- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕ੍ਰਿਕਟ ਅੰਡਰ-19 ਲੜਕੀਆਂ ਦੇ ਮੁਕਾਬਲੇ ਫ਼ਿਰੋਜ਼ਪੁਰ ਵਿਖੇ 22 ਤੋਂ ਸ਼ੁਰੂ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸਕੂਲ ਸਿੱਖਿਆ ਵਿਭਾਗ ਪੰਜਾਬ, ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ (2026-27) ਤਹਿਤ ਕ੍ਰਿਕਟ ਅੰਡਰ-19 ਲੜਕੀਆਂ ਦੇ ਰਾਜ ਪੱਧਰੀ ਮੁਕਾਬਲੇ ਫ਼ਿਰੋਜ਼ਪੁਰ ਵਿਖੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਫ਼ਿਰੋਜ਼ਪੁਰ ਮੁਨੀਲਾ ਅਰੋੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ 22 ਸਤੰਬਰ ਤੋਂ 25 ਸਤੰਬਰ 2026 ਤੱਕ ਕਰਵਾਏ ਜਾਣਗੇ, ਜਿਨ੍ਹਾਂ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅੰਡਰ-19 ਵਰਗ ਦੀਆਂ ਲੜਕੀਆਂ ਦੀਆਂ ਟੀਮਾਂ ਭਾਗ ਲੈਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਰਾਜ ਪੱਧਰੀ ਖੇਡਾਂ ਦੇ ਆਯੋਜਨ ਮੌਕੇ ਪੰਜਾਬ ਸਰਕਾਰ ਵਲੋਂ ਖੇਡਾਂ ਅਤੇ ਸਿੱਖਿਆ ਦੇ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਮੁੱਖ ਮਹਿਮਾਨਾਂ ਵਜੋਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਚਾਰੇ ਵਿਧਾਇਕ ਰਣਬੀਰ ਸਿੰਘ ਭੁੱਲਰ, ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ, ਐਡਵੋਕੇਟ ਰਜਨੀਸ਼ ਕੁਮਾਰ ਦਹੀਆ, ਵਿਧਾਇਕ ਫ਼ਿਰੋਜ਼ਪੁਰ ਦਿਹਾਤੀ, ਨਰੇਸ਼ ਕਟਾਰੀਆ, ਵਿਧਾਇਕ ਜ਼ੀਰਾ ਅਤੇ ਫੌਜ਼ਾ ਸਿੰਘ ਸਰਾਰੀ ਵਿਧਾਇਕ ਗੁਰੂਹਰਸਹਾਏ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਰਾਜ ਪੱਧਰੀ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ, ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨਾ, ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਕਾਬਲੀਅਤ ਦਾ ਸੂਬਾ ਪੱਧਰ ’ਤੇ ਪ੍ਰਦਰਸ਼ਨ ਕਰਨ ਲਈ ਮੰਚ ਪ੍ਰਦਾਨ ਕਰਨਾ ਹੈ। ਕ੍ਰਿਕਟ ਅੰਡਰ-19 ਲੜਕੀਆਂ ਦੇ ਇਹ ਮੁਕਾਬਲੇ ਵਿਦਿਆਰਥਣਾਂ ਵਿਚ ਆਤਮ-ਵਿਸ਼ਵਾਸ, ਅਨੁਸ਼ਾਸਨ, ਟੀਮ ਭਾਵਨਾ ਅਤੇ ਖੇਡ ਜਜ਼ਬੇ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਈ ਸਿੱਧ ਹੋਣਗੇ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਸਕੂਲ ਮੁਖੀਆਂ, ਸਰੀਰਕ ਸਿੱਖਿਆ ਅਧਿਆਪਕਾਂ ਅਤੇ ਖੇਡ ਸਟਾਫ਼ ਵੱਲੋਂ ਇਨ੍ਹਾਂ ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਅੱਜ ਐੱਮ.ਐੱਲ.ਐੱਮ. ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਕੈਂਟ ਵਿਖੇ ਮੀਟਿੰਗ ਕੀਤੀ ਗਈ ਅਤੇ ਖੇਡ ਮੈਦਾਨਾਂ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਖਿਡਾਰਣਾਂ ਲਈ ਖੇਡ ਮੈਦਾਨਾਂ ਦੀ ਤਿਆਰੀ, ਰਿਹਾਇਸ਼, ਖਾਣ-ਪੀਣ, ਸੁਰੱਖਿਆ, ਮੈਡੀਕਲ ਸਹੂਲਤ ਅਤੇ ਹੋਰ ਜ਼ਰੂਰੀ ਪ੍ਰਬੰਧਾਂ ਦੀਆਂ ਟੀਮਾਂ ਬਣਾ ਕੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲੀ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿੱਚ ਇਹ ਰਾਜ ਪੱਧਰੀ ਮੁਕਾਬਲੇ ਵੀ ਮਹੱਤਵਪੂਰਨ ਹਨ। ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਆਸ ਪ੍ਰਗਟਾਈ ਕਿ ਇਹ ਮੁਕਾਬਲੇ ਖਿਡਾਰਣਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦੇ ਨਾਲ-ਨਾਲ ਭਵਿੱਖ ਵਿੱਚ ਉੱਚ ਪੱਧਰ ’ਤੇ ਖੇਡਣ ਲਈ ਪ੍ਰੇਰਨਾ ਦੇਣਗੇ ਅਤੇ ਫ਼ਿਰੋਜ਼ਪੁਰ ਜ਼ਿਲ੍ਹਾ ਇਨ੍ਹਾਂ ਰਾਜ ਪੱਧਰੀ ਖੇਡਾਂ ਦੀ ਮੇਜ਼ਬਾਨੀ ਨੂੰ ਪੂਰੀ ਸਫ਼ਲਤਾ ਨਾਲ ਨੇਪਰੇ ਚਾੜ੍ਹੇਗਾ। ਇਸ ਮੌਕੇ ਦਲਬੀਰ ਸਿੰਘ, ਨਵਿੰਦਰ ਕੁਮਾਰ, ਜਸਵੀਰ ਕੌਰ, ਸੂਰਜ ਪ੍ਰਕਾਸ਼, ਈਸ਼ਵਰ ਸ਼ਰਮਾ, ਸਰਬਜੀਤ ਸਿੰਘ ਭਾਵੜਾ, ਵਰਿੰਦਰਪਾਲ ਸਿੰਘ, ਨੇਹਾ ਖਾਨ, ਮਨਦੀਪ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ।