- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਰਮਨੀ ਆਯੂਰਵੈਦਿਕ ਕਾਲਜ ਵਿਖੇ ਤਿੰਨ ਰੋਜ਼ਾ ਵਿਸ਼ੇਸ਼ ਮੈਡੀਕਲ ਕੈਂਪ ਸਫਲਤਾਪੂਰਵਕ ਸੰਪੰਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ, ਫਿਰੋਜ਼ਪੁਰ ਵਿਖੇ ਸਵਾਮੀ ਅਨਾਦੇਸ਼ਵਰਾਨੰਦ ਗਿਰੀ ਜੀ (ਜੂਨਾ ਅਖਾੜਾ, ਦਿੱਲੀ) ਵੱਲੋਂ ਲਗਾਇਆ ਗਿਆ ਤਿੰਨ ਰੋਜ਼ਾ ਵਿਸ਼ੇਸ਼ ਮੈਡੀਕਲ ਕੈਂਪ ਅਤੇ ਸੈਮੀਨਾਰ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਰੋਗ ਮੁਕਤ, ਦਵਾ ਮੁਕਤ ਅਤੇ ਨਿਰੋਗ ਜੀਵਨ ਜਿਊਣ ਪ੍ਰਤੀ ਜਾਗਰੂਕ ਕਰਨਾ ਸੀ। ਇਹ ਉਪਰਾਲਾ ਮਹੰਤ ਰਾਜੇਸ਼ ਗਿਰੀ ਜੀ (ਸੰਗਠਨ ਮੰਤਰੀ, ਸੰਤ ਸਮਾਜ ਟਰੱਸਟ, ਜੰਮੂ-ਕਸ਼ਮੀਰ) ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਕੈਂਪ ਦੌਰਾਨ ਸਵਾਮੀ ਅਨਾਦੇਸ਼ਵਰਾਨੰਦ ਗਿਰੀ ਜੀ ਨੇ ਬੀ.ਏ.ਐੱਮ.ਐੱਸ. ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਸੈਮੀਨਾਰ ਕਰਦਿਆਂ ਆਯੁਰਵੈਦ ਦੇ ਪ੍ਰਾਚੀਨ ਸਿਧਾਂਤਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਆਯੁਰਵੈਦ ਦਾ ਮੁੱਖ ਮਨੋਰਥ ਸਿਰਫ਼ ਬਿਮਾਰੀ ਦਾ ਇਲਾਜ ਕਰਨਾ ਹੀ ਨਹੀਂ, ਸਗੋਂ ਸਰੀਰ ਨੂੰ ਰੋਗਾਂ ਤੋਂ ਬਚਾਉਣਾ ਹੈ। ਉਨ੍ਹਾਂ ਨੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸੰਤੁਲਿਤ ਖੁਰਾਕ, ਨਿਯਮਤ ਕਸਰਤ ਅਤੇ ਕੁਦਰਤੀ ਜੀਵਨ-ਢੰਗ ਅਪਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਕੈਂਪ ਵਿਚ ਆਏ ਮਰੀਜ਼ਾਂ ਦੀ ਮੁਫ਼ਤ ਸਿਹਤ ਜਾਂਚ ਕਰਕੇ ਉਨ੍ਹਾਂ ਨੂੰ ਆਯੁਰਵੈਦਿਕ ਇਲਾਜ ਅਤੇ ਜ਼ਰੂਰੀ ਸਲਾਹ ਦਿੱਤੀ ਗਈ। ਪ੍ਰਿੰਸੀਪਲ ਡਾ. ਐੱਮ. ਪੀ. ਸਿੰਘ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਅਤੇ ਮਰੀਜ਼ਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਧਰਮਪਾਲ ਬਾਂਸਲ ਨੇ ਸਵਾਮੀ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਸ ਤੋਂ ਬਾਅਦ ਧਰਮਪਾਲ ਬਾਂਸਲ ਦੇ ਯਤਨਾਂ ਨਾਲ ਸਵਾਮੀ ਜੀ ਦਾ ਇਕ ਸੈਮੀਨਾਰ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ, ਫ਼ਿਰੋਜ਼ਪੁਰ ਵਿਖੇ ਵੀ ਕਰਵਾਇਆ ਗਿਆ। ਇਸ ਸਮਾਗਮ ਵਿਚ ਬਲਦੇਵ ਸਿੰਘ, ਪ੍ਰਵੇਸ਼ ਸਿਡਾਣਾ, ਮੋਹਿਮੰਦਰ ਬਜਾਜ, ਸੂਰਜ ਮਹਿਤਾ, ਪੀ.ਡੀ. ਸ਼ਰਮਾ, ਅਸ਼ੋਕ ਗਰਗ, ਕੈਲਾਸ਼ ਸ਼ਰਮਾ, ਮੁਕੇਸ਼ ਗੋਇਲ, ਬਲਰਾਜ ਬਾਂਸਲ, ਅਸ਼ੋਕ ਸ਼ਰਮਾ, ਮਹੰਤ ਬਲਦੇਵ ਗਿਰੀ ਜੀ (ਬਾਬਾ ਬਾਲਕ ਨਾਥ ਮੰਦਰ), ਅਮਰੀਕ ਸਿੰਘ ਡੀ.ਪੀ.ਆਰ.ਓ., ਡਾ. ਪ੍ਰਦੀਪ, ਅਸ਼ੋਕ ਗੋਇਲ ਅਤੇ ਪਵਨ ਕਾਲੀਆ ਸਮੇਤ ਕਈ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਤਿੰਨ ਦਿਨ ਚੱਲੇ ਇਸ ਕੈਂਪ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਕੈਂਪ ਨੇ ‘‘ਇਲਾਜ ਨਾਲੋਂ ਬਚਾਅ ਬਿਹਤਰ ਹੈ’’ ਦਾ ਸੰਦੇਸ਼ ਦਿੰਦਿਆਂ ਸਮਾਜ ਸੇਵਾ ਦੀ ਇਕ ਬਿਹਤਰੀਨ ਮਿਸਾਲ ਕਾਇਮ ਕੀਤੀ।