ਟਰੇਡ ਡੀਲ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚੇ ਨੇ ਘੇਰਿਆ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਦਫ਼ਤਰ ਟਰੇਡ ਡੀਲ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਨੇ ਘੇਰਿਆ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ ਦਾ ਦਫਤਰ
Publish Date: Wed, 22 Jul 2026 03:52 PM (IST)
Updated Date: Wed, 22 Jul 2026 03:55 PM (IST)
- ਦਿੱਲੀ ਤੇ ਚੰਡੀਗੜ੍ਹ ’ਚ ਵਿਦਿਆਰਥੀਆਂ ’ਤੇ ਹੋਏ ਤਸ਼ਦੱਦ ਦੇ ਵਿਰੋਧ ’ਚ ਫੂਕਿਆ ਪੁਤਲਾ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਫਿਰੋਜ਼ਪੁਰ ਦੇ ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਦਫਤਰ ਅੱਗੇ ਰੋਸ ਪ੍ਰਦਰਸਨ ਕੀਤਾ। ਜਿਸ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀਕੇਯੂ ਏਕਤਾ ਡਕੌਦਾ ਬੁਰਜਗਿਲ, ਬੀਕੇਯੂ ਸਿੱਧੂਪੁਰ, ਬੀਕੇਯੂ ਕਾਦੀਆਂ, ਬੀਕੇਯੂ ਮਾਲਵਾ ਹੀਰਕੇ, ਬੀਕੇਯੂ ਮਾਨਸਾ, ਪੈਨਸ਼ਨਰ ਐਸੋਸੀਏਸ਼ਨ ਪੰਜਾਬ (ਪੀਐੱਸਪੀਸੀਐੱਲ), ਬੀਕੇਯੂ ਬੰਬ ਆਦਿ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਕੱਤਰ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਇਸ ਧਰਨੇ ਦੀਆਂ ਮੁੱਖ ਮੰਗ ਹੈ ਕਿ ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਕੀਤਾ ਜਾ ਰਿਹਾ ਕਰ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਭਾਰਤ ਦੀ ਖੇਤੀ ਦੇ ਨਾਲ ਨਾਲ ਪੂਰੇ ਦੇਸ਼ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ। ਕਿਸਾਨਾਂ ਨੇ ਮੰਗ ਕੀਤੀ ਕਿ ਸਾਰੀਆਂ 23 ਫਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ। ਐੱਮਐੱਸਪੀ ਸਵਾਮੀਨਾਥਨ ਫਾਰਮੂਲਾ ਸੀ-2 50 ਪ੍ਰਤੀਸ਼ਤ ਅਨੁਸਾਰ ਤੈਅ ਕੀਤੀ ਜਾਵੇ। ਐੱਮਐੱਸਪੀ ਤੋਂ ਘੱਟ ਖਰੀਦ ਨੂੰ ਸਜ਼ਾ ਯੋਗ ਅਪਰਾਧ ਐਲਾਨਿਆ ਜਾਵੇ। ਬੀਜ ਬਿੱਲ 2025 ਤੁਰੰਤ ਵਾਪਸ ਲਿਆ ਜਾਵੇ। ਬਿਜਲੀ ਸੋਧ ਬਿੱਲ 2025 ਰੱਦ ਕੀਤਾ ਜਾਵੇ ਅਤੇ ਬਿਜਲੀ ਖੇਤਰ ਦੇ ਨਿੱਜੀਕਰਨ ਨੂੰ ਰੋਕਿਆ ਜਾਵੇ। ਚਿੱਪ ਵਾਲੇ ਸਮਾਰਟ ਮੀਟਰ ਲਗਾਉਣੇ ਬੰਦ ਕੀਤੇ ਜਾਣ। ਕੌਮੀ ਖੇਤੀ ਮੰਡੀਕਰਨ ਨੀਤੀ ਦੇ ਨਵੇਂ ਖਰੜੇ ਨੂੰ ਰੱਦ ਕੀਤਾ ਜਾਵੇ। ਪੰਜਾਬ ਦੇ ਸਮੂਹ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਕਾਰਪੋਰੇਟਾਂ ਵਾਂਗ ਪੂਰਾ ਕਰਜ਼ਾ ਮਾਫ ਕੀਤਾ ਜਾਵੇ। ਸਹਿਕਾਰੀ ਅਤੇ ਲੈਂਡ ਮਾਰਗੇਜ਼ ਬੈਂਕਾਂ ਵਿਚ ਵਨ ਟਾਈਮ ਸੈਟਲਮੈਂਟ ਸਕੀਮ ਲਾਗੂ ਕੀਤੀ ਜਾਵੇ। ਧਰਨੇ ਉਪਰੰਤ ਕਿਸਾਨ ਵੱਲੋਂ ਜੰਤਰ ਮੰਤਰ ਤੇ ਰੋਸ ਪ੍ਰਦਰਸ਼ਨ ਕਰ ਰਹੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਭਗਵੇਂਕਰਨ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਅਤੇ ਸਰਕਾਰੀ ਜਬਰ ਦੇ ਵਿਰੋਧ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੂਰਜ ਪ੍ਰਕਾਸ਼ ਬਾਜੇਕੇ, ਲਖਵਿੰਦਰ ਸਿੰਘ ਭੁੱਲਰ, ਗੁਰਮੇਲ ਸਿੰਘ, ਪ੍ਰਕਾਸ਼ ਸਿੰਘ ਵਸਤੀ, ਦਲਵਿੰਦਰ ਸਿੰਘ ਸ਼ੇਰਖਾਂ, ਚੰਨਣ ਸਿੰਘ ਕਮਗਰ, ਰਸ਼ਪਾਲ ਸਿੰਘ ਹਾਜੀਵਾਲਾ ਗੁਰਚਰਨ ਸਿੰਘ ਕੋਮਲ, ਜਸਬੀਰ ਸਿੰਘ ਭੁੱਲਰ, ਡਾ ਪ੍ਰਦੀਪ ਰਾਣਾ ਆਦਿ ਆਗੂਆਂ ਨੇ ਸੰਬੋਧਨ ਕੀਤਾ।