ਪੰਜਾਬ ਬੰਦ ਦੇ ਮੱਦੇਨਜ਼ਰ ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਸਖ਼ਤ ਸੁਰੱਖਿਆ ਜਾਂਚ ਪੰਜਾਬ ਬੰਦ ਦੇ ਮੱਦੇਨਜ਼ਰ ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਸਖ਼ਤ ਸੁਰੱਖਿਆ ਜਾਂਚ
Publish Date: Fri, 21 Aug 2026 03:41 PM (IST)
Updated Date: Fri, 21 Aug 2026 03:42 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਬੰਦ ਦੀ ਕਾਲ ਦੇ ਮੱਦੇਨਜ਼ਰ ਰੇਲਵੇ ਮੁਸਾਫ਼ਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਜੀਆਰਪੀ ਵੱਲੋਂ ਵਿਸ਼ੇਸ਼ ਸਰਚ ਅਤੇ ਪੈਸੰਜਰ ਅਵੇਰਨੈੱਸ ਮੁਹਿੰਮ ਚਲਾਈ ਗਈ। ਪੁਲਿਸ ਟੀਮਾਂ ਨੇ ਪਲੇਟਫਾਰਮਾਂ, ਟਰੇਨਾਂ, ਵੇਟਿੰਗ ਏਰੀਆ, ਪਾਰਕਿੰਗ ਅਤੇ ਐਂਟਰੀ-ਐਕਸਿਟ ਗੇਟਾਂ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਮੁਸਾਫ਼ਰਾਂ ਨੂੰ ਵੀ ਸਾਵਧਾਨ ਰਹਿਣ ਲਈ ਜਾਗਰੂਕ ਕੀਤਾ। ਇਹ ਕਾਰਵਾਈ ਸਪੈਸ਼ਲ ਡੀਜੀਪੀ, ਜੀਆਰਪੀ ਪਟਿਆਲਾ ਅਤੇ ਡੀਐੱਸਪੀ ਜ਼ੋਨਲ ਜੀਆਰਪੀ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ। ਜੀਆਰਪੀ ਪੁਲਿਸ ਟੀਮ ਵੱਲੋਂ ਪੈਸੰਜਰ ਅਵੇਰਨੈੱਸ ਅਤੇ ਸਰਚ ਅਪ੍ਰੇਸ਼ਨ ਤਹਿਤ ਫਿਰੋਜ਼ਪੁਰ ਰੇਲਵੇ ਸਟੇਸ਼ਨ ਦੇ ਵੱਖ-ਵੱਖ ਹਿੱਸਿਆਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ। ਇਸ ਦੌਰਾਨ ਰੇਲਵੇ ਪਲੇਟਫਾਰਮਾਂ, ਆਉਣ-ਜਾਣ ਵਾਲੀਆਂ ਟਰੇਨਾਂ, ਵੇਟਿੰਗ ਏਰੀਆ, ਮੋਟਰਸਾਇਕਲ ਪਾਰਕਿੰਗ, ਐਂਟਰੀ ਅਤੇ ਐਕਸਿਟ ਗੇਟਾਂ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਅਤੇ ਸਮਾਨ ਦੀ ਵੀ ਜਾਂਚ ਕੀਤੀ ਗਈ। ਪੁਲਿਸ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਨਹੀਂ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਅਤੇ ਟਰੇਨਾਂ ਰਾਹੀਂ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੀ ਸੁਰੱਖਿਆ ਪੁਲਿਸ ਦੀ ਮੁੱਖ ਤਰਜੀਹ ਹੈ। ਇਸੇ ਮਕਸਦ ਨਾਲ ਸਟੇਸ਼ਨ ਦੇ ਅਹਿਮ ਸਥਾਨਾਂ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਮੌਕੇ ਜੀਆਰਪੀ ਵੱਲੋਂ ਰੇਲਵੇ ਮੁਸਾਫ਼ਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਗਿਆ ਕਿ ਜੇਕਰ ਉਨ੍ਹਾਂ ਨੂੰ ਸਟੇਸ਼ਨ ਜਾਂ ਟਰੇਨ ਵਿਚ ਕੋਈ ਸ਼ੱਕੀ ਵਿਅਕਤੀ, ਸ਼ੱਕੀ ਵਸਤੂ ਜਾਂ ਲਾਵਾਰਿਸ ਸਮਾਨ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਖੁਦ ਛੂਹਣ ਜਾਂ ਹਿਲਾਉਣ ਦੀ ਬਜਾਏ ਤੁਰੰਤ ਨਜ਼ਦੀਕੀ ਜੀਆਰਪੀ ਜਾਂ ਆਰਪੀਐੱਫ ਨੂੰ ਇਸ ਸਬੰਧੀ ਸੂਚਿਤ ਕੀਤਾ ਜਾਵੇ। ਪੁਲਿਸ ਨੇ ਮੁਸਾਫ਼ਰਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਪ੍ਰਬੰਧਾਂ ਵਿਚ ਪੁਲਿਸ ਅਤੇ ਰੇਲਵੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਜਾਣਕਾਰੀ ਦੇਣ। ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਅਤੇ ਆਸ-ਪਾਸ ਦੇ ਇਲਾਕੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵਿਸ਼ੇਸ਼ ਚੌਕਸੀ ਜਾਰੀ ਰੱਖੀ ਜਾਵੇਗੀ।