ਵਿਵੇਕਾਨੰਦ ਸਕੂਲ ’ਚ ਵੀਸੀ ਪ੍ਰੋ. ਡਾ. ਸੁਰੇਸ਼ ਸ਼ਰਮਾ ਨੇ ਵਿਦਿਆਰਥੀਆਂ ਨਾਲ ਕੀਤਾ ਵਿਸ਼ੇਸ਼ ਸੰਵਾਦ ਵਿਵੇਕਾਨੰਦ ਵਰਲਡ ਸਕੂਲ ’ਚ ਵੀਸੀ ਪ੍ਰੋ. ਡਾ. ਸੁਰੇਸ਼ ਸ਼ਰਮਾ ਨੇ ਵਿਦਿਆਰਥੀਆਂ ਨਾਲ ਕੀਤਾ ਵਿਸ਼ੇਸ਼ ਸੰਵਾਦ
Publish Date: Tue, 18 Aug 2026 04:20 PM (IST)
Updated Date: Tue, 18 Aug 2026 04:24 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਵਿਵੇਕਾਨੰਦ ਵਰਲਡ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਸੁਰੇਸ਼ ਸ਼ਰਮਾ ਨੇ ਸ਼ਿਰਕਤ ਕਰਕੇ ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਕਰੀਅਰ ਕਾਉਂਸਲਿੰਗ ਅਤੇ ਭਵਿੱਖ ਦੇ ਸੁਨਹਿਰੀ ਮੌਕਿਆਂ ਬਾਰੇ ਮਾਰਗਦਰਸ਼ਨ ਕੀਤਾ। ਅੱਜ ਵਿਵੇਕਾਨੰਦ ਵਰਲਡ ਸਕੂਲ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਸੁਰੇਸ਼ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਪਹੁੰਚਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ, ਡਾਇਰੈਕਟਰ ਡਾ. ਐੱਸਐੱਨ ਰੁਦਰਾ ਅਤੇ ਚੀਫ਼ ਐਡਮਿਨਿਸਟਰੇਟਰ ਪਰਮਵੀਰ ਸ਼ਰਮਾ ਵੱਲੋਂ ਕੀਤਾ ਗਿਆ। ਆਪਣੇ ਸੰਬੋਧਨ ਵਿਚ ਡਾ. ਸ਼ਰਮਾ ਨੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਨਵੀਂਆਂ ਤਕਨੀਕਾਂ ਤੇ ਗਿਆਨ ਹਾਸਲ ਕਰਨ ਅਤੇ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਜ਼ੋਰ ਦਿੱਤਾ ਕਿ ਟੀਚਿਆਂ ਦੀ ਪ੍ਰਾਪਤੀ ਲਈ ਨਿਰੰਤਰ ਮਿਹਨਤ ਅਤੇ ਆਤਮ-ਵਿਸ਼ਵਾਸ ਬਹੁਤ ਜ਼ਰੂਰੀ ਹੈ। ਉਨ੍ਹਾਂ ਵੱਖ-ਵੱਖ ਖੇਤਰਾਂ ਵਿਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਬਾਰੀਕੀ ਨਾਲ ਸਮਝਾਇਆ, ਤਾਂ ਜੋ ਬੱਚੇ ਆਪਣੀ ਰੁਚੀ ਅਨੁਸਾਰ ਸਹੀ ਰਾਹ ਚੁਣ ਸਕਣ। ਇਸ ਦੌਰਾਨ ਸਕੂਲ ਦੇ ‘ਲੋਕ ਆਵਾਜ਼’ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੇ ਡਾ. ਸ਼ਰਮਾ ਨਾਲ ਇਕ ਖ਼ਾਸ ਪੋਡਕਾਸਟ ਵੀ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਤਜ਼ਰਬੇ, ਖੋਜ ਕਾਰਜਾਂ ਅਤੇ ਅੰਤਰਰਾਸ਼ਟਰੀ ਪ੍ਰਾਪਤੀਆਂ ਬਾਰੇ ਜਾਣਨ ਦਾ ਸੁਨਹਿਰੀ ਮੌਕਾ ਮਿਲਿਆ। ਪ੍ਰੋ. ਸ਼ਰਮਾ ਨੇ ਅਜੋਕੇ ਦੌਰ ਵਿੱਚ ਪੜ੍ਹਾਈ ਤੋਂ ਬਾਅਦ ਉਪਲਬੱਧ ਨਵੇਂ ਕਰੀਅਰ ਵਿਕਲਪਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕਰਦਿਆਂ ਸਿੱਖਿਆ ਅਤੇ ਸਖ਼ਤ ਮਿਹਨਤ ਦੇ ਮਹੱਤਵ ’ਤੇ ਚਾਨਣਾ ਪਾਇਆ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਦੇ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ ਨੇ ਡਾ. ਸ਼ਰਮਾ ਦਾ ਧੰਨਵਾਦ ਕੀਤਾ।