
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪ੍ਰਾਚੀਨ ਦੇਵੀ ਮੰਦਿਰ ਮਖੂ ਅੰਦਰੋਂ ਅਣਪਛਾਤੇ ਵਿਅਕਤੀ ਟੱਲ ਚੋਰੀ ਕਰਕੇ ਫਰਾਰ ਹੋ ਗਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਪ੍ਰਾਚੀਨ ਦੇਵੀ ਮੰਦਰ ਮਖੂ ਵਿਖੇ ਵਰਿਆਂ ਤੋਂ ਸੁਸ਼ੋਭਿਤ ਟੱਲ ਨੂੰ ਦੋ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕਰਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਮੰਦਿਰ ਦੇ ਪੁਜਾਰੀ ਪੰਡਿਤ ਸ਼ੇਖਰ ਦੁਪਹਿਰ 3.30 ਦੇ ਕਰੀਬ ਮੰਦਿਰ ਦੇ ਚੜਦੇ ਪਾਸੇ ਪਹਿਲੀ ਮੰਜਿਲ ’ਤੇ ਬਣੇ ਆਪਣੇ ਘਰ ਵਿੱਚ ਖਾਣਾ ਖਾਣ ਗਏ, ਜਦੋਂ ਪੰਦਰਾਂ ਕੁ ਮਿੰਟਾਂ ਬਾਅਦ ਖਾਣਾ ਖਾਣ ਉਪਰੰਤ ਵਾਪਸ ਮੰਦਿਰ ਆਏ ਤਾਂ ਉਹਨਾਂ ਵੇਖਿਆ ਕਿ ਮੰਦਿਰ ਦਾ ਟੱਲ ਆਪਣੇ ਸਥਾਨ ’ਤੇ ਨਹੀਂ ਹੈ। ਜਦੋਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਟੱਲ ਚੋਰੀ ਹੋ ਗਿਆ ਹੈ ਤਾਂ ਉਹਨਾਂ ਰੌਲਾ ਪਾਇਆ ਅਤੇ ਨੱਸ ਕੇ ਆਂਢ ਗੁਆਂਢ ਦੇ ਦੁਕਾਨਦਾਰਾਂ ਨੂੰ ਇਕੱਠਾ ਕੀਤਾ ਜਦੋਂ ਪੁਜਾਰੀ ਨੂੰ ਸ਼ੱਕੀ ਬੰਦਿਆਂ ਬਾਬਾਤ ਕੋਈ ਸੂਹ ਨਾ ਮਿਲੀ ਤਾਂ ਉਨ੍ਹਾਂ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਰਕੇਸ਼ ਕਾਲੜਾ ਨਾਲ ਫੋਨ ’ਤੇ ਸੰਪਰਕ ਕੀਤਾ ਅਤੇ ਸਾਰੀ ਗੱਲ ਦੱਸੀ। ਬੇਅਦਬੀ ਅਤੇ ਟੱਲ ਚੋਰੀ ਦੀ ਖਬਰ ਫੈਲਣ ’ਤੇ ਸ਼ਹਿਰ ਦੇ ਸਨਾਤਨੀ ਜਿੰਨਾਂ ਵਿਚ ਸ੍ਰੀ ਸਨਾਤਨ ਧਰਮ ਸਭਾ ਦੇ ਸਰਪ੍ਰਸਤ ਸੰਜੀਵ ਅਹੂਜਾ, ਸਤੀਸ਼ ਕਟਾਰੀਆ, ਡਾ. ਸਤੀਸ਼ ਠੁਕਰਾਲ ਸੋਨੀ, ਅਸ਼ੋਕ ਕੁਮਾਰ, ਮਿੰਕਾ, ਜਤਿੰਦਰ ਠੁਕਰਾਲ ਆਦਿ ਮੌਕੇ ’ਤੇ ਪੁੱਜੇ ਅਤੇ ਮਾਮਾਲਾ ਪੁਲਿਸ ਦੇ ਸਪੁਰਦ ਕਰ ਦਿੱਤਾ। ਮੰਦਿਰ ਦੇ ਨੇੜੇ ਲੱਗਦੀਆਂ ਦੁਕਾਨਾਂ ’ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਘਾਲਣ ਤੋਂ ਬਾਅਦ ਇਕ ਵਿਸ਼ੇਸ਼ ਧਰਮ ਦੇ ਬਾਣੇ ਵਿੱਚ ਦੋ ਪਹੀਆ ਵਾਹਨ ਸਵਾਰ ਦੋ ਸ਼ੱਕੀ ਬੰਦਿਆਂ ਦੀ ਪਹਿਚਾਣ ਸ਼ਾਇਦ ਇਸ ਬੇਅਦਬੀ ਦੀ ਸਾਜਿਸ਼ ਉੱਤੋਂ ਪਰਦਾ ਚੁੱਕ ਦੇਵੇ। ਮਖੂ ਦੇ ਸਨਾਤਨੀਆਂ ਸ਼ਿਵ ਸਾਗਰ, ਪਵਨ ਖੰਨਾ, ਸ਼ਾਮ ਛਾਬੜਾ, ਰਾਕੇਸ਼ ਕਾਲੜਾ, ਪ੍ਰੇਮ ਨਾਥ, ਡਾ. ਸਤੀਸ਼ ਠੁਕਰਾਲ, ਵਰਿੰਦਰ ਠੁਕਰਾਲ, ਵਿਜੇ ਕਾਲੜਾ, ਮਹਿੰਦਰ ਮਦਾਨ, ਚੰਦਰ ਮੋਹਨ ਗਰੋਵਰ ਆਦਿ ਨੇ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਘਟਨਾ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦੇ ਹੋਏ ਸ਼੍ਰੀ ਦੇਵੀ ਮੰਦਿਰ ਵਿੱਚੋਂ ਟੱਲ ਲਾਹ ਕੇ ਲੈ ਜਾਣ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਜਾਂ ਚੋਰਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਇਲਾਕੇ ਵਿਚ ਸਦਭਾਵਨਾ ਦਾ ਮਾਹੌਲ ਬਣਿਆ ਰਹੇ।