- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਚ ਵੋਟਰ ਜਾਗਰੂਕਤਾ ਪ੍ਰੋਗਰਾਮ ਤੇ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ ਈਐੱਲਸੀ ਕਲੱਬ ਵੱਲੋਂ ਵੋਟਰ ਜਾਗਰੂਕਤਾ ਪ੍ਰੋਗਰਾਮ ਅਤੇ ਵੋਟਰ ਰਜਿਸਟਰੇਸ਼ਨ ਕੈਂਪ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਸਟੂਡੈਂਟ ਕੌਂਸਲ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਚੋਣ ਪ੍ਰਕਿਰਿਆ, ਵੋਟਰ ਅਧਿਕਾਰਾਂ ਅਤੇ ਡਿਜੀਟਲ ਵੋਟਰ ਸੇਵਾਵਾਂ ਸਬੰਧੀ ਜਾਗਰੂਕ ਕਰਨਾ ਸੀ। ਇਹ ਪ੍ਰੋਗਰਾਮ ਪ੍ਰੋ. (ਡਾ.) ਸੁਰੇਸ਼ ਕੁਮਾਰ ਸ਼ਰਮਾ ਵਾਈਸ ਚਾਂਸਲਰ, ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਅਤੇ ਡਾ. ਰਾਜੀਵ ਕੁਮਾਰ ਅਰੋੜਾ, ਰਜਿਸਟਰਾਰ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਕਰਵਾਇਆ ਗਿਆ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਵਿੱਚ ਵੋਟਰ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਸਵੀਪ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਪੂਰਾ ਸਹਿਯੋਗ ਦਿੱਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਗੁਰਜੀਵਨ ਸਿੰਘ, ਨੋਡਲ ਅਫ਼ਸਰ ਸਵੀਪ ਅਤੇ ਗੁਰਪ੍ਰੀਤ ਸਿੰਘ, ਕੋਆਰਡੀਨੇਟਰ ਸਵੀਪ ਵੱਲੋਂ ਕਮਲ ਸ਼ਰਮਾ, ਸਵੀਪ ਕੋਆਰਡੀਨੇਟਰ, ਦੇ ਸਹਿਯੋਗ ਨਾਲ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਮਲ ਸ਼ਰਮਾ, ਸਵੀਪ ਕੋਆਰਡੀਨੇਟਰ, ਲਖਵਿੰਦਰ ਸਿੰਘ ਅਤੇ ਸੈਕਟਰ ਸੁਪਰਵਾਈਜ਼ਰ ਸੰਦੀਪ ਕੁਮਾਰ ਨੇ ਚੋਣ ਜਾਗਰੂਕਤਾ, ਜ਼ਿੰਮੇਵਾਰ ਵੋਟਿੰਗ ਅਤੇ ਲੋਕਤੰਤਰ ਵਿੱਚ ਨੌਜਵਾਨਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵੋਟਰ ਰਜਿਸਟਰੇਸ਼ਨ, ਐੱਸਆਈਆਰ, ਵੋਟਰ ਵੇਰਵਿਆਂ ਵਿਚ ਸੋਧ ਅਤੇ ਅਪਡੇਟ, ਪਤਾ ਬਦਲਣ, ਅਰਜ਼ੀ ਦੀ ਸਥਿਤੀ ਅਤੇ ਭਾਰਤ ਚੋਣ ਕਮਿਸ਼ਨ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਵੱਖ-ਵੱਖ ਡਿਜੀਟਲ ਵੋਟਰ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਈਸੀਆਈਐੱਨਈਟੀ ਐੱਪ ਅਤੇ ਈਸੀਆਈ ਵੋਟਰ ਪੋਟਰਲ ਦੀ ਲਾਈਵ ਡੈਮੋਸਟਰੇਸ਼ਨ ਵੀ ਕਰਵਾਈ ਗਈ। ਗੁਰਜੀਵਨ ਸਿੰਘ, ਨੋਡਲ ਅਫ਼ਸਰ ਸਵੀਪ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਐੱਸਆਈਆਰ, ਵੋਟਰ ਅਧਿਕਾਰਾਂ ਅਤੇ ਖ਼ਾਸ ਤੌਰ ’ਤੇ ਨੌਜਵਾਨ ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਦੀ ਲੋਕਤੰਤਰ ਵਿਚ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕ ਕੀਤਾ। ਜਾਗਰੂਕਤਾ ਪ੍ਰੋਗਰਾਮ ਦੇ ਨਾਲ ਵੋਟਰ ਰਜਿਸਟਰੇਸ਼ਨ ਕੈਂਪ ਵੀ ਲਗਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੂੰ ਮੌਕੇ ’ਤੇ ਹੀ ਨਵੀਂ ਵੋਟਰ ਰਜਿਸਟਰੇਸ਼ਨ ਅਤੇ ਵੋਟਰ ਵੇਰਵਿਆਂ ਦੀ ਅਪਡੇਸ਼ਨ ਸਬੰਧੀ ਸਹਾਇਤਾ ਪ੍ਰਦਾਨ ਕੀਤੀ। ਇਹ ਉਪਰਾਲਾ ਨੌਜਵਾਨਾਂ ਨੂੰ ਆਪਣੇ ਲੋਕਤੰਤਰਿਕ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਵਜੋਂ ਚੋਣ ਪ੍ਰਕਿਰਿਆ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ।