ਐੱਸਕੇਐੱਮ ਗ਼ੈਰ ਰਾਜਨੀਤਿਕ ਵੱਲੋਂ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
Publish Date: Sat, 19 Sep 2026 03:15 PM (IST)
Updated Date: Sat, 19 Sep 2026 03:17 PM (IST)
ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਕੌਮੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ, ਮਮਦੋਟ ਦੇ ਬਲਾਕ ਪ੍ਰਧਾਨ ਸਾਬ ਸਿੰਘ, ਬਲਵੀਰ ਸਿੰਘ ਅਤੇ ਬਲਾਕ ਸਲਾਹਕਾਰ ਜੱਜ ਸਿੰਘ ਹਾਮਦ ਦੀ ਅਗਵਾਈ ਹੇਠ ਕਿਸਾਨ ਆਗੂਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਇਕ ਅਹਿਮ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਕਿਸਾਨ ਆਗੂਆਂ ਨੇ ਸੂਬੇ ਦੇ ਮੌਜ਼ੂਦਾ ਹਾਲਾਤ ਅਤੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਫੌਰੀ ਹੱਲ ਲਈ ਸਰਕਾਰ ਤੋਂ ਤੁਰੰਤ ਢੁਕਵੇਂ ਕਦਮ ਚੁੱਕਣ ਦੀ ਮੰਗ ਕੀਤੀ। ਮੰਗ ਪੱਤਰ ਰਾਹੀਂ ਕਿਸਾਨ ਆਗੂਆਂ ਨੇ ਸੂਬੇ ਵਿਚ ਵੱਧ ਰਹੇ ਨਸ਼ਿਆਂ ’ਤੇ ਚਿੰਤਾ ਪ੍ਰਗਟਾਉਂਦਿਆਂ ਇਸ ਦੀ ਵਿਕਰੀ ਅਤੇ ਸਪਲਾਈ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਕਿਸਾਨਾਂ ਅਤੇ ਆਗੂਆਂ ’ਤੇ ਪੁਲਿਸ ਵੱਲੋਂ ਕੀਤੇ ਜਾ ਰਹੇ ਕਥਿਤ ਅਣਮਨੁੱਖੀ ਤਸ਼ੱਦਦ ਦੀ ਜ਼ੋਰਦਾਰ ਨਿੰਦਾ ਕੀਤੀ ਗਈ। ਉਨ੍ਹਾਂ ਫਰੀਦਕੋਟ ਕਿਸਾਨ ਪੰਚਾਇਤ ਦੌਰਾਨ ਕਿਸਾਨਾਂ ’ਤੇ ਨਜਾਇਜ਼ ਧੱਕੇਸ਼ਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਕਿਸਾਨਾਂ ਨੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਪ੍ਰਕਿਰਿਆ ਤੁਰੰਤ ਸ਼ੁਰੂ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਾਰ ਅਗੇਤੀ ਬਿਜਾਈ ਦੇ ਬਾਵਜੂਦ ਖਰੀਦ 15 ਦਿਨ ਦੇਰੀ ਨਾਲ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਵੇਗਾ। ਉਨ੍ਹਾਂ ਫਸਲ ਦੀ ਲਿਫਟਿੰਗ ਅਤੇ ਪੂਰੇ ਵੇਟ ਤੇ ਰੇਟ ਨਾਲ ਤੁਰੰਤ ਅਦਾਇਗੀ ਯਕੀਨੀ ਬਣਾਉਣ ਲਈ ਕਿਹਾ। ਬਿਜਲੀ ਦੀ ਘਾਟ ਕਾਰਨ ਜਨਰੇਟਰਾਂ ਨਾਲ ਪਾਣੀ ਪੂਰਾ ਕਰਨ ਵਾਲੇ ਕਿਸਾਨਾਂ ਲਈ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦਿੱਤੇ ਜਾਣ ਦੀ ਮੰਗ ਕੀਤੀ ਗਈ। ਗੰਨਾ ਕਾਸ਼ਤਕਾਰਾਂ ਦੇ ਹਿੱਤਾਂ ਦੀ ਗੱਲ ਕਰਦਿਆਂ ਮੋਰਚੇ ਨੇ ਗੰਨੇ ਦਾ ਭਾਅ 600 ਰੁਪਏ ਪ੍ਰਤੀ ਕੁਇੰਟਲ ਕਰਨ, ਪਿਛਲੇ ਬਕਾਏ ਵਿਆਜ ਸਮੇਤ ਅਦਾ ਕਰਨ ਅਤੇ ਮਿੱਲਾਂ ਨੂੰ ਸਮੇਂ ਸਿਰ ਚਲਾਉਣ ਦੀ ਮੰਗ ਰੱਖੀ। ਇਸ ਤੋਂ ਇਲਾਵਾ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕਰਨ, ਸ਼ੰਭੂ ਤੇ ਖਨੌਰੀ ਬਾਰਡਰ ’ਤੇ ਖਦੇੜਨ ਸਮੇਂ ਕਿਸਾਨਾਂ ਦੇ ਹੋਏ ਸਮਾਨ ਦੇ ਨੁਕਸਾਨ ਦੀ ਪੂਰਤੀ ਕਰਨ ਅਤੇ ਸੀਡ ਬਿੱਲ 2025, ਜੀ.ਐੱਮ. ਸੀਡ ਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਰੋਕਣ ਲਈ ਪੰਜਾਬ ਸਰਕਾਰ ਨੂੰ ਕੇਂਦਰ ਕੋਲ ਮਜ਼ਬੂਤ ਪੱਖ ਰੱਖਣ ਦੀ ਅਪੀਲ ਕੀਤੀ।