- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਮੁਲਾਜ਼ਮਾਂ ਦਾ ਸੰਘਰਸ਼ ਹੋਰ ਭੱਖਿਆ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਢੇ ਸੰਘਰਸ਼ ਤਹਿਤ ਸ਼ੁਰੂ ਕੀਤੀ ਗਈ ਕਲਮ ਛੋੜ/ਕੰਪਿਊਟਰ ਬੰਦ ਹੜਤਾਲ ਤਹਿਤ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੁੱਚੇ ਸਰਕਾਰੀ ਦਫਤਰਾਂ ਦਾ ਕੰਮ ਕਾਜ ਮੁਕੰਮਲ ਤੌਰ ਤੇ ਠੱਪ ਰਿਹਾ। ਦਫਤਰੀ ਕਾਮੇ ਆਪਣਾ ਕੰਮ ਕਾਜ ਠੱਪ ਕਰਕੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜ਼ਾਹਰ ਕਰਦੇ ਰਹੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਸਥਿਤ ਸਮੁੱਚੇ ਸਰਕਾਰੀ ਦਫਤਰੀ ਵਿਚ ਮੁਕੰਮਲ ਹੜਤਾਲ ਰਹੀ ਅਤੇ ਦਫਤਰੀ ਕਾਮਿਆਂ ਨੇ ਇੱਕਠੇ ਹੋ ਕੇ ਪਿੱਪਲ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਪੀ.ਐੱਸ.ਐੱਮ.ਐੱਸ.ਯੂ. ਫਿਰੋਜ਼ਪੁਰ ਦੀ ਅਗਵਾਈ ਹੇਠ ਵੱਖ-ਵੱਖ ਦਫਤਰਾਂ ਸਾਹਮਣੇ ਰੋਸ ਰੈਲੀਆਂ ਕੀਤੀਆਂ ਗਈਆਂ, ਜਿਸ ਵਿਚ ਸੈਂਕੜੇ ਮੁਲਾਜ਼ਮਾਂ ਨੇ ਇੱਕਠੇ ਹੋ ਕੇ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਲਾਜ਼ਮ ਆਗੂ ਸੋਨੂੰ ਕਸ਼ਅਪ ਜ਼ਿਲ੍ਹਾ ਜਨਰਲ ਸਕੱਤਰ, ਪ੍ਰਦੀਪ ਵਿਨਾਇਕ ਜ਼ਿਲ੍ਹਾ ਖਜਾਨਚੀ, ਜਗਸੀਰ ਸਿੰਘ ਭਾਂਗਰ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਸੋਢੀ ਵਾਈਸ ਚੇਅਰਮੈਨ, ਯਾਦਵਿੰਦਰ ਸਿੰਘ ਜਨਰਲ ਸਕੱਤਰ, ਦੀਪਕ ਲੂੰਬਾ ਅਤੇ ਕੁਲਦੀਪ ਕਮਿਸ਼ਨਰ ਦਫਤਰ, ਸੰਦੀਪ ਸਿੰਘ ਦਿਓਲ ਪ੍ਰਧਾਨ, ਗੁਰਤੇਜ ਸਿੰਘ ਜਨਰਲ ਸਕੱਤਰ ਡੀਸੀ. ਦਫਤਰ, ਜੁਗਲ ਕਿਸ਼ੋਰ ਆਨੰਦ ਲੋਕ ਨਿਰਮਾਣ ਵਿਭਾਗ, ਹਰਪ੍ਰੀਤ ਦੁੱਗਲ ਅਤੇ ਪਵਨ ਕੁਮਾਰ ਖਜ਼ਾਨਾ ਦਫਤਰ, ਵਰੁਣ ਕੁਮਾਰ ਸੂਬਾ ਆਗੂ ਸਿੱਖਿਆ ਵਿਭਾਗ, ਹਰਮੀਤ ਮੱਲੀ ਫੂਡ ਸਪਲਾਈ, ਮਨੋਹਰ ਲਾਲ ਸਾਬਕਾ ਪ੍ਰਧਾਨ, ਵਿਕਾਸ ਕਾਲੜਾ ਅਤੇ ਮੁੱਖਾ ਕੁਮਾਰ ਸਿਵਲ ਸਰਜਨ ਦਫਤਰ ਆਦਿ ਨੇ ਕਿਹਾ ਕਿ ਸੂਬੇ ਦੀ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਤੋ ਪੰਜਾਬ ਦੇ ਮੁਲਾਜ਼ਮਾਂ ਨੂੰ ਲਾਰੇ-ਲੱਪੇ ਅਤੇ ਝੂਠ ਮਾਰ ਮਾਰ ਕੇ ਗੁੰਮਰਾਹ ਕਰ ਰਹੀ ਹੈ। ਮੁਲਾਜ਼ਮਾਂ ਦੀ ਲੰਬੇ ਸਮੇ ਤੋਂ ਭੱਖਦੀਆਂ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਦਾ ਮੁਕੰਮਲ ਨੋਟੀਫਿਕੇਸ਼ਨ ਲਾਗੂ ਕਰਨ, 18 ਪ੍ਰਤੀਸ਼ਤ ਡੀ.ਏ. ਲਾਗੂ ਕਰਨ ਅਤੇ ਬਕਾਏ ਦੀ ਅਦਾਇਗੀ ਕਰਨ, 15 ਜਨਵਰੀ 2015 ਦਾ ਪੱਤਰ ਰੱਦ ਕਰਨ ਅਤੇ 17 ਜੁਲਾਈ 2020 ਦਾ ਮੁਲਾਜ਼ਮ ਮਾਰੂ ਪੱਤਰ ਰੱਦ ਕਰਨ ਦੀਆਂ ਮੰਗਾਂ ਦਾ ਹਾਲੇ ਤੱਕ ਕੋਈ ਹੱਲ ਨਹੀ ਕੱਢਿਆ ਗਿਆ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਸੈਂਕੜੇ ਸਾਥੀਆਂ ਨੇ ਘੜੇ ਭੰਨਕੇ ਅਤੇ ਜ਼ਬਰਦਸਤ ਨਾਅਰੇਬਾਜ਼ੀ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ।