ਚ ਭਾਗੀਦਾਰੀ ਲਈ ਵੋਟਰ ਰਜਿਸਟਰੇਸ਼ਨ ਮੁਹਿੰਮ ਤੇਜ਼
Publish Date: Mon, 24 Aug 2026 04:21 PM (IST)
Updated Date: Mon, 24 Aug 2026 04:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਲੋਕਤੰਤਰ ਦੀ ਮਜ਼ਬੂਤੀ ਵਿਚ ਨੌਜਵਾਨਾਂ ਦੀ ਸਰਗਰਮ ਭੂਮਿਕਾ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਕਾਰੀ ਕਾਲਜ ਜ਼ੀਰਾ ਵਿਖੇ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਨਵੀਂ ਵੋਟ ਬਣਾਉਣ ਦੀ ਪ੍ਰਕਿਰਿਆ, ਵੋਟ ਦੇ ਅਧਿਕਾਰ ਅਤੇ ਇਸ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਲੜੀ ਤਹਿਤ ਦੂਸਰਾ ਕੈਂਪ 2 ਸਤੰਬਰ ਅਤੇ ਤੀਸਰਾ ਕੈਂਪ 9 ਸਤੰਬਰ ਨੂੰ ਲਗਾਇਆ ਜਾਵੇਗਾ। ਕੈਂਪ ਵਿੱਚ ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਿਰਫ਼ ਆਪਣੀ ਵੋਟ ਬਣਵਾਉਣ ਲਈ ਹੀ ਪ੍ਰੇਰਿਤ ਨਹੀਂ ਕੀਤਾ, ਸਗੋਂ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੇ ਵੋਟ ਦੇ ਅਧਿਕਾਰ ਦੀ ਸੂਝ-ਬੂਝ ਨਾਲ ਵਰਤੋਂ ਕਰਨ ਦਾ ਸੰਦੇਸ਼ ਵੀ ਦਿੱਤਾ। ਸਵੀਪ ਕੋਆਰਡੀਨੇਟਰ ਮਹਾਂਵੀਰ ਬਾਂਸਲ ਨੇ ਵਿਦਿਆਰਥੀਆਂ ਨੂੰ ਫਾਰਮ ਨੰਬਰ-6 ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵੋਟਰ ਵਜੋਂ ਰਜਿਸਟਰੇਸ਼ਨ ਦੀ ਪ੍ਰਕਿਰਿਆ ਸਮਝਾਈ। ਸਹਾਇਕ ਸਵੀਪ ਕੋਆਰਡੀਨੇਟਰ ਜਤਿੰਦਰ ਸਿੰਘ ਕੜਿਆਲ ਨੇ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਆਪਣੀ ਪਸੰਦ ਦੀ ਸਰਕਾਰ ਚੁਣਨ ਲਈ ਉਤਸ਼ਾਹਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਸਚਿਨ ਕਾਲੜਾ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਤਿੰਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈ ਕੇ ਆਪਣੀਆਂ ਵੋਟਾਂ ਬਣਵਾਉਣ। ਇਸ ਮੌਕੇ ਗੁਰਤੇਜ ਸਿੰਘ ਸਰਪੰਚ ਚੱਬਾ, ਮਨਜੀਤ ਸਿੰਘ ਸਰਪੰਚ, ਸੁਖਵਿੰਦਰ ਸਿੰਘ ਸਰਪੰਚ, ਬੀਐੱਲਓ ਹਰਮਨਜੀਤ ਸਿੰਘ, ਬੀਐੱਲਓ ਸੁਸ਼ੀਲ ਕੁਮਾਰ ਸਮੇਤ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਸਤਵਿੰਦਰਪਾਲ ਸਿੰਘ ਨੇ ਬਾਖੂਬੀ ਨਿਭਾਈ।