ਗਰੀਬ ਕਿਸਾਨ ਦੀ ‘ਰੋਜ਼ੀ ਰੋਟੀ ਦਾ ਆਸਰਾ’ ਲੁੱਟ ਕੇ ਲੈ ਗਏ ਚੋਰ..! ਗਰੀਬ ਕਿਸਾਨ ਦੀਆਂ ਮੱਝਾਂ ਚੋਰੀ !
Publish Date: Sun, 02 Aug 2026 06:17 PM (IST)
Updated Date: Sun, 02 Aug 2026 06:19 PM (IST)
ਪੰਜਾਬੀ ਜਾਗਰਣ ਰਿਪੋਰਟਰ, ਫ਼ਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ ਵਿਖੇ 50 ਮੋਟਰਾਂ ਚੋਰੀ ਦਾ ਮਾਮਲਾ ਅਜੇ ਹੱਲ ਵੀ ਨਹੀਂ ਹੋਇਆ ਕਿ ਜ਼ਿਲ੍ਹੇ ਦੇ ਪਿੰਡ ਵਾਂ ਵਿਚ ਚੋਰਾਂ ਵੱਲੋਂ ਇਕ ਗਰੀਬ ਕਿਸਾਨ ਦੀ ‘ਰੋਜ਼ੀ ਰੋਟੀ ਦਾ ਸਹਾਰਾ’ ਹੀ ਲੁੱਟ ਕੇ ਲੈ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਮਹਿੰਦਰਾ ਪਿਕਅੱਪ ਗੱਡੀ ਵਿਚ ਆਏ ਸਨ ਅਤੇ ਤਾਲਾ ਤੋੜ ਕੇ ਦੋ ਮੱਝਾਂ ਲੱਦ ਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਢਾਈ ਵਜੇ ਦੇ ਕਰੀਬ ਪਰਿਵਾਰ ਨੇ ਮੱਝਾਂ ਦੀ ਦੇਖ-ਭਾਲ ਲਈ ਗੇੜਾ ਮਾਰਿਆ। ਪੀੜ੍ਹਤ ਕਿਸਾਨ ਜਰਨੈਲ ਸਿੰਘ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਸ ਦਾ ਲਗਭਗ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਦੱਸਿਆ ਕਿ ਚੋਰੀ ਹੋਈਆਂ ਮੱਝਾਂ ਵਿੱਚੋਂ ਇਕ ਮੱਝ ਦੋ ਮਹੀਨੇ ਪਹਿਲਾਂ ਸੂਈ ਸੀ ਅਤੇ ਦੂਜੀ ਮੱਝ ਦੋ ਮਹੀਨਿਆਂ ਨੂੰ ਸੂਣ ਵਾਲੀ ਸੀ। ਚੋਰ ਇਕ ਛੋਟੀ ਕੱਟੀ ਨੂੰ ਵੀ ਨਾਲ ਲੈ ਗਏ, ਜਦਕਿ ਇੱਕ ਝੋਟੀ ਨੂੰ ਕੋਈ ਨਸ਼ੀਲੀ ਚੀਜ਼ ਜਾਂ ਦਵਾਈ ਸੁੰਘਾ ਦਿੱਤੀ ਗਈ, ਜਿਸ ਕਾਰਨ ਉਹ ਤਿੰਨ-ਚਾਰ ਘੰਟੇ ਬਿਨਾਂ ਹਿੱਲੇ-ਜੁੱਲੇ ਖੜ੍ਹੀ ਰਹੀ। ਪੀੜਤ ਕਿਸਾਨ ਨੇ ਦੱਸਿਆ ਕਿ ਉਸ ਕੋਲ ਸਿਰਫ਼ ਇਕ ਕਿੱਲਾ ਜ਼ਮੀਨ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲਦਾ। ਪਹਿਲਾਂ ਉਸ ਦੇ ਮੁੰਡੇ ਦੀ ਮੌਤ ਹੋ ਚੁੱਕੀ ਹੈ ਅਤੇ ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਇਨ੍ਹਾਂ ਮੱਝਾਂ ਦੇ ਦੁੱਧ ’ਤੇ ਹੀ ਨਿਰਭਰ ਸੀ। ਪਿਛਲੇ ਸਾਲ ਵੀ ਉਸ ਦੀਆਂ ਦੋ ਮੱਝਾਂ ਕਰੰਟ ਲੱਗਣ ਕਾਰਨ ਮਰ ਗਈਆਂ ਸਨ। ਕਿਸਾਨ ਨੇ ਦੱਸਿਆ ਕਿ ਉਸ ਨੇ ਰਾਮਪੁਰਾ ਮੰਡੀ ਤੱਕ ਚੋਰੀ ਹੋਈਆਂ ਮੱਝਾਂ ਦੀ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ। ਪੀੜ੍ਹਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਪੁਲਿਸ ’ਤੇ ਗੰਭੀਰ ਦੋਸ਼ ਲਗਾਏ ਹਨ। ਕਿਸਾਨ ਨੇ ਕਿਹਾ ਕਿ ਡੀਸੀ ਤੱਕ ਫੋਨ ਕਰਨ ਅਤੇ ਡੀਐੱਸਪੀ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਮੌਕੇ ’ਤੇ ਆ ਕੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਪੁਲਿਸ ਵੱਲੋਂ 9 ਵਜੇ ਮੁਨਸ਼ੀ ਦੇ ਆਉਣ ’ਤੇ ਦਰਖਾਸਤ ਲਿਖਣ ਦੀ ਗੱਲ ਕਹਿ ਕੇ ਮਾਮਲਾ ਟਾਲਿਆ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਮੋਟਰਾਂ ਚੋਰੀ ਹੋਣ ਦੀਆਂ 100 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਹੁਣ ‘ਮੱਝ ਚੋਰ ਗਿਰੋਹ’ ਨੇ ਪਿੰਡਾਂ ਵਿਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪਿੰਡ ਵਾਸੀਆਂ ਨੇ ਫਿਰੋਜ਼ਪੁਰ ਪੁਲਿਸ ਨੂੰ ਜੋਰਦਾਰ ਅਪੀਲ ਕੀਤੀ ਹੈ ਕਿ ਇਸ ਗਿਰੋਹ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਕੇ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਤਾਂ ਜੋ ਹੋਰ ਗ਼ਰੀਬ ਕਿਸਾਨਾਂ ਨੂੰ ਲੁੱਟਣ ਤੋਂ ਬਚਾਇਆ ਜਾ ਸਕੇ।