ਐੱਸਬੀਐੱਸਐੱਸਯੂ ’ਚ ਦੋ ਮਹੀਨੇ ਚੱਲਿਆ ਸਾਲਾਨਾ ਖੇਡ ਮੁਕਾਬਲਾ ਸੰਪੰਨ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਦੋ ਮਹੀਨੇ ਚੱਲਿਆ ਸਾਲਾਨਾ ਖੇਡ ਮੁਕਾਬਲਾ ਰੋਮਾਂਚਕ ਫੁੱਟਬਾਲ ਮੈਚ ਨਾਲ ਸੰਪੰਨ
Publish Date: Tue, 03 Nov 2026 07:04 PM (IST)
Updated Date: Tue, 03 Nov 2026 07:05 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ (ਐੱਸ.ਬੀ.ਐੱਸ.ਐੱਸ.ਯੂ.), ਫ਼ਿਰੋਜ਼ਪੁਰ ਵਿਖੇ 1 ਸਤੰਬਰ 2026 ਤੋਂ ਸ਼ੁਰੂ ਹੋਇਆ ਦੋ ਮਹੀਨੇ ਲੰਮਾ ‘ਸਾਲਾਨਾ ਇੰਟਰਾ-ਯੂਨੀਵਰਸਿਟੀ ਖੇਡ ਮੁਕਾਬਲਾ’ ਅੱਜ ਸਫ਼ਲਤਾਪੂਰਵਕ ਸੰਪੰਨ ਹੋ ਗਿਆ। ਕੈਂਪਸ ਪੱਧਰੀ ਇਸ ਖੇਡ ਮਹਾਂਉਤਸਵ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਅਥਲੈਟਿਕਸ ਤੇ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਭਾਵਨਾ, ਅਨੁਸ਼ਾਸਨ ਅਤੇ ਭਰਪੂਰ ਉਤਸ਼ਾਹ ਨਾਲ ਹਿੱਸਾ ਲਿਆ। ਖੇਡਾਂ ਦਾ ਆਖ਼ਰੀ ਪੜਾਅ 2 ਅਤੇ 3 ਨਵੰਬਰ 2026 ਨੂੰ ਕਰਵਾਏ ਗਏ ਰੋਮਾਂਚਕ ਦੋ-ਰੋਜ਼ਾ ਫੁੱਟਬਾਲ ਟੂਰਨਾਮੈਂਟ ਨਾਲ ਮੁਕੰਮਲ ਹੋਇਆ। ਇਸ ਦੌਰਾਨ ਕਪਤਾਨ ਗੁਰਮਨਦੀਪ ਸਿੰਘ (ਬੀ.ਟੈੱਕ ਸੀ.ਐੱਸ.ਈ.) ਦੀ ਅਗਵਾਈ ਵਾਲੀ ਟੀਮ ਨੇ ਸ਼ਾਨਦਾਰ ਤਾਲਮੇਲ ਅਤੇ ਦਮਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਮ ਕੀਤਾ। ਜਦਕਿ ਕਪਤਾਨ ਅਨਮੋਲ ਸਿੰਘ (ਬੀ.ਸੀ.ਏ.) ਦੀ ਟੀਮ ਨੇ ਸਖ਼ਤ ਟੱਕਰ ਦਿੰਦਿਆਂ ਰਨਰ-ਅੱਪ (ਦੂਜਾ ਸਥਾਨ) ਟਰਾਫ਼ੀ ਹਾਸਲ ਕੀਤੀ। ਸਮਾਪਤੀ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜੀਵ ਅਰੋੜਾ ਨੇ ਜੇਤੂ ਖਿਡਾਰੀਆਂ ਹੌਸਲਾ-ਅਫ਼ਜ਼ਾਈ ਕੀਤੀ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਡਾ. ਅਰੋੜਾ ਨੇ ਕਿਹਾ ਕਿ ਖੇਡਾਂ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਲੀਡਰਸ਼ਿਪ, ਆਪਸੀ ਮਿਲਵਰਤਨ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਹੌਸਲਾ ਪੈਦਾ ਕਰਦੀਆਂ ਹਨ। ਇਸ ਮੌਕੇ ਪ੍ਰਧਾਨ ਸਪੋਰਟਸ ਡਾ. ਅਰੁਣ ਕੁਮਾਰ ਆਸਤੀ ਅਤੇ ਡਾ. ਅਜੇ ਕੁਮਾਰ ਨੇ ਵੀ ਖਿਡਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਦੇ ਖੇਡ ਜਜ਼ਬੇ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਹੋਰ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਦੋ ਮਹੀਨੇ ਚੱਲੇ ਇਸ ਖੇਡ ਸਮਾਗਮ ਦੀ ਸੁਚਾਰੂ ਵਿਉਂਤਬੰਦੀ ਅਤੇ ਪ੍ਰਬੰਧ ਸਪੋਰਟਸ ਇੰਚਾਰਜ (ਲੜਕੀਆਂ) ਨਵਦੀਪ ਕੌਰ ਝੱਜ ਦੀ ਅਗਵਾਈ ਹੇਠ ਨੇਪਰੇ ਚੜ੍ਹੇ। ਸਮਾਪਤੀ ਫੁੱਟਬਾਲ ਟੂਰਨਾਮੈਂਟ ਦਾ ਜ਼ਮੀਨੀ ਪ੍ਰਬੰਧ ਈਵੈਂਟ ਇੰਚਾਰਜ ਡਾ. ਕਮਲ ਖੰਨਾ ਅਤੇ ਕੋ-ਇੰਚਾਰਜ ਸੁਦੀਪਤਾ ਵੱਲੋਂ ਬਾਖ਼ੂਬੀ ਨਿਭਾਇਆ ਗਿਆ। ਸਮਾਗਮ ਦੀ ਸਮਾਪਤੀ ਮੌਕੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਅਤੇ ਅਕਾਦਮਿਕ ਖੇਤਰ ਵਿੱਚ ਕਾਮਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ।