ਖੇਤ ’ਚ ਚੁਬੱਚਾ ਬਣਾਉਣ ਤੋਂ ਰੋਕਿਆ ਤਾਂ ਤਾਏ ਨੇ ਭਤੀਜੇ ’ਤੇ ਚਲਾਈਆਂ ਗੋਲ਼ੀਆਂ ਖੇਤ ’ਚ ਚੁਬੱਚਾ ਬਣਾਉਣ ਤੋਂ ਰੋਕਿਆ ਤਾਂ ਤਾਏ ਨੇ ਭਤੀਜੇ ’ਤੇ ਚਲਾਈਆਂ ਗੋਲੀਆਂ
Publish Date: Tue, 15 Sep 2026 06:37 PM (IST)
Updated Date: Wed, 16 Sep 2026 04:06 AM (IST)
ਫੋਟੋ ਫਾਈਲ: 15 ਐੱਫਜੈੱਡਆਰ 15, 16 * ਮਨਸੂਰਵਾਲ ਕਲਾਂ ’ਚ ਖੂਨੀ ਰਿਸ਼ਤੇ ਹੋਏ ਤਾਰ-ਤਾਰ, 26 ਸਾਲਾ ਗੁਰਵਿੰਦਰ ਸਿੰਘ ਦੀ ਮੌਕੇ ’ਤੇ ਮੌਤ * ਮਾਪਿਆਂ ਦਾ ਸੀ ਇਕਲੌਤਾ ਪੁੱਤ ਗੁਰਵਿੰਦਰ ਸਿੰਘ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲ ਰਹੀ ਆਪਸੀ ਖਿੱਚੋਤਾਣ ਉਸ ਵੇਲੇ ਖ਼ੂਨੀ ਟਕਰਾਅ ’ਚ ਬਦਲ ਗਈ, ਜਦੋਂ ਜ਼ੀਰਾ ਹਲਕੇ ਦੇ ਪਿੰਡ ਮਨਸੂਰਵਾਲ ਕਲਾਂ ’ਚ ਖੇਤ ’ਚ ਚੁਬੱਚਾ ਬਣਾਉਣ ਤੋਂ ਰੋਕਣ ’ਤੇ ਇਕ ਤਾਏ ਵੱਲੋਂ ਆਪਣੇ ਸਕੇ ਭਤੀਜੇ ਨੂੰ ਗੋਲ਼ੀ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ। ਗੋਲ਼ੀਆਂ ਲੱਗਣ ਕਾਰਨ ਗੁਰਵਿੰਦਰ ਸਿੰਘ (26) ਪੁੱਤਰ ਹਰਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਕਥਿਤ ਮੁਲਜ਼ਮ ਤਾਇਆ ਤੇ ਤਾਈ ਮੌਕੇ ਤੋਂ ਫ਼ਰਾਰ ਹੋ ਗਏ। ਸਿਵਲ ਹਸਪਤਾਲ ਜ਼ੀਰਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਇਕ ਹੋਰ ਸਕੇ ਤਾਏ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਤੇ ਪਿਛਲੇ ਕੁਝ ਸਮੇਂ ਤੋਂ ਜ਼ਮੀਨ ਦੀ ਵੰਡ ਨੂੰ ਲੈ ਕੇ ਪਰਿਵਾਰ ’ਚ ਤਕਰਾਰ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਅੱਜ ਉਸ ਦਾ ਦੂਸਰਾ ਭਰਾ ਖੇਤ ’ਚ ਚੁਬੱਚਾ ਬਣਾ ਰਿਹਾ ਸੀ। ਗੁਰਵਿੰਦਰ ਸਿੰਘ ਵੱਲੋਂ ਉਸ ਨੂੰ ਚੁਬੱਚਾ ਬਣਾਉਣ ਤੋਂ ਰੋਕਿਆ ਗਿਆ ਤਾਂ ਕਥਿਤ ਤੌਰ ’ਤੇ ਤੈਸ਼ ’ਚ ਆ ਕੇ ਉਸ ਨੇ ਆਪਣੇ ਲਾਇਸੈਂਸੀ .32 ਬੋਰ ਪਿਸਤੌਲ ਨਾਲ ਚਾਰ ਫਾਇਰ ਕਰ ਦਿੱਤੇ। ਇਨ੍ਹਾਂ ਵਿਚੋਂ ਤਿੰਨ ਗੋਲ਼ੀਆਂ ਗੁਰਵਿੰਦਰ ਸਿੰਘ ਨੂੰ ਲੱਗੀਆਂ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਗੁਰਵਿੰਦਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਸ ਦੀ ਭੈਣ ਤੇ ਪਿਤਾ ਵਿਦੇਸ਼ ’ਚ ਰਹਿੰਦੇ ਹਨ, ਜਦਕਿ ਉਹ ਆਪਣੀ ਮਾਤਾ ਨਾਲ ਪਿੰਡ ’ਚ ਰਹਿ ਰਿਹਾ ਸੀ। ਪਰਿਵਾਰ ਨੇ ਕਥਿਤ ਮੁਲਜ਼ਮ ’ਤੇ ਪਹਿਲਾਂ ਵੀ ਗੰਭੀਰ ਮਾਮਲੇ ’ਚ ਸ਼ਾਮਲ ਹੋਣ ਦੇ ਦੋਸ਼ ਲਗਾਏ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਜ਼ੀਰਾ ਜਸਪਾਲ ਸਿੰਘ ਢਿੱਲੋਂ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਤੇ ਮੌਕੇ ਤੋਂ ਤੱਥ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਕਥਿਤ ਮੁਲਜ਼ਮ ਨੂੰ ਜਲਦੀ ਕਾਬੂ ਕਰ ਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਰੱਖਿਆ ਗਿਆ ਹੈ।