ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਚਿੰਤਾ ਵਧਾਈਆਂ
ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਚਿੰਤਾ ਵਧਾਈਆਂ
Publish Date: Sat, 04 Apr 2026 04:45 PM (IST)
Updated Date: Sat, 04 Apr 2026 04:46 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਕਾਲੇ ਕੇ ਹਿਥਾੜ ਵਿੱਚੋਂ ਇਕ ਦਰਦਨਾਕ ਮੰਜ਼ਰ ਸਾਹਮਣੇ ਆਇਆ ਹੈ, ਜਿੱਥੇ ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਨੂੰ ਮਿੱਟੀ ਵਿਚ ਮਿਲਾ ਦਿੱਤਾ। ਕਿਸਾਨ ਗੁਰਸਾਹਿਬ ਸਿੰਘ ਨੇ ਆਪਣੀ ਤਿੰਨ ਏਕੜ ਕਣਕ ਦੀ ਫਸਲ ਪੂਰੀ ਤਰ੍ਹਾਂ ਨੁਕਸਾਨੀ ਹੋਣ ਤੋਂ ਬਾਅਦ ਉਸਨੂੰ ਟਰੈਕਟਰ ਨਾਲ ਖੁਦ ਹੀ ਵਾਹ ਦਿੱਤਾ।ਕਿਸਾਨ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਖੇਤੀ ’ਤੇ ਨਿਰਭਰ ਹੈ ਅਤੇ ਉਸਦੇ ਕੋਲ ਹੋਰ ਕੋਈ ਰੋਜ਼ਗਾਰ ਦਾ ਸਾਧਨ ਨਹੀਂ। ਉਸਦੇ ਪਰਿਵਾਰ ਵਿਚ ਚਾਰ ਬੱਚੇ ਹਨ, ਜਿਨ੍ਹਾਂ ਵਿਚ ਦੋ ਧੀਆਂ ਵੀ ਹਨ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਉਸਦੇ ਸਿਰ ’ਤੇ ਹੈ। ਗੁਰਸਾਹਿਬ ਸਿੰਘ ਪਹਿਲਾਂ ਹੀ ਭਾਰੀ ਕਰਜ਼ੇ ਹੇਠਾਂ ਦਬਿਆ ਹੋਇਆ ਹੈ। ਉਸਨੇ ਦੱਸਿਆ ਕਿ ਉਸ ’ਤੇ ਲਗਭਗ 2 ਲੱਖ 6 ਹਜ਼ਾਰ ਰੁਪਏ ਆੜਤੀਆਂ ਦਾ ਅਤੇ ਕਰੀਬ 3 ਲੱਖ 80 ਹਜ਼ਾਰ ਰੁਪਏ ਬੈਂਕ ਦੀ ਲਿਮਿਟ ਦਾ ਕਰਜ਼ਾ ਹੈ। ਹੁਣ ਕਣਕ ਦੀ ਫਸਲ ਖ਼ਰਾਬ ਹੋਣ ਨਾਲ ਉਸਦੀ ਹਾਲਤ ਹੋਰ ਵੀ ਨਾਜ਼ੁਕ ਬਣ ਗਈ ਹੈ। ਇਸ ਤੋਂ ਪਹਿਲਾਂ ਵੀ ਉਸਦੀ ਝੋਨੇ ਦੀ ਫਸਲ ਹੜ੍ਹਾਂ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ। ਲਗਾਤਾਰ ਹੋ ਰਹੇ ਨੁਕਸਾਨ ਕਾਰਨ ਉਹ ਆਰਥਿਕ ਅਤੇ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਹੈ। ਕਿਸਾਨ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਸਦੀ ਮੱਦਦ ਕੀਤੀ ਜਾਵੇ, ਤਾਂ ਜੋ ਉਹ ਆਪਣੇ ਪਰਿਵਾਰ ਨੂੰ ਸੰਭਾਲ ਸਕੇ ਅਤੇ ਕਰਜ਼ੇ ਤੋਂ ਕੁਝ ਰਾਹਤ ਮਿਲ ਸਕੇ।