ਸੜਕ ਹਾਦਸੇ ’ਚ ਕੌਂਸਲਰ ਭੁੱਲਰ ਦੇ ਪੁੱਤ ਸਮੇਤ ਦੋ ਨੌਜਵਾਨਾਂ ਦੀ ਮੌਤ ਸੜਕ ਹਾਦਸੇ ਵਿੱਚ ਕੌਂਸਲਰ ਕਸ਼ਮੀਰ ਸਿੰਘ ਭੁੱਲਰ ਦੇ ਪੁੱਤਰ ਸਮੇਤ ਦੋ ਨੌਜਵਾਨਾਂ ਦੀ ਮੌਤ
Publish Date: Fri, 02 Oct 2026 05:03 PM (IST)
Updated Date: Fri, 02 Oct 2026 05:04 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ-ਮੱਲਾਂਵਾਲਾ ਸੜਕ ’ਤੇ ਬੀਤੀ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨੌਰੰਗ ਸਿੰਘ ਵਾਲਾ ਨੇੜੇ ਵਾਪਰੇ ਹਾਦਸੇ ਵਿੱਚ ਮਾਰੇ ਗਏ ਨੌਜਵਾਨਾਂ ਦੀ ਪਛਾਣ ਪਰਮਿੰਦਰ ਸਿੰਘ ਭੁੱਲਰ (22) ਪੁੱਤਰ ਕਸ਼ਮੀਰ ਸਿੰਘ ਭੁੱਲਰ ਕੌਂਸਲਰ ਵਾਸੀ ਜ਼ੀਰਾ ਅਤੇ ਅਨਮੋਲ ਸਿੰਘ ਹੁੰਦਲ (21) ਪੁੱਤਰ ਹਰਪਾਲ ਸਿੰਘ ਹੁੰਦਲ ਵਾਸੀ ਪਿੰਡ ਬਹੌਲਪੁਰ ਵਜੋਂ ਹੋਈ ਹੈ। ਦੋਵੇਂ ਨੌਜਵਾਨ ਬੀਤੀ ਰਾਤ ਕਰੀਬ 11.30 ਵਜੇ ਮੋਟਰਸਾਈਕਲ ’ਤੇ ਮੱਲਾਂਵਾਲਾ ਤੋਂ ਜ਼ੀਰਾ ਵੱਲ ਆ ਰਹੇ ਸਨ। ਜਦੋਂ ਉਹ ਪਿੰਡ ਨੌਰੰਗ ਸਿੰਘ ਵਾਲਾ ਨੇੜੇ ਪੁੱਜੇ ਤਾਂ ਰਾਤ ਦੇ ਹਨੇਰੇ ਕਾਰਨ ਸੜਕ ਕਿਨਾਰੇ ਲੰਘਦੇ ਸੂਏ ਦੀ ਪੁਲੀ ਦਾ ਮੋਟਰਸਾਈਕਲ ਨਾਲ ਟਕਰਾਅ ਹੋ ਗਿਆ।ਟੱਕਰ ਤੋਂ ਬਾਅਦ ਮੋਟਰਸਾਈਕਲ ਸਮੇਤ ਦੋਵੇਂ ਨੌਜਵਾਨ ਸੂਏ ਵਿੱਚ ਜਾ ਡਿੱਗੇ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।ਹਾਦਸੇ ਦੀ ਸੂਚਨਾ ਮਿਲਦਿਆਂ ਹੀ 112 ਐਂਬੂਲੈਂਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਦੋਵੇਂ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਗਿਆ।ਹਸਪਤਾਲ ਵਿੱਚ ਮੌਜੂਦ ਡਾਕਟਰਾਂ ਨੇ ਜਾਂਚ ਉਪਰੰਤ ਪਰਮਿੰਦਰ ਸਿੰਘ ਭੁੱਲਰ ਅਤੇ ਅਨਮੋਲ ਸਿੰਘ ਹੁੰਦਲ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਅਤੇ ਜਾਣਕਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਜਵਾਨ ਉਮਰ ਵਿੱਚ ਦੋ ਕੀਮਤੀ ਜ਼ਿੰਦਗੀਆਂ ਦੇ ਅਚਾਨਕ ਖ਼ਤਮ ਹੋਣ ਨਾਲ ਇਲਾਕੇ ਵਿੱਚ ਵੀ ਮਾਹੌਲ ਗਮਗੀਨ ਬਣਿਆ ਹੋਇਆ ਹੈ।