ਹਜ਼ਾਰਾਂ ਨਮ ਅੱਖਾਂ ਨੇ 'ਹਰੀਕੇ ਪੱਤਣ' ਤੋਂ ਆਪਣੇ ਵਿੱਛੜਿਆਂ ਲਈ ਕੀਤੀ ਅਰਦਾਸ ਹਜ਼ਾਰਾਂ ਨਮ ਅੱਖਾਂ ਨੇ 'ਹਰੀਕੇ ਪੱਤਣ' ਤੋਂ ਆਪਣੇ ਵਿੱਛੜਿਆਂ ਲਈ ਕੀਤੀ ਅਰਦਾਸ
Publish Date: Wed, 15 Jul 2026 08:14 PM (IST)
Updated Date: Wed, 15 Jul 2026 08:15 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਲੋਕ ਉਸ ‘ਕਾਲੇ ਦੌਰ’ ਦੌਰਾਨ ਲਾਪਤਾ ਹੋਏ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਹੱਥਾਂ ਵਿੱਚ ਫੜ ਕੇ ਮੰਗਲਵਾਰ ਨੂੰ ‘ਹਰੀ ਕੇ ਪੱਤਣ’ ਪਹੁੰਚੇ। ਹਰ ਇੱਕ ਦੀ ਕਹਾਣੀ ਵੱਖਰੀ ਸੀ ਪਰ ਉਹ ਹੀ ਦਰਦ, ਉਹ ਹੀ ਵਿਛੌੜਾ ਤੇ ਸਮੇਂ ਦੇ ਹਾਕਮਾਂ ਸਾਹਮਣੇ ਉਹ ਹੀ ਬੇਬਸੀ ਅੱਜ ਵੀ ਨਜ਼ਰ ਆ ਰਹੀ ਸੀ ਜਿਹੜੀ ਤਿੰਨ ਦਹਾਕੇ ਪਹਿਲੋਂ ਉਨ੍ਹਾਂ ਹੰਢਾਈ ਸੀ। ਜਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਗਏ ਅਰਦਾਸ ਸਮਾਗਮ ਦੌਰਾਨ ਅਰਦਾਸ ਸਮਾਗਮ ਦੌਰਾਨ ਇੱਕ ਬੇਹੱਦ ਦਰਦਨਾਕ ਦਾਸਤਾਨ ਸਾਹਮਣੇ ਆਈ, ਜਦੋਂ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ (ਖਨੌਰੀ) ਨੇੜਲੇ ਪਿੰਡ ਹਰਨਾਇਵਾਲਾ ਦੀ ਰਹਿਣ ਵਾਲੀ ਜਸਵਿੰਦਰ ਕੌਰ ਆਪਣੇ ਪਿਤਾ ਬਲਦੇਵ ਸਿੰਘ ਦੀ ਤਸਵੀਰ ਹੱਥ ਵਿੱਚ ਲੈ ਕੇ ਸਮਾਗਮ ਵਿੱਚ ਸ਼ਾਮਿਲ ਹੋਈ। ਉਨ੍ਹਾਂ ਦੱਸਿਆ ਕਿ ਉਸਦੇ ਪਿਤਾ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਉਂਦੇ ਸਨ। 12 ਜਨਵਰੀ 1991 ਨੂੰ, ਜਦੋਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ’ਚ ਬੈਠੇ ਸਨ ਤਾਂ ਪਾਤੜਾਂ ਪੁਲਿਸ ਉਨ੍ਹਾਂ ਨੂੰ ਉੱਥੋਂ ਜ਼ਬਰਦਸਤੀ ਚੁੱਕ ਕੇ ਲੈ ਗਈ। ਪਰਿਵਾਰ ਮੁਤਾਬਕ ਭਾਈ ਬਲਦੇਵ ਸਿੰਘ ਨੂੰ ਤਿੰਨ-ਚਾਰ ਦਿਨ ਪਾਤੜਾਂ ਥਾਣੇ ਰੱਖਿਆ ਗਿਆ ਅਤੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਛਤਰਾਣਾ ਜੇਲ੍ਹ ਭੇਜ ਦਿੱਤਾ ਗਿਆ, ਜਿੱਥੇ ਫਿਰ ਕਈ ਦਿਨ ਭਾਰੀ ਤਸ਼ੱਦਦ ਕੀਤਾ ਗਿਆ। ਉਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨਾਲ ਕੀ ਕੀਤਾ, ਉਹ ਅੱਜ ਤੱਕ ਇੱਕ ਰਹੱਸ ਬਣਿਆ ਹੋਇਆ ਹੈ। ਇਸੇ ਤਰਾਂ ਤਰਨ ਤਾਰਨ ਜ਼ਿਲ੍ਹੇ ਤੋਂ ਆਏ ਨੌਜਵਾਨ ਨੇ ਦੱਸਿਆ ਕਿ ਉਸ ਦੇ ਚਾਚਾ ਜੀ ਪੰਜਾਬ ਹੋਮ ਗਾਰਡ ਵਿੱਚ ਬਤੌਰ ਐਸਪੀਓ ਲੱਗੇ ਹੋਏ ਸਨ। ਇਕ ਦਿਨ ਉਹ ਘਰ ਰੋਟੀ ਖਾ ਰਹੇ ਸਨ ਕਿ ਪੁਲਿਸ ਚੁੱਕ ਕੇ ਲੈ ਗਈ। ਇਸੇ ਤਰਾਂ ਕਈ ਲੋਕਾਂ ਨੇ ਆਪੋ-ਆਪਣੀਆਂ ਹੱਡ ਬੀਤੀਆਂ ਸੁਣਾਈਆਂ। ਹਰੀਕੇ ਦੀ ਧਰਤੀ ਤੇ ਹੋਈ ਇਹ ਅਰਦਾਸ ਸਿਰਫ਼ ਧਾਰਮਿਕ ਰਸਮ ਨਹੀਂ ਸੀ, ਸਗੋਂ ਇਤਿਹਾਸ ਦੀਆਂ ਅਣਸੁਣੀਆਂ ਪੀੜਾਂ ਅਤੇ ਅਣਸਲਝੇ ਕਿੱਸੇ ਸਨ ਜਿੰਨ੍ਹਾਂ ਨੂੰ ਸੋਚ ਕੇ ਵੀ ਰੂਹ ਕੰਬਦੀ ਸੀ ਤਾਂ ਉਨ੍ਹਾਂ ਰੂਹਾਂ ਦਾ ਕੀ ਜਿੰਨ੍ਹਾਂ ਨੂੰ ਇਨਸਾਫ਼, ਮਨੁੱਖੀ ਹੱਕਾਂ ਅਤੇ ਪਰਿਵਾਰਾਂ ਦੇ ਨਾਲ ਰਹਿਣਾ ਹੀ ਨਸੀਬ ਨਾ ਹੋਇਆ।