ਨਵੀਂ ਆਈ ਆਰਟੀਏ ’ਤੇ ਟਰਾਂਸਪੋਰਟਰਾਂ ਨੇ ਲਾਏ ‘ਵਸੂਲੀ’ ਦੇ ਦੋਸ਼
ਨਵੀਂ ਆਈ ਆਰ ਟੀ ਏ ’ਤੇ ਟਰਾਂਸਪੋਰਟਰਾਂ ਲਾਏ ‘ਵਸੂਲੀ’ ਦੇ ਦੋਸ਼
Publish Date: Tue, 24 Mar 2026 07:32 PM (IST)
Updated Date: Tue, 24 Mar 2026 07:34 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦਾ ਆਰਟੀਏ ਦਫਤਰ ਇੱਕ ਵਾਰ ਫਿਰ ਗੰਭੀਰ ਵਿਵਾਦਾਂ ’ਚ ਘਿਰ ਗਿਆ ਹੈ। ਨਵੀਂ ਤਾਇਨਾਤ ਆਰਟੀਏ ਅਧਿਕਾਰੀ ਤੁਸ਼ਿਤਾ ਗੁਲਾਟੀ ’ਤੇ ਟਰਾਂਸਪੋਰਟਰਾਂ ਵੱਲੋਂ ਨਜਾਇਜ਼ ਵਸੂਲੀ ਅਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਹਨ, ਜਦਕਿ ਆਰਟੀਏ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਟਰਾਂਸਪੋਰਟਰਾਂ ’ਤੇ ਹੀ ਧਮਕਾਉਣ ਦੇ ਆਰੋਪ ਲਗਾਏ ਹਨ। ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਗੱਲਬਾਤ ਦੌਰਾਨ ਪਰਗੱਟ ਸਾਹਿਬ ਟਰਾਂਸਪੋਰਟਰ ਯੂਨੀਅਨ ਨੇ ਦੋਸ਼ ਲਗਾਇਆ ਕਿ ਫਿਰੋਜ਼ਪੁਰ ਦੀ ਆਰਟੀਏ ਮੈਡਮ ਵੱਲੋਂ ਰਾਤ ਸਮੇਂ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਦੇ ਨਾਂ ’ਤੇ ਰਿਸ਼ਵਤ ਮੰਗੀ ਜਾਂਦੀ ਹੈ। ਟਰਾਂਸਪੋਰਟਰਾਂ ਨੇ ਗੰਭੀਰ ਦੋਸ਼ ਲਗਾਏ ਕਿ ਆਰਟੀਏ ਅਧਿਕਾਰੀ ਵੱਲੋਂ ਆਪਣੇ ਨਜ਼ਦੀਕੀ ਰਿਸ਼ਤੇਦਾਰ ਨਾਲ ਮਿਲ ਕੇ ਅੰਡਰਵੇਟ ਵਾਹਨਾਂ ਨੂੰ ਵੀ ਜਬਰਦਸਤੀ ਰੋਕ ਕੇ ਮੋਟੇ ਜੁਰਮਾਨੇ ਕੀਤੇ ਜਾਂਦੇ ਹਨ। ਯੂਨੀਅਨ ਦੇ ਪ੍ਰਤੀਨਿਧੀਆਂ ਮੁਤਾਬਕ 22 ਮਾਰਚ ਦੀ ਰਾਤ ਇੱਕ ਟਰੱਕ, ਜੋ ਕਿ ਅੰਡਰਵੇਟ ਸੀ, ਨੂੰ ਰੋਕ ਕੇ 20 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਜਦੋਂ ਡਰਾਈਵਰ ਨੇ ਰਕਮ ਦੇਣ ਤੋਂ ਇਨਕਾਰ ਕੀਤਾ ਤਾਂ 29 ਹਜ਼ਾਰ ਰੁਪਏ ਦਾ ਚਲਾਨ ਕਰ ਦਿੱਤਾ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ’ਚ ਤੁਰੰਤ ਕਾਰਵਾਈ ਨਾ ਹੋਈ ਤਾਂ ਉਹ ਆਰਟੀਏ ਦਫਤਰ ਅੱਗੇ ਧਰਨਾ ਦੇਣਗੇ ਅਤੇ ਲੋੜ ਪੈਣ ’ਤੇ ਨੈਸ਼ਨਲ ਹਾਈਵੇ ਜਾਮ ਕਰਨ ਤੋਂ ਵੀ ਹਿਚਕਿਚਾਉਣਗੇ ਨਹੀਂ। ਇਸ ਸਬੰਧੀ ਵਿਜੀਲੈਂਸ ਵਿਭਾਗ ਚੰਡੀਗੜ੍ਹ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ। ਦੂਜੇ ਪਾਸੇ ਆਰਟੀਏ ਤੁਸ਼ਿਤਾ ਗੁਲਾਟੀ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਮੱਖੂ ਵਿਖੇ ਲਗਾਏ ਨਾਕੇ ਦੌਰਾਨ ਇੱਕ ਬਜਰੀ ਨਾਲ ਭਰੀ ਗੱਡੀ ਨੂੰ ਓਵਰਲੋਡ ਹੋਣ ਕਰਕੇ ਕਾਨੂੰਨੀ ਤੌਰ ’ਤੇ ਰੋਕਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਗੱਡੀ ਨੂੰ ਬੋਂਡ ਕਰਕੇ ਚਲਾਨ ਕੀਤਾ ਗਿਆ, ਪਰ ਕਾਰਵਾਈ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਗਿਆ, ਜਿਸ ਨਾਲ ਸਾਰੀ ਸਥਿਤੀ ਸਪੱਸ਼ਟ ਹੋ ਜਾਂਦੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਬਾਅਦ ਵਿੱਚ ਉਨ੍ਹਾਂ ਦੇ ਗੰਨਮੈਨ ਨੂੰ ਫੋਨ ’ਤੇ ਧਮਕੀਆਂ ਮਿਲੀਆਂ, ਜਿਸ ਦੀ ਸ਼ਿਕਾਇਤ 112 ’ਤੇ ਦਰਜ ਕਰਵਾਈ ਗਈ ਹੈ। ਆਰਟੀਏ ਦਾ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਕਾਨੂੰਨੀ ਕਾਰਵਾਈ ਨੂੰ ਬਦਨਾਮ ਕਰਨ ਲਈ ਬਣਾਈ ਗਈ ਸਾਜ਼ਿਸ਼ ਹੈ। ਫਿਲਹਾਲ, ਦੋਵਾਂ ਪੱਖਾਂ ਦੇ ਵਿਰੋਧੀ ਦਾਅਵਿਆਂ ਕਾਰਨ ਸੱਚਾਈ ’ਤੇ ਸਵਾਲ ਬਣੇ ਹੋਏ ਹਨ। ਹੁਣ ਨਜ਼ਰ ਪ੍ਰਸ਼ਾਸਨ ਦੀ ਜਾਂਚ ’ਤੇ ਹੈ ਕਿ ਆਖ਼ਿਰਕਾਰ ਇਸ ਵਿਵਾਦ ’ਚ ਸੱਚ ਕੌਣ ਬੋਲ ਰਿਹਾ ਹੈ।