- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕ੍ਰਿਕਟ ਅੰਡਰ-19 ਲੜਕੀਆਂ ਦੇ ਰਾਜ ਪੱਧਰੀ ਮੁਕਾਬਲੇ ਫ਼ਿਰੋਜ਼ਪੁਰ ਵਿਖੇ ਸ਼ੁਰੂ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫ਼ਿਰੋਜ਼ਪੁਰ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੀਆਂ ਖੇਡ ਪ੍ਰਤਿਭਾਵਾਂ ਨੂੰ ਨਿਖਾਰਣ ਦੇ ਉਦੇਸ਼ ਨਾਲ ਖੇਡਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਸਿਲਸਿਲੇ ਵਿਚ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ (2026-27) ਤਹਿਤ ਕ੍ਰਿਕਟ ਅੰਡਰ-19 ਲੜਕੀਆਂ ਦੇ ਰਾਜ ਪੱਧਰੀ ਮੁਕਾਬਲੇ ਮੰਗਲਵਾਰ ਸਵੇਰੇ ਫਿਰੋਜ਼ਪੁਰ ਵਿਖੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਏ। ਇਨ੍ਹਾਂ ਰਾਜ ਪੱਧਰੀ ਮੁਕਾਬਲਿਆਂ ਦੇ ਉਦਘਾਟਨੀ ਸਮਾਰੋਹ ਵਿਚ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਗੁਰੂਹਰਸਹਾਏ ਫੌਜ਼ਾ ਸਿੰਘ ਸਰਾਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨਾਂ ਵੱਲੋਂ ਝੰਡਾ ਲਹਿਰਾਉਣ ਉਪਰੰਤ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਫ਼ਿਰੋਜ਼ਪੁਰ ਸ੍ਰੀਮਤੀ ਮੁਨੀਲਾ ਅਰੋੜਾ ਨੇ ਮੁੱਖ ਮਹਿਮਾਨਾਂ, ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੀਆਂ ਖਿਡਾਰਣਾਂ, ਕੋਚਾਂ, ਅਧਿਆਪਕਾਂ ਅਤੇ ਸਮੂਹ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਕੂਲ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ, ਟੀਮ ਭਾਵਨਾ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਉੱਚ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਮੰਚ ਪ੍ਰਦਾਨ ਕਰਦੀਆਂ ਹਨ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਨੇ ਸਮੂਹ ਮਹਿਮਾਨਾਂ, ਅਧਿਕਾਰੀਆਂ, ਅਧਿਆਪਕਾਂ, ਕੋਚਾਂ ਅਤੇ ਖਿਡਾਰਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਰਾਜ ਪੱਧਰੀ ਮੁਕਾਬਲੇ 22 ਤੋਂ 25 ਸਤੰਬਰ ਤੱਕ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅੰਡਰ-19 ਵਰਗ ਦੀਆਂ ਲੜਕੀਆਂ ਦੀਆਂ ਕ੍ਰਿਕਟ ਟੀਮਾਂ ਭਾਗ ਲੈਣਗੀਆਂ।
ਸਰੀਰਕ ਤੇ ਮਾਨਸਿਕ ਵਿਕਾਸ ਲਈ ਖੇਡਾਂ ਜ਼ਰੂਰੀ : ਵਿਧਾਇਕ ਭੁੱਲਰ
ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਖਿਡਾਰਨ ਵਿਦਿਆਰਥਣਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਬੇਹੱਦ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਨਵੀਆਂ ਮੱਲਾਂ ਮਾਰ ਰਹੀਆਂ ਹਨ ਅਤੇ ਇਹ ਰਾਜ ਪੱਧਰੀ ਮੁਕਾਬਲੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਵੱਡਾ ਮੰਚ ਪ੍ਰਦਾਨ ਕਰਨਗੇ। ਉਨ੍ਹਾਂ ਸਮੂਹ ਟੀਮਾਂ ਨੂੰ ਪੂਰੀ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਵਿਧਾਇਕ ਫੌਜਾ ਸਿੰਘ ਸਰਾਰੀ ਨੇ ਦਿੱਤੀ ਸ਼ੁਭ ਕਾਮਨਾਵਾਂ
ਵਿਧਾਇਕ ਫੌਜਾ ਸਿੰਘ ਸਰਾਰੀ ਨੇ ਖਿਡਾਰਨਾਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਵਿਚ ਅਨੁਸ਼ਾਸਨ, ਮਿਹਨਤ, ਸਹਿਣਸ਼ੀਲਤਾ ਅਤੇ ਟੀਮ ਭਾਵਨਾ ਵਰਗੇ ਗੁਣ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਸਾਰੀਆਂ ਖਿਡਾਰਨਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਆਪਣੀਆਂ ਸ਼ੁੱਭਕਾਮਨਾਵਾਂ ਭੇਟ ਕੀਤੀਆਂ।
ਪਹਿਲੇ ਦਿਨ ਹੋਏ ਫ਼ਸਵੇਂ ਮੁਕਾਬਲੇ
ਡੀਐੱਮ ਸਪੋਰਟਸ ਅਕਸ਼ ਕੁਮਾਰ ਅਤੇ ਲੈਕਚਰਾਰ ਦਲਬੀਰ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦੇ ਪਹਿਲੇ ਦਿਨ ਦੇ ਪਹਿਲੇ ਮੈਚ ਵਿਚ ਕਪੂਰਥਲਾ ਨੇ 101 ਦੌੜਾ ਦਾ ਟਾਰਗੇਟ ਦਿੱਤਾ, ਜਿਸਦੇ ਜਵਾਬ ਵਿੱਚ ਪਠਾਣਕੋਟ ਦੀ ਟੀਮ ਨੇ 72 ਦੌੜਾਂ ਬਣਾਈਆਂ। ਦੂਸਰੇ ਮੁਕਾਬਲੇ ਵਿਚ ਗੁਰਦਾਸਪੁਰ ਨੇ 125 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਸੰਗਰੂਰ ਦੀ ਟੀਮ ਨੇ 100 ਦੌੜਾ ਹੀ ਬਣਾ ਸਕੀ। ਤੀਸਰੇ ਮੁਕਾਬਲੇ ’ਚ ਬਠਿੰਡਾ ਦੀ ਟੀਮ ਨੇ 169 ਦਾ ਬਣਾਈਆਂ, ਜਿਸਦੇ ਜਵਾਬ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਸਿਰਫ 37 ਦੌੜਾਂ ਹੀ ਬਣਾ ਸਕੀ, ਦੁਪਿਹਰ ਤੋਂ ਬਾਅਦ ਦੂਸਰੇ ਸੈਸ਼ਨ ਦੇ ਮੈਚ ਜਾਰੀ ਹਨ। ਇਸ ਮੌਕੇ ਜਸਵਿੰਦਰ ਸਿੰਘ ਲੈਕਚਰਾਰ, ਨਵਿੰਦਰ ਕੁਮਾਰ, ਜਸਵੀਰ ਕੌਰ, ਸੂਰਜ ਪ੍ਰਕਾਸ਼, ਰਵੀ ਇੰਦਰ ਸਿੰਘ, ਈਸ਼ਵਰ ਸ਼ਰਮਾ, ਸਰਬਜੀਤ ਸਿੰਘ ਭਾਵੜਾ, ਵਰਿੰਦਰਪਾਲ ਸਿੰਘ, ਨੇਹਾ ਖਾਨ, ਮਨਦੀਪ ਕੌਰ, ਅਮਨਦੀਪ ਕੌਰ, ਗੁਰਸਾਹਿਬ ਸਿੰਘ, ਸੁਖਜਿੰਦਰ ਸਿੰਘ, ਜਰਮਨਜੀਤ ਸਿੰਘ, ਗੁਰਬਚਨ ਸਿੰਘ ਭੁੱਲਰ, ਤਲਵਿੰਦਰ ਸਿੰਘ, ਸਮਸ਼ੇਰ ਸਿੰਘ, ਸੁਰਿੰਦਰ ਸਿੰਘ, ਹਰੀਸ਼ ਕੁਮਾਰ, ਸੁਨੀਲ ਕੁਮਾਰ, ਸੁਖਚੈਨ ਸਿੰਘ, ਦਿਨੇਸ਼ ਕੁਮਾਰ ਸਮੇਤ ਸਿੱਖਿਆ ਵਿਭਾਗ ਦੇ ਅਧਿਕਾਰੀ, ਅਧਿਆਪਕ, ਕੋਚ ਅਤੇ ਹੋਰ ਪਤਵੰਤੇ ਹਾਜ਼ਰ ਸਨ।