ਹਜ਼ਾਰਾਂ ਦੀ ਨਕਦੀ, ਐੱਲਈਡੀ ਤੇ ਗੈਸ ਸਿਲੰਡਰ ਚੋਰੀ
ਹਜ਼ਾਰਾਂ ਦੀ ਨਗਦੀ,ਐੱਲਈਡੀ ਤੇ ਗੈਸ ਸਿਲੰਡਰ ਚੋਰੀ
Publish Date: Tue, 18 Aug 2026 05:16 PM (IST)
Updated Date: Tue, 18 Aug 2026 05:18 PM (IST)
ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਪਿੰਡ ਪਿੰਡੀ ਵਿਖੇ ਬੀਤੀ ਰਾਤ ਇਕ ਘਰ ਵਿਚ ਚੋਰੀ ਦੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਨੇਕ ਚੰਦ ਪੁੱਤਰ ਵਸਾਵਾ ਰਾਮ ਦੇ ਘਰ ਰਾਤ ਕਰੀਬ 2 ਵਜੇ ਅਣਪਛਾਤੇ ਚੋਰ ਦਾਖ਼ਲ ਹੋਏ ਅਤੇ ਘਰ ਵਿੱਚੋਂ ਕੀਮਤੀ ਸਮਾਨ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਚੋਰ ਘਰ ਵਿੱਚੋਂ ਇਕ ਐੱਲਈਡੀ, ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਗੈਸ ਸਿਲੰਡਰ ਚੋਰੀ ਕਰਕੇ ਲੈ ਗਏ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਵਾਰਦਾਤ ਸਮੇਂ ਘਰ ਦੇ ਸਾਰੇ ਮੈਂਬਰ ਸੁੱਤੇ ਹੋਏ ਸਨ, ਪਰ ਉਨ੍ਹਾਂ ਨੂੰ ਚੋਰੀ ਦੀ ਵਾਰਦਾਤ ਦਾ ਪਤਾ ਸਵੇਰੇ ਲੱਗਿਆ ਜਦੋ ਸਮਾਨ ਖਿੱਲਰਿਆ ਅਤੇ ਘਰ ਵਿੱਚੋਂ ਨਕਦੀ ਤੇ ਹੋਰ ਸਾਮਾਨ ਗਾਇਬ ਪਾਇਆ ਗਿਆ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਚੋਰੀ ਹੋਇਆ ਸਾਮਾਨ ਬਰਾਮਦ ਕਰਵਾਇਆ ਜਾਵੇ। ਇਸ ਮੌਕੇ ਡੇਰਾ ਸ਼੍ਰੀ ਭਜਨ ਗੜ ਯੂਥ ਕਲੱਬ ਦੇ ਪ੍ਰਧਾਨ ਵਿਜੇ ਥਿੰਦ ਨੇ ਇਲਾਕੇ ਵਿਚ ਹੋ ਰਹੀਆਂ ਚੋਰੀਆਂ ਤੇ ਚਿੰਤਾ ਪ੍ਰਗਟ ਕੀਤੀ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਅਤੇ ਪਿੰਡਾਂ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਵੀ ਮੰਗ ਕੀਤੀ ਹੈ।