ਖੇਤਾਂ ’ਚ ਚੋਰਾਂ ਦਾ ‘ਰਾਜ’. ਇੱਕੋ ਦਿਨ ਤਿੰਨ ਮੋਟਰਾਂ ਤੇ ਦੋ ਕਮਰਿਆਂ ਦੇ ਤਾਲੇ ਤੋੜੇ ਖੇਤਾਂ ’ਚ ਚੋਰਾਂ ਦਾ ‘ਰਾਜ’! ਇੱਕੋ ਦਿਨ ਤਿੰਨ ਮੋਟਰਾਂ ਤੇ ਦੋ ਕਮਰਿਆਂ ਦੇ ਤਾਲੇ ਤੋੜੇ
Publish Date: Tue, 01 Sep 2026 07:09 PM (IST)
Updated Date: Tue, 01 Sep 2026 07:10 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਘੱਲਖੁਰਦ ਅਤੇ ਤਲਵੰਡੀ ਭਾਈ ਇਲਾਕੇ ਦੇ ਪਿੰਡਾਂ ’ਚੋਂ ਇੱਕੋ ਰਾਤ 50 ਤੋਂ ਵੱਧ ਮੋਟਰਾਂ ਚੋਰੀ ਹੋਣ ਤੋਂ ਬਾਅਦ ਹੁਣ ਮੋਟਰ ਚੋਰਾਂ ਦਾ ਇੱਕ ਗਿਰੋਹ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿੱਚ ਵੀ ਸਰਗਰਮ ਹੈ। ਤਾਜ਼ਾ ਘਟਨਾ ਜ਼ਿਲ੍ਹੇ ਦੇ ਪਿੰਡ ਦੁਲਚੀ ਕੇ ਦੀ ਹੈ, ਜਿਥੇ ਖੇਤਾਂ ’ਚ ਚੋਰਾਂ ਨੇ ਇੱਕੋ ਦਿਨ ਇੱਕ ਕਿਸਾਨ ਦੀਆਂ ਤਿੰਨ ਮੋਟਰਾਂ, ਤਾਰਾਂ ਤੇ ਦੋ ਕਮਰਿਆਂ ਦੇ ਤਾਲੇ ਤੋੜ ਕੇ ਅੰਦਰ ਪਿਆ ਸਾਮਾਨ ਵੀ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪਿੰਡ ਦੁਲਚੀ ਕੇ ਦੇ ਖੇਤਾਂ ਵਿੱਚ ਰੁਪਿੰਦਰ ਸਿੰਘ ਜੋਸਨ ਵਾਸੀ ਕੁਤਬੇ ਵਾਲਾ ਦੇ ਖੇਤਾਂ ’ਚੋਂ ਚੋਰ ਤਿੰਨ ਮੋਟਰਾਂ ਤੇ ਤਾਰਾਂ ਲੈ ਗਏ। ਇਸ ਤੋਂ ਬਾਅਦ ਦੋ ਕਮਰਿਆਂ ਦੇ ਤਾਲੇ ਤੋੜ ਕੇ ਅੰਦਰੋਂ ਵੀ ਜ਼ਰੂਰੀ ਸਾਮਾਨ ਚੋਰੀ ਕਰ ਲਿਆ। ਇਸ ਮੌਕੇ ਦੁੱਖ ਅਤੇ ਗੁੱਸੇ ਦਾ ਇਜਹਾਰ ਕਰਦਿਆਂ ਰੁਪਿੰਦਰ ਸਿੰਘ, ਜੋਗਾ ਸਿੰਘ, ਤਰਲੋਕ ਸਿੰਘ, ਕੁਲਬੀਰ ਸਿੰਘ, ਮੇਜਰ ਸਿੰਘ, ਟਹਿਲ ਸਿੰਘ, ਵਿਰਸਾ ਸਿੰਘ, ਦਵਿੰਦਰ ਸਿੰਘ ਅਤੇ ਅਮਰੀਕ ਸਿੰਘ ਆਦਿ ਨੇ ਦੱਸਿਆ ਕਿ ਇਕ ਮੋਟਰ ਤਾਂ ਅਜੇ ਕੁੱਝ ਦਿਨ ਪਹਿਲੋਂ ਹੀ ਪਾਈ ਗਈ ਸੀ। ਛੇ ਮਹੀਨਿਆਂ ’ਚ ਤੀਜੀ ਵੱਡੀ ਵਾਰਦਾਤ ਕਿਸਾਨਾਂ ਮੁਤਾਬਕ ਇਹ ਪਹਿਲੀ ਘਟਨਾ ਨਹੀਂ। ਇਸੇ ਖੇਤਰ ਵਿੱਚ 20 ਮਾਰਚ 2026 ਨੂੰ ਵੀ ਤਿੰਨ ਮੋਟਰਾਂ ਦੇ ਤਾਲੇ ਤੋੜ ਕੇ ਚੋਰੀ ਕੀਤੀ ਗਈ ਸੀ। ਕਿਸਾਨਾਂ ਦਾ ਦੋਸ਼ ਹੈ ਕਿ ਕੁਝ ਦਿਨ ਪਹਿਲਾਂ ਵੀ ਚੋਰ ਖੇਤਾਂ ਵਿੱਚੋਂ ਮੋਟਰਾਂ ਦੇ ਨਾਲ ਟਰਾਂਸਫਾਰਮਰ ਤੱਕ ਚੋਰੀ ਕਰਕੇ ਲੈ ਗਏ। ਵਾਰ-ਵਾਰ ਹੋ ਰਹੀਆਂ ਵਾਰਦਾਤਾਂ ਕਾਰਨ ਖੇਤਾਂ ਵਿੱਚ ਰਾਤ ਸਮੇਂ ਸਾਮਾਨ ਦੀ ਰਾਖੀ ਕਰਨਾ ਕਿਸਾਨਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਚੋਰੀ ਦਾ ਸਮਾਨ ਖਰੀਦਣ ਵਾਲਿਆਂ ’ਤੇ ਕਿਉਂ ਮਿਹਰਬਾਨ ਪੁਲਿਸ ਮੌਕਾ ਏ ਵਾਰਦਾਤ ’ਤੇ ਮੌਜੂਦ ਕਿਸਾਨਾਂ ਨੇ ਸਵਾਲ ਚੁੱਕਿਆ ਕਿ ਜੇਕਰ ਚੋਰੀ ਕੀਤਾ ਸਾਮਾਨ ਕਬਾੜ ’ਚ ਵੇਚਿਆ ਜਾਂਦਾ ਹੈ ਤਾਂ ਉਸ ਨੂੰ ਖਰੀਦਣ ਵਾਲਿਆਂ ਦੀ ਪੁਲਿਸ ਵੱਲੋਂ ਜਾਂਚ ਕਿਉਂ ਨਹੀਂ ਕੀਤੀ ਜਾਂਦੀ। ਕਿਸਾਨਾਂ ਦਾ ਦੋਸ਼ ਹੈ ਕਿ ਚੋਰੀ ਦਾ ਸਾਮਾਨ ਖਰੀਦਣ ਵਾਲੇ ਸੁਣਿਆਰਿਆਂ ਤੇ ਕਬਾੜੀਆਂ ’ਤੇ ਪੁਲਿਸ ਵੱਲੋਂ ਲੋੜੀਂਦੀ ਸਖ਼ਤੀ ਨਹੀਂ ਵਿਖਾਈ ਜਾ ਰਹੀ।