ਚੋਰ ਨੇ ਉਗਲਿਆ 50 ਮੋਟਰਾਂ ਦੀ ਇੱਕੋ ਰਾਤ ਚੋਰੀ ਦਾ ਰਾਜ਼ ਚੋਰਾਂ ਦੇ ‘ਵਿਭੀਸ਼ਣ’ ਨੇ ਉਗਲਿਆ 50 ਮੋਟਰਾਂ ਦੀ ਇੱਕੋ ਰਾਤ ਚੋਰੀ ਦਾ ਰਾਜ਼
Publish Date: Thu, 30 Jul 2026 06:33 PM (IST)
Updated Date: Thu, 30 Jul 2026 06:34 PM (IST)
- ਕਬਾੜੀਏ ਦੇ ਗੁਦਾਮ ’ਚੋਂ ਮਿਲਿਆ ਚੋਰੀ ਦਾ ਖ਼ਜ਼ਾਨਾ - ਕਿਸਾਨਾਂ ਤੇ ਪੁਲਿਸ ਦੀ ਸਾਂਝੀ ਕਾਰਵਾਈ ਨੇ ਬੇਨਕਾਬ ਕੀਤਾ ਮੋਟਰ ਚੋਰੀ ਦਾ ਵੱਡਾ ਰੈਕੇਟ, ਕ੍ਰੇਟਾ ਸਵਾਰ ਮੁਲਜ਼ਮ ਫ਼ਰਾਰ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡਾਂ ਵਿੱਚ ਇੱਕੋ ਰਾਤ ਕਰੀਬ 50 ਖੇਤੀਬਾੜੀ ਮੋਟਰਾਂ ਚੋਰੀ ਹੋਣ ਦੇ ਸਨਸਨੀਖੇਜ਼ ਮਾਮਲੇ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਸ ਬਹੁਚਰਚਿਤ ਚੋਰੀ ਕਾਂਡ ਦਾ ਭੇਤ ਕਿਸੇ ਪੁਲਿਸ ਮੁਖ਼ਬਰ ਨੇ ਨਹੀਂ, ਸਗੋਂ ਚੋਰ ਗਿਰੋਹ ਦੇ ਆਪਣੇ ਹੀ ਇੱਕ ਸਾਥੀ ਨੇ ਖੋਲ੍ਹਿਆ, ਜੋ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗਿਰੋਹ ਲਈ ਹੀ ‘ਵਿਭੀਸ਼ਣ’ ਸਾਬਤ ਹੋਇਆ। ਉਸ ਵੱਲੋਂ ਦਿੱਤੀ ਗਈ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਅਤੇ ਕਿਸਾਨਾਂ ਨੇ ਤਲਵੰਡੀ ਨੇੜੇ ਇੱਕ ਕਬਾੜੀਏ ਦੇ ਗੁਦਾਮ ’ਤੇ ਛਾਪੇਮਾਰੀ ਕਰ ਕੇ ਚੋਰੀ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ। ਹਾਲਾਂਕਿ ਇਸ ਸਬੰਧੀ ਪੁਲਿਸ ਅਜੇ ਕੁਝ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਰਹੀ ਹੈ, ਪਰ ਸੂਤਰਾਂ ਮੁਤਾਬਿਕ ਗਿਰੋਹ ਦੇ ਇੱਕ ਮੈਂਬਰ ਦਾ ਆਪਣੇ ਸਾਥੀਆਂ ਨਾਲ ਹਿੱਸੇਦਾਰੀ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸੇ ਰੰਜਿਸ਼ ਕਾਰਨ ਉਸ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਚੋਰਾਂ ਦੇ ਟਿਕਾਣੇ, ਕਬਾੜੀਏ ਦੀ ਪਛਾਣ ਅਤੇ ਵਾਰਦਾਤ ਵਿਚ ਵਰਤੀ ਜਾ ਰਹੀ ਗੱਡੀ ਦੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ। ਸੂਚਨਾ ਮਿਲਦਿਆਂ ਹੀ ਥਾਣਾ ਘੱਲ ਖੁਰਦ ਦੇ ਐੱਸਐੱਚਓ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਕਿਸਾਨਾਂ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚੀ। ਤਲਵੰਡੀ ਸਥਿਤ ਕਰੀਬ 70 ਫੁੱਟ ਲੰਬੇ ਅਤੇ 30 ਫੁੱਟ ਚੌੜੇ ਗੁਦਾਮ ਵਿੱਚ ਦਾਖ਼ਲ ਹੁੰਦਿਆਂ ਹੀ ਪੁਲਿਸ ਨੂੰ ਤਾਜ਼ਾ ਕੱਟੀਆਂ ਹੋਈਆਂ ਮੋਟਰਾਂ ਦੇ ਕੋਨੇ, ਤਾਂਬੇ ਦੀਆਂ ਤਾਰਾਂ, ਲੋਹੇ ਦਾ ਭਾਰੀ ਢੇਰ, ਮੋਟਰਾਂ ਦੇ ਪਾਰਟਸ ਅਤੇ ਉਨ੍ਹਾਂ ਨੂੰ ਤੋੜਨ ਲਈ ਵਰਤੇ ਜਾਂਦੇ ਛੈਣੇ-ਹਥੌੜੇ ਬਰਾਮਦ ਹੋਏ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਕਈ ਮੋਟਰਾਂ ਦੇ ਅੰਦਰਲਾ ਇਨਸੂਲੇਸ਼ਨ ਪੇਪਰ ਵੀ ਸੁਰੱਖਿਅਤ ਸੀ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਮੋਟਰਾਂ ਰੱਦੀ ਨਹੀਂ ਸਨ, ਸਗੋਂ ਚੱਲਦੀ ਹਾਲਤ ਵਿੱਚ ਖੇਤਾਂ ਵਿੱਚੋਂ ਚੋਰੀ ਕਰ ਕੇ ਸਿੱਧੀਆਂ ਕਬਾੜੀਏ ਦੇ ਗੁਦਾਮ ਤੱਕ ਪਹੁੰਚਾਈਆਂ ਗਈਆਂ ਸਨ। ਕਿਸਾਨਾਂ ਦਾ ਦੋਸ਼ ਹੈ ਕਿ ਇਹ ਕੋਈ ਆਮ ਚੋਰੀ ਨਹੀਂ, ਸਗੋਂ ਸੁਚੱਜੇ ਢੰਗ ਨਾਲ ਚੱਲ ਰਿਹਾ ਇੱਕ ਸੰਗਠਿਤ ਰੈਕੇਟ ਹੈ। ਚੋਰ ਪਹਿਲਾਂ ਰਾਤ ਦੇ ਹਨੇਰੇ ਵਿੱਚ ਮੋਟਰਾਂ ਨੂੰ ਖੇਤਾਂ ਵਿੱਚੋਂ ਉਖਾੜ ਕੇ ਛੋਟੀਆਂ ਗੱਡੀਆਂ ਰਾਹੀਂ ਮੁੱਖ ਸੜਕ ਤੱਕ ਲਿਆਉਂਦੇ ਸਨ, ਜਿੱਥੋਂ ਉਨ੍ਹਾਂ ਨੂੰ ਕਬਾੜੀਏ ਦੇ ਗੁਦਾਮ ਪਹੁੰਚਾਇਆ ਜਾਂਦਾ ਸੀ। ਉੱਥੇ ਮੋਟਰਾਂ ਨੂੰ ਤੁਰੰਤ ਤੋੜ ਕੇ ਤਾਂਬਾ ਅਤੇ ਲੋਹਾ ਵੱਖ ਕਰ ਦਿੱਤਾ ਜਾਂਦਾ ਸੀ ਤਾਂ ਜੋ ਪਛਾਣ ਦੇ ਸਾਰੇ ਨਿਸ਼ਾਨ ਮਿਟਾਏ ਜਾ ਸਕਣ। ਛਾਪੇਮਾਰੀ ਦੌਰਾਨ ਵਾਰਦਾਤ ਵਿੱਚ ਵਰਤੀ ਗਈ ਕ੍ਰੇਟਾ ਗੱਡੀ ਦਾ ਮਾਲਕ ਗੱਡੀ ਸਮੇਤ ਫ਼ਰਾਰ ਹੋ ਗਿਆ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਕਿਸਾਨਾਂ ਨੇ ਇਹ ਵੀ ਸ਼ੱਕ ਜਤਾਇਆ ਹੈ ਕਿ ਦੋ ਮਹੀਨੇ ਪਹਿਲਾਂ ਕਾਸੂ ਬੇਗੂ, ਰੁਕਨੇ ਵਾਲਾ ਅਤੇ ਹੋਰ ਪਿੰਡਾਂ ਵਿੱਚੋਂ ਚੋਰੀ ਹੋਈਆਂ 22 ਮੋਟਰਾਂ ਪਿੱਛੇ ਵੀ ਇਸੇ ਗਿਰੋਹ ਦਾ ਹੱਥ ਸੀ। ਹੁਣ ਇਸ ਕਾਰਵਾਈ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਮੋਟਰ ਚੋਰੀ ਦੇ ਇਸ ਵੱਡੇ ਨੈੱਟਵਰਕ ਨਾਲ ਜੁੜੇ ਹੋਰ ਚਿਹਰੇ ਵੀ ਜਲਦ ਬੇਨਕਾਬ ਹੋਣਗੇ। ਕਿਸਾਨਾਂ ਨੇ ਐੱਸਐੱਸਪੀ ਫਿਰੋਜ਼ਪੁਰ ਤੋਂ ਮੰਗ ਕੀਤੀ ਹੈ ਕਿ ਚੋਰੀ ਦੇ ਮਾਲ ਦੀ ਖਰੀਦ-ਫ਼ਰੋਖ਼ਤ ਕਰਨ ਵਾਲੇ ਕਬਾੜੀਆਂ, ਗਿਰੋਹ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਇਸ ਰੈਕੇਟ ਦੀਆਂ ਜੜ੍ਹਾਂ ਤੱਕ ਪਹੁੰਚਿਆ ਜਾਵੇ।