ਮਸ਼ਹੂਰ ਸਮਾਜ ਸੇਵੀ ਕੁਲਦੀਪ ਭੁੱਲਰ ’ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੀ ਨਜ਼ਰ ਮਸ਼ਹੂਰ ਸਮਾਜ ਸੇਵੀ ਕੁਲਦੀਪ ਭੁੱਲਰ ’ਤੇ ਵੱਖ ਵੱਖ ਸਿਆਸੀ ਪਾਰਟੀਆਂ ਦੀ ਨਜ਼ਰ
Publish Date: Fri, 18 Sep 2026 06:31 PM (IST)
Updated Date: Fri, 18 Sep 2026 06:32 PM (IST)
ਅੰਗਰੇਜ ਭੁੱਲਰ ,ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਬੀਤੇ ਲੰਮੇਂ ਸਮੇਂ ਤੋਂ ‘ਯੋਗ’ ਦੇ ਜਰੀਏ ਬਿਨ੍ਹਾਂ ਦਵਾਈਆਂ ਤੋਂ ਲੋਕਾਂ ਦਾ ਮੁਫਤ ਇਲਾਜ਼ ਕਰ ਰਹੇ ਸਮਾਜ ਸੇਵੀ ਕੁਲਦੀਪ ਭੁੱਲਰ ਇੰਨ੍ਹਾਂ ਦਿਨਾਂ ਵਿੱਚ ਕਾਫੀ ਚਰਚਾ ਵਿੱਚ ਹਨ। ਭਾਵੇਂ ਕਿ ਇਸ ਤੋਂ ਪਹਿਲੋਂ ਕੁੁਲਦੀਪ ਭੁੱਲਰ 50 ਵਾਰ ਤੋਂ ਵੱਧ ਖੂਨਦਾਨ ਕਰਨ ਅਤੇ ਕਾਰਗਿਲ ਪ੍ਰਭਾਵਿਤ ਇਲਾਕਿਆਂ ਲਈ 22 ਟਰੱਕ ਰਾਹਤ ਸਮੱਗਰੀ ਭੇਜਣ ਅਤੇ ਆਪਣੀ ਸਾਰੀ ਜਾਇਦਾਦ ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦੇਣ ਜਿਹੇ ਸਮਾਜ ਸੇਵਾ ਦੇ ਅਨੇਕਾਂ ਕੰਮ ਕਰ ਚੁੱਕੇ ਹਨ,ਪਰ ਮੌਜੂਦਾ ਚਰਚਾ ਕੁਲਦੀਪ ਭੁੱਲਰ ਵੱਲੋਂ ਸਿਆਸਤ ’ਚ ਆਉਣ ਸਬੰਧੀ ਹੋ ਰਹੀ ਹੈ। ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਸਰਗਰਮ ਚੱਲ ਰਹੇ ਮਸ਼ਹੂਰ ਸਮਾਜ ਸੇਵੀ ਕੁਲਦੀਪ ਭੁੱਲਰ ਦੀਆਂ ਲੋਕ ਭਲਾਈ ਨਾਲ ਜੁੜੀਆਂ ਗਤੀਵਿਧੀਆਂ ਕਾਰਨ ਇਲਾਕੇ ਵਿੱਚ ਉਨ੍ਹਾਂ ਦੀ ਸਿਆਸੀ ਭੂਮਿਕਾ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਸਥਾਨਕ ਪੱਧਰ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਉਨ੍ਹਾਂ ਨਾਲ ਲਗਾਤਾਰ ਸੰਪਰਕ ਕਰ ਰਹੀਆਂ ਹਨ ਅਤੇ ਆਪਣੇ ਨਾਲ ਜੋੜਨ ਲਈ ਕੋਸ਼ਿਸ਼ ਕਰ ਰਹੀਆਂ ਹਨ। ਕੁਲਦੀਪ ਭੁੱਲਰ ਕਾਰਗਿਲ ਜੰਗ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਉਨ੍ਹਾਂ ਵੱਲੋਂ 22 ਟਰੱਕ ਰਾਹਤ ਸਮੱਗਰੀ ਜੰਮੂ-ਕਸ਼ਮੀਰ ਭੇਜੀ ਗਈ ਸੀ। ਇਨ੍ਹਾਂ ਸਾਰੀਆਂ ਮੁਹਿੰਮਾਂ ਨੂੰ ਉਹ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਦਾ ਹਿੱਸਾ ਦੱਸਦੇ ਹਨ। ਨੌਜਵਾਨਾਂ ਲਈ ਯੋਗ ਕੇਂਦਰ ਦੀ ਸਥਾਪਨਾ ਨੌਜਵਾਨਾਂ ਨੂੰ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਉਨ੍ਹਾਂ ਵੱਲੋਂ ਇੱਕ ਯੋਗ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ। ਇਸ ਕੇਂਦਰ ਵਿੱਚ ਹਰ ਰੋਜ਼ ਯੋਗ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਅਤੇ ਨੌਜਵਾਨਾਂ ਨੂੰ ਸਿਹਤਮੰਦ ਤੇ ਨਿਯਮਤ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਖ਼ੂਨਦਾਨ, ਸਿੱਖਿਆ, ਧਾਰਮਿਕ ਸੰਸਥਾਵਾਂ ਦੀ ਸਹਾਇਤਾ, ਲੋੜਵੰਦਾਂ ਦੀ ਮੱਦਦ ਅਤੇ ਨਸ਼ਾ ਮੁਕਤੀ ਨਾਲ ਜੁੜੀਆਂ ਗਤੀਵਿਧੀਆਂ ਕਾਰਨ ਭੁੱਲਰ ਦੀ ਇਲਾਕੇ ਵਿੱਚ ਇੱਕ ਵੱਡੇ ਸਮਾਜ ਸੇਵੀ ਵਜੋਂ ਪਛਾਣ ਬਣੀ ਹੈ। ਹਾਲਾਂਕਿ, ਸਿਆਸੀ ਗਲਿਆਰਿਆਂ ਚ ਚੱਲ ਰਹੀਆਂ ਚਰਚਾਵਾਂ ਦੇ ਵਿਚਕਾਰ ਉਨ੍ਹਾਂ ਵੱਲੋਂ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। 3 ਕਰੋੜ ਰੁਪਏ ਪਿੰਗਲਵਾੜਾ ਨੂੰ ਕੀਤੇ ਦਾਨ ਕੁਲਦੀਪ ਭੁੱਲਰ ਵੱਲੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਨੇ ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ 3 ਕਰੋੜ ਰੁਪਏ ਦਾਨ ਕੀਤੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਸੇਵਾ ਲਈ ਅਤੇ ਸਰਕਾਰੀ ਸਕੂਲ ਲਈ 10-10 ਲੱਖ ਰੁਪਏ ਦੀਆਂ ਐੱਫ.ਡੀਜ਼ ਵੀ ਕਰਵਾਈਆਂ ਹਨ। ਉਹ ਹੁਣ ਤੱਕ 50 ਤੋਂ ਵੱਧ ਵਾਰ ਖ਼ੂਨਦਾਨ ਵੀ ਕਰ ਚੁੱਕੇ ਹਨ।