
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੇਵ ਸਮਾਜ ਸਿੱਖਿਆ ਸੰਸਥਾਨ ਫਿਰੋਜ਼ਪੁਰ ਵਿਖੇ ਦੋ ਰੋਜ਼ਾ ਸਤਿਧਰਮ ਬੋਧ ਉਤਸਵ ਦਾ ਹੋਇਆ ਸਮਾਪਨ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਦੇਵ ਸਮਾਜ ਸਿੱਖਿਆ ਸੰਸਥਾਨ ਫਿਰੋਜ਼ਪੁਰ ਵਿਖੇ ਮਿਤੀ 21-22 ਅਗਸਤ 2026 ਨੂੰ ਸਤਿਧਰਮ ਬੋਧ ਉਤਸਵ ਦਾ ਆਯੋਜਨ ਕੀਤਾ ਗਿਆ। ਦੇਵ ਸਮਾਜ ਇਕ ਵਿਗਿਆਨਕ ਧਰਮ ਹੈ, ਜਿਸ ਦੀ ਸਥਾਪਨਾ ਪਰਮ ਪੂਜਨੀਕ ਭਗਵਾਨ ਦੇਵਾਤਮਾ ਜੀ ਨੇ 18 ਫਰਵਰੀ 1887 ਨੂੰ ਕੀਤੀ। ਭਗਵਾਨ ਦੇਵਾਤਮਾ ਜੀ ਦੁਆਰਾ ਰਚਿਤ ਚਾਰ ਦੇਵ ਸ਼ਾਸਤਰਾਂ ਤੋਂ ਆਤਮਾ ਦਾ ਗਿਆਨ ਅਤੇ ਬੋਧ ਪ੍ਰਾਪਤ ਹੁੰਦਾ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਕਿ ਇਕ ਮਨੁੱਖ ਆਪਣੇ ਨੀਚ ਅਨੁਰਾਗਾਂ ਅਤੇ ਨੀਚ ਗਤੀਆਂ ਤੋਂ ਕਿਵੇਂ ਮੁਕਤੀ ਪ੍ਰਾਪਤ ਕਰ ਸਕਦਾ ਹੈ ਅਤੇ ਸੇਵਾਕਾਰੀ ਜੀਵਨ ਬਤੀਤ ਕਰ ਸਕਦਾ ਹੈ, ਦੇਵ ਸਮਾਜ ਦੀ ਕਾਰਜ-ਪ੍ਰਣਾਲੀ ਅਨੁਸਾਰ ਇਨ੍ਹਾਂ ਸਤਿਸੰਗਾਂ ਅਤੇ ਉਤਸਵਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਦੇਵ ਸਮਾਜ ਸਿੱਖਿਆ ਸੰਸਥਾਨ ਫਿਰੋਜ਼ਪੁਰ ਵਿਖੇ 21-22 ਅਗਸਤ ਨੂੰ ਸਤਿਧਰਮ ਬੋਧ ਉਤਸਵ ਦਾ ਆਯੋਜਨ ਕੀਤਾ ਗਿਆ। ਮਿਤੀ 21-22 ਅਗਸਤ 2026 ਨੂੰ ਪਹਿਲੀ ਸਭਾ ਵਿੱਚ ਦੇਵ ਸਮਾਜ ਪ੍ਰਬੰਧ ਪਰਿਸ਼ਦ ਦੀ ਪ੍ਰਧਾਨ ਅਤੇ ਦੇਵ ਸਮਾਜ ਕਾਲਜ ਸਿੱਖਿਆ ਸੰਸਥਾਨ ਫਿਰੋਜ਼ਪੁਰ ਦੀ ਚੇਅਰਪਰਸਨ, ਪ੍ਰੋ. (ਡਾ.) ਅਗਨੀਜ਼ ਢਿੱਲੋਂ, ਸੈਕਟਰੀ ਦੇਵ ਸਮਾਜ, ਦੇਵ ਸਮਾਜ ਕਾਲਜ ਪ੍ਰਬੰਧ ਕਮੇਟੀ ਦੇ ਕਾਊਂਸਲਰ ਰਾਮ ਵਿਲਾਸ ਪਾਂਡੇ, ਕਾਊਂਸਲਰ ਮਨੋਜ ਮਦਾਨ, ਕਾਊਂਸਲਰ ਸ੍ਰੀ ਜਗਦੀਸ਼ ਰਾਏ ਗਾਬਾ, ਮਾਨਵਿੰਦਰ ਸਿੰਘ ਮਾਂਗਟ, ਮੁੱਖ ਪ੍ਰਸ਼ਾਸਨਿਕ ਅਧਿਕਾਰੀ, ਮੁੱਖ ਦਫ਼ਤਰ, ਸੈਕਟਰ 36-ਬੀ, ਚੰਡੀਗੜ੍ਹ, ਪ੍ਰਤੀਨਿਧੀ ਸਭਾ ਦੇ ਮੈਂਬਰ, ਸੰਸਥਾਨ ਫਿਰੋਜ਼ਪੁਰ ਦੇ ਧਰਮ-ਸੰਬੰਧੀ, ਦੇਵ ਸਮਾਜ ਸੰਸਥਾਨ ਫਿਰੋਜ਼ਪੁਰ ਦੇ ਸਕੱਤਰ ਅਜੈ ਬੱਤਾ, ਸਾਰੇ ਪ੍ਰਿੰਸੀਪਲ ਅਤੇ ਸਮੂਹ ਟੀਚਿੰਗ/ਨਾਨ-ਟੀਚਿੰਗ ਸਟਾਫ਼ ਦੀ ਭਾਗੀਦਾਰੀ ਰਹੀ। 21 ਅਗਸਤ 2026 ਨੂੰ ਪਹਿਲੀ ਸਭਾ ਦਾ ਸ਼ੁਭ ਆਰੰਭ ਭਗਵਾਨ ਦੇਵਾਤਮਾ ਜੀ ਦੀ ਮਹਿਮਾ ਵਿਸ਼ੇ ’ਤੇ ਭਜਨ ਨਾਲ ਹੋਇਆ। ਇਸ ਸਭਾ ਦੇ ਸਭਾਪਤੀ ਰਾਮ ਵਿਲਾਸ ਪਾਂਡੇ ਸਨ। ਉਨ੍ਹਾਂ ਨੇ ਪ੍ਰਵੇਸ਼ ਸਭਾ ਕਰਵਾਈ ਅਤੇ ਦੱਸਿਆ ਕਿ ਅਸੀਂ ਕਿਸੇ ਵੀ ਕਾਰਜ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਹੀ ਪ੍ਰਾਪਤ ਕਰ ਸਕਦੇ ਹਾਂ। ਨਿਯਮਾਂ ਅਨੁਸਾਰ ਚੱਲ ਕੇ ਹੀ ਸਾਡਾ ਵਿਕਾਸ ਹੋ ਸਕਦਾ ਹੈ। ਸਭਾਪਤੀ ਮਨੋਜ ਮਦਾਨ ਜੀ ਨੇ ਮਨੁੱਖ ਹੋਣ ਦੀ ਮਹੱਤਤਾ ’ਤੇ ਪ੍ਰਕਾਸ਼ ਪਾਉਂਦਿਆਂ ਮਨੁੱਖ ਦੇ ਭਗਤਿਤਵ ਦੇ ਬਹੁ-ਪੱਖੀ ਪਾਸਿਆਂ ਨੂੰ ਪਰਮ ਪੂਜਨੀਕ ਭਗਵਾਨ ਦੇਵਾਤਮਾ ਜੀ ਦੀ ਅਦੁੱਤੀ ਸਿੱਖਿਆ ਅਨੁਸਾਰ ਸਭ ਦੇ ਸਾਹਮਣੇ ਰੱਖਿਆ। ਸੈਕਟਰੀ ਦੇਵ ਸਮਾਜ ਡਾ. ਅਗਨੀਜ਼ ਢਿੱਲੋਂ ਜੀ ਨੇ ਸਭਾ ਕਰਵਾਈ। ਉਨ੍ਹਾਂ ਦੀ ਸਭਾ ਦਾ ਵਿਸ਼ਾ “ਆਪਣੇ ਆਪ ਨੂੰ ਜਾਣੋ” ਸੀ। ਉਨ੍ਹਾਂ ਨੇ ਦੱਸਿਆ ਕਿ ਆਪਣੇ ਆਪ ਨੂੰ ਜਾਣਨ ਵਿੱਚ ਜੋ ਰੁਕਾਵਟਾਂ ਪੇਸ਼ ਆਉਂਦੀਆਂ ਹਨ, ਉਨ੍ਹਾਂ ਦੇ ਤਿੰਨ ਮੁੱਖ ਕਾਰਨ ਹਨ। ਸਾਡੇ ਅੰਦਰ ਮੁੱਖ ਅਤੇ ਗੌਣ ਵਿੱਚ ਅੰਤਰ ਖਤਮ ਹੋ ਜਾਂਦਾ ਹੈ। ਮੁੱਖ ਕਾਰਜ ਗੌਣ ਹੋ ਜਾਂਦੇ ਹਨ ਅਤੇ ਗੌਣ ਨੂੰ ਮੁੱਖ ਸਮਝਿਆ ਜਾਣ ਲੱਗਦਾ ਹੈ। ਮਕਸਦ ਅਤੇ ਸਾਧਨ ਵਿੱਚ ਫ਼ਰਕ ਖਤਮ ਹੋ ਜਾਂਦਾ ਹੈ। ਜਿਵੇਂ ਸਾਡੇ ਜੀਵਨ ਦਾ ਮਕਸਦ ਸੇਵਾ ਹੈ, ਪਰ ਕੋਠੀ, ਕਾਰ, ਜ਼ਮੀਨ-ਜਾਇਦਾਦ ਆਦਿ ਮੁੱਖ ਬਣ ਜਾਂਦੇ ਹਨ। ਮਨੁੱਖ ਸਵਾਰਥੀ ਜੀਵਨ ਜੀ ਕੇ ਆਪਣੀ ਆਤਮਾ ਦਾ ਨਾਸ ਕਰਦਾ ਹੈ। ਮਨੁੱਖ ਇਨਸਾਨਾਂ ਅਤੇ ਘਟਨਾਵਾਂ ਨੂੰ ਉਲਟੇ ਰੂਪ ਵਿੱਚ ਦੇਖਣ ਲੱਗ ਪੈਂਦਾ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਵਿਗਿਆਨਕ ਕਾਰਲ ਮਾਰਕਸ, ਸੈਂਗਨ ਅਤੇ ਸੁਕਰਾਤ ਦੇ ਉਦਾਹਰਨ ਦੇ ਕੇ ਸਮਝਾਇਆ। ਉਨ੍ਹਾਂ ਨੇ ਪੂਰਵ ਸੈਕਟਰੀ ਦੇਵ ਸਮਾਜ, ਸ਼ਰਧੇਯ ਨਿਰਮਲ ਸਿੰਘ ਦੀ ਵਿਚਾਰਧਾਰਾ ਨਾਲ ਵੀ ਜਾਣੂ ਕਰਵਾਇਆ। ਇਸ ਤੋਂ ਇਲਾਵਾ ਹਰਿਨਾਮ ਸਿੰਘ ਅਤੇ ਜਗਦੀਸ਼ ਚੰਦਰ ਭਾਰਦਵਾਜ ਦੇ ਉੱਚ ਜੀਵਨ ਦੇ ਦ੍ਰਿਸ਼ਟਾਂਤ ਦੇ ਕੇ ਉੱਚ ਆਦਰਸ਼ ਪੇਸ਼ ਕੀਤੇ। ਦੁਪਹਿਰ 12 ਵਜੇ ਸਭਾ ਜਗਦੀਸ਼ ਰਾਏ ਜੀ ਗਾਬਾ ਨੇ ਕਰਵਾਈ। ਸਤਿਸੰਗ ਵਿੱਚ ਆਏ ਹੋਰ ਜਨ ਨੇ ਵੀ ਦੇਵ ਸਮਾਜ ਪ੍ਰਬੰਧ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਕਈ ਤਰ੍ਹਾਂ ਨਾਲ ਆਪਣੇ ਜੀਵਨ ਨੂੰ ਸੁਧਾਰਨ ਦੀ ਪ੍ਰਤਿਗਿਆ ਕੀਤੀ। ਭਗਵਾਨ ਦੇਵਾਤਮਾ ਜੀ ਦੀ ਜੈ-ਧੁਨੀ ਨਾਲ ਸਭਾ ਦੀ ਸਮਾਪਤੀ ਹੋਈ।