ਫਿਰੋਜ਼ਪੁਰ ’ਚ ਬਿਜਲੀ ਮੁਲਾਜ਼ਮਾਂ ਨੇ ਕੀਤੀ ਗੇਟ ਰੈਲੀ ਫਿਰੋਜ਼ਪੁਰ ’ਚ ਬਿਜਲੀ ਮੁਲਾਜ਼ਮਾਂ ਵੱਲੋਂ ਜ਼ੋਰਦਾਰ ਗੇਟ ਰੈਲੀ
Publish Date: Fri, 17 Jul 2026 03:36 PM (IST)
Updated Date: Fri, 17 Jul 2026 03:37 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ’ਤੇ ਅੱਜ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਨਾਲ ਸਬੰਧਤ ਬਿਜਲੀ ਕਾਮਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ਹਿਰੀ ਮੰਡਲ ਫਿਰੋਜ਼ਪੁਰ ਦੇ ਮੁੱਖ ਗੇਟ ਸਾਹਮਣੇ ਇਕ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਸਾਂਝੇ ਵਿਰੋਧ ਪ੍ਰਦਰਸ਼ਨ ਵਿਚ ਸਬ-ਅਰਬਨ ਮੰਡਲ ਅਤੇ ਸ਼ਹਿਰੀ ਮੰਡਲ ਫਿਰੋਜ਼ਪੁਰ ਦੇ ਬਿਜਲੀ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਗੇਟ ਰੈਲੀ ਦੀ ਪ੍ਰਧਾਨਗੀ ਸੀਨੀਅਰ ਆਗੂ ਰਾਕੇਸ਼ ਸੈਣੀ ਵੱਲੋਂ ਕੀਤੀ ਗਈ, ਜਦੋਂ ਕਿ ਸਟੇਜ ਦੀ ਕਾਰਵਾਈ ਨੂੰ ਸਬ-ਅਰਬਨ ਮੰਡਲ ਦੇ ਸਕੱਤਰ ਸਤੀਸ਼ ਕੁਮਾਰ ਨੇ ਸੁਚੱਜੇ ਢੰਗ ਨਾਲ ਚਲਾਇਆ। ਰੈਲੀ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਵੱਲ ਸਰਕਾਰ ਦਾ ਧਿਆਨ ਦਿਵਾਇਆ ਅਤੇ ਮੈਨੇਜਮੈਂਟ ਦੇ ਅੜੀਅਲ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੁਲਾਜ਼ਮ ਆਗੂਆਂ ਰਾਕੇਸ਼ ਸੈਣੀ, ਸਤੀਸ਼ ਕੁਮਾਰ, ਨੇ ਸਰਕਾਰ ਨੂੰ ਚਿਤਾਵਨੀ ਦਿੱਤੀ। ਉਨ੍ਹਾਂ ਆਪਣੀਆਂ ਮੁੱਖ ਮੰਗਾਂ ਜਿਵੇਂ ਕਿ 17 ਜੁਲਾਈ 2020 ਦਾ ਪੱਤਰ ਤੁਰੰਤ ਰੱਦ ਕੀਤਾ ਜਾਵੇ, ਮੁਲਾਜ਼ਮਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਪੁਰਾਣੇ ਨੋਟੀਫਿਕੇਸ਼ਨ ਨੂੰ ਵਾਪਸ ਲਿਆ ਜਾਵੇ, ਡੀਏ ਅਤੇ ਮੁਲਾਜ਼ਮਾਂ ਦਾ ਰੋਕਿਆ ਹੋਇਆ 18 ਪ੍ਰਤੀਸ਼ਤ ਡੀਏ ਤੁਰੰਤ ਜਾਰੀ ਕੀਤਾ ਜਾਵੇ ਅਤੇ ਸਾਰੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪਾਵਰਕਾਮ ਵਿਚ ਸਾਲਾਂ ਬੱਧੀ ਸੇਵਾਵਾਂ ਨਿਭਾ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਖ਼ਾਸ ਕਰਕੇ ਪਾਰਟ-ਟਾਈਮ ਕੰਮ ਕਰ ਰਹੇ ਉਹ ਕਾਮੇ ਜੋ ਪਿਛਲੇ 30 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਮੁਲਾਜ਼ਮ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੇ ਬਿਜਲੀ ਕਰਮਚਾਰੀਆਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਨੂੰ ਤੁਰੰਤ ਨਾ ਮੰਨਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸੇ ਕੜੀ ਤਹਿਤ ਸਮੂਹ ਬਿਜਲੀ ਕਰਮਚਾਰੀ ਆਉਂਦੀ 21 ਜੁਲਾਈ ਅਤੇ 22 ਜੁਲਾਈ 2026 ਨੂੰ ਦੋ ਦਿਨਾਂ ਦੀ ਸਮੂਹਿਕ ਛੁੱਟੀ ’ਤੇ ਚਲੇ ਜਾਣਗੇ। ਇਸ ਮੌਕੇ ਅਸ਼ਵਨੀ ਕੁਮਾਰ, ਰੋਸ਼ਨ ਲਾਲ, ਪ੍ਰਦੀਪ, ਰਣਬੀਰ ਸਿੰਘ, ਬਲਵੰਤ ਸਿੰਘ ਬਿੱਟੂ, ਰਾਜੇਸ਼ ਦੱਤਾ ਅਤੇ ਨੰਦ ਲਾਲ ਤੋਂ ਇਲਾਵਾ ਹੋਰ ਬਿਜਲੀ ਕਰਮਚਾਰੀ ਹਾਜ਼ਰ ਸਨ।