ਵਪਾਰਕ, ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਵੱਲੋਂ ਬੰਦ ਦੀ ਹਮਾਇਤ ਪੰਜਾਬ ਬੰਦ ਦੇ ਸੱਦੇ 'ਤੇ ਵਪਾਰਕ, ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਵੱਲੋਂ ਕਾਰੋਬਾਰ ਬੰਦ ਰੱਖ ਸਮਰਥਨ ਦਿੱਤਾ
Publish Date: Fri, 21 Aug 2026 03:40 PM (IST)
Updated Date: Fri, 21 Aug 2026 03:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਬੰਦੀ ਸਿੱਖਾਂ ਦੀ ਰਿਹਾਈ ਦੇ ਸਬੰਧ ਵਿਚ ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ’ਤੇ ਜਿਥੇ ਵਪਾਰਕ, ਦੁਕਾਨਦਾਰਾਂ, ਵਿਦਿਅਕ ਅਦਾਰੇ ਅਤੇ ਰੇਹੜੀ ਫੜੀ ਵਾਲਿਆਂ ਵੱਲੋਂ ਆਪਣਾ ਕਾਰੋਬਾਰ ਬੰਦ ਰੱਖਿਆ ਗਿਆ। ਉੱਥੇ ਵੱਖ ਵੱਖ ਜੱਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਉੱਤੇ ਧਰਨਾ ਲਗਾ ਕੇ ਹਾਈਵੇ ਜਾਮ ਕੀਤਾ ਗਿਆ। ਪੰਜਾਬ ਬੰਦ ਦੌਰਾਨ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਥਾਣਾ ਮਖੂ ਦੇ ਪੁਲਿਸ ਮੁਲਾਜਮਾਂ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਅਤੇ ਵੱਖ ਵੱਖ ਥਾਵਾਂ ਤੇ ਲਗਾਤਾਰ ਗਸ਼ਤ ਕੀਤੀ ਜਾ ਰਹੀ ਸੀ। ਨੈਸ਼ਨਲ ਹਾਈਵੇ-54 ਤੇ ਬਿਜਲੀ ਦਫਤਰ ਦੇ ਨਜਦੀਕ ਇਨਸਾਫ਼ ਪਸੰਦ ਜਥੇਬੰਦੀਆਂ ਅਤੇ ਹੋਰ ਸੰਗਤਾਂ ਵੱਲੋਂ ਲਗਾਏ ਹੋਏ ਧਰਨੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਹਰਜਿੰਦਰ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਸਮਰਥਨ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਅਤੇ ਸਿੱਖਾਂ ਨਾਲ ਹਮੇਸ਼ਾਂ ਮਤਰੇਈ ਮਾਂ ਵਾਲਾ ਸਲੂਕ ਕਰਦੀ ਰਹੀ ਹੈ। ਕਈ ਬੰਦੀ ਸਿੰਘ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਕੇਂਦਰ ਸਰਕਾਰ ਕੌਮੀ ਇਨਸਾਫ਼ ਮੋਰਚੇ ਦੀ ਮੰਗ ਨੂੰ ਪੂਰਾ ਕਰੇ ਅਤੇ ਪਿਛਲੇ ਕਈ ਸਾਲਾਂ ਤੋਂ ਜੋ ਜੇਲਾਂ ਵਿੱਚ ਬੰਦ ਹਨ ਉਨ੍ਹਾਂ ਨੂੰ ਰਿਹਾਅ ਕਰੇ।