ਸੰਘਣੀ ਧੁੰਦ ਕਾਰਨ ਟਰੱਕ–ਬੁਲਟ ਦੀ ਟੱਕਰ ’ਚ ਦੋ ਹਲਾਕ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 17 Jan 2026 07:42 PM (IST)
Updated Date: Sat, 17 Jan 2026 07:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ-ਝਤਰਾ ਰੋਡ ’ਤੇ ਸ਼ੁੱਕਰਵਾਰ ਸੰਘਣੀ ਧੁੰਦ ਕਾਰਨ ਸਾਹਮਣੇ ਤੋਂ ਆ ਰਹੇ ਇਕ ਟਰੱਕ ਤੇ ਬੁਲਟ ਮੋਟਰਸਾਈਕਲ ਦੀ ਭਿਆਨਕ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਮਹਿਕਪ੍ਰੀਤ ਸਿੰਘ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਪਰਮਿੰਦਰ ਸਿੰਘ (30) ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਆਸ਼ੀਕੇ ਜ਼ਿਲ੍ਹਾ ਫਿਰੋਜ਼ਪੁਰ, ਆਪਣੇ ਸਾਲੇ ਦੇ ਪੁੱਤਰ ਸੁਖਮਨਦੀਪ ਸਿੰਘ (15) ਪੁੱਤਰ ਜਤਿੰਦਰ ਸਿੰਘ ਵਾਸੀ ਪਿੰਡ ਖਡੂਰ ਨਾਲ ਬੁਲਟ ਮੋਟਰਸਾਈਕਲ (ਪੀਬੀ05-ਏਡੀ-3623) ’ਤੇ ਸਵਾਰ ਹੋ ਕੇ ਆਸ਼ੀਕੇ ਤੋਂ ਮੋਗਾ ਵੱਲ ਜਾ ਰਹੇ ਸਨ। ਜਦੋਂ ਉਹ ਜ਼ੀਰਾ ਦੇ ਪਿੰਡ ਝਤਰਾ ਨੇੜੇ ਪਹੁੰਚੇ ਤਾਂ ਸੰਘਣੀ ਧੁੰਦ ਕਾਰਨ ਦਿੱਸਣ ਹੱਦ ਘੱਟ ਹੋਣ ਕਾਰਨ ਸਾਹਮਣੇ ਤੋਂ ਆ ਰਹੇ ਇਕ ਅਣਪਛਾਤੇ ਟਰੱਕ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਬੁਲਟ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਟਰੱਕ ਚਾਲਕ ਹਾਦਸੇ ਪਿੱਛੋਂ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਪਰਮਿੰਦਰ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ ਬੱਚਿਆਂ ਨੂੰ ਛੱਡ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਜ਼ੀਰਾ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲਾ ਦਰਜ ਕਰ ਕੇ ਫ਼ਰਾਰ ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਭੇਜ ਦਿੱਤਾ ਗਿਆ ਹੈ