ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਰਦਾਸ਼ਤ ਨਹੀਂ : ਜਤਿੰਦਰ ਸਿੰਘ ਸ਼ੰਟੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਰਦਾਸ਼ਤ ਨਹੀਂ, ਦੋਸ਼ੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਜਤਿੰਦਰ ਸਿੰਘ ਸ਼ੰਟੀ
Publish Date: Sat, 24 Oct 2026 04:08 PM (IST)
Updated Date: Sat, 24 Oct 2026 04:10 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਮਨੁੱਖੀ ਅਧਿਕਾਰਾਂ ਦੀ ਰਾਖੀ,ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਅਤੇ ਸਰਕਾਰੀ ਤੰਤਰ ਦੀ ਜਵਾਬਦੇਹੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਅਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਜਤਿੰਦਰ ਸਿੰਘ ਸ਼ੰਟੀ ਨੇ ਜਨ ਕਲਿਆਣ ਭਵਨ ਜ਼ੀਰਾ ਵਿਖੇ ਜਨਤਕ ਸੁਣਵਾਈ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਢੁੱਕਵੇਂ ਹੱਲ ਲਈ ਨਿਰਦੇਸ਼ ਦਿੱਤੇ।ਜਤਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਹਰ ਨਾਗਰਿਕ ਦੇ ਮਾਣ-ਸਨਮਾਨ ਅਤੇ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧ ਹੈ।ਉਨ੍ਹਾਂ ਦੱਸਿਆ ਕਿ ਲੋਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਆਪਣੀਆਂ ਸ਼ਿਕਾਇਤਾਂ ਵਟਸਐਪ ਹੈਲਪਲਾਈਨ ਨੰਬਰ 98554-75547 ’ਤੇ 24 ਘੰਟੇ ਭੇਜ ਸਕਦੇ ਹਨ। ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਬਣਾਏ ਗਏ ਕੋਰ ਗਰੁੱਪ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਪ੍ਰਸ਼ਾਸਨ ਅਤੇ ਕਮਿਸ਼ਨ ਦੀ ਸਹਾਇਤਾ ਕਰਨਗੇ। ਸਿਹਤ ਸੇਵਾਵਾਂ ਬਾਰੇ ਸਖ਼ਤ ਰੁਖ਼ ਅਪਣਾਉਂਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਬਕਾਇਆ ਇਲਾਜ ਖ਼ਰਚੇ ਦੇ ਆਧਾਰ ’ਤੇ ਕੋਈ ਵੀ ਹਸਪਤਾਲ ਮ੍ਰਿਤਕ ਦੀ ਦੇਹ ਪਰਿਵਾਰ ਨੂੰ ਸੌਂਪਣ ਤੋਂ ਇਨਕਾਰ ਨਹੀਂ ਕਰ ਸਕਦਾ। ਅਜਿਹੀ ਉਲੰਘਣਾ ਹੋਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।ਉਨ੍ਹਾਂ ਨੇ ਇਨ੍ਹਾਂ ਹਦਾਇਤਾਂ ਸਬੰਧੀ ਆਦੇਸ਼ਾਂ ਦੀ ਕਾਪੀ ਮੁੱਖ ਮੈਡੀਕਲ ਅਫ਼ਸਰ ਨੂੰ ਸੌਂਪਦਿਆਂ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਜਾਗਰੂਕਤਾ ਪੋਸਟਰ ਲਗਾਉਣ ਲਈ ਵੀ ਕਿਹਾ।ਇਸ ਮੌਕੇ ਪੁਲੀਸ,ਸਿਹਤ ਵਿਭਾਗ,ਡੀਡੀਪੀਓ ਅਤੇ ਨਗਰ ਕੌਂਸਲ ਨਾਲ ਸਬੰਧਿਤ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।ਉਨ੍ਹਾਂ ਨੇ ਪ੍ਰਸ਼ਾਸਨ,ਸਮਾਜ ਸੇਵੀ ਸੰਸਥਾਵਾਂ, ਸਰਪੰਚਾਂ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਜੁੜੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਅਤੇ ਸਮਾਜ ਸੇਵਾ ਦੇ ਯਤਨਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ, ਐੱਸਡੀਐਮ ਜ਼ੀਰਾ ਸੂਰਜ ਕੁਮਾਰ,ਸਟੇਟ ਕੋਰ ਕਮੇਟੀ ਮੈਂਬਰ ਭੋਲਾ ਸਿੰਘ ਵਿਰਕ, ਐੱਸ.ਪੀ.ਐੱਚ ਬਲਜੀਤ ਸਿੰਘ, ਤਹਿਸੀਲਦਾਰ ਜ਼ੀਰਾ ਵਿਨੋਦ ਕੁਮਾਰ, ਨਾਇਬ ਤਹਿਸੀਲਦਾਰ ਮੱਖੂ ਪਰਮਪਾਲ ਸਿੰਘ, ਗੁਰਨਾਮ ਸਿੱਧੂ, ਨਰਿੰਦਰ ਸਿੰਘ ਕੇਸਰ,ਅਮਰਜੀਤ ਕੌਰ ਛਾਬੜਾ,ਬਾਬਾ ਸਤਨਾਮ ਸਿੰਘ ਵੱਲੀਆਂ,ਗੁਰਨੂਰ ਬਰਾੜ,ਅਮਨ ਮੌਂਗਾ, ਰਮਨਦੀਪ ਕੌਰ,ਤੋਤਾ ਸਿੰਘ,ਕਰਿਆਨਾ ਯੂਨੀਅਨ ਜ਼ੀਰਾ ਦੇ ਪ੍ਰਧਾਨ ਜਸਵਿੰਦਰ ਸਿੰਘ ਭਾਟੀਆ, ਹੈਲਪਿੰਗ ਹੈਂਡਜ਼ ਜ਼ੀਰਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਬਲੂ, ਜਸਪਾਲ ਸਿੰਘ ਵਿਰਕ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਅਧਿਕਾਰੀ ਹਾਜ਼ਰ ਸਨ।