ਬਸੰਤ ਦੀ ਰੌਣਕ ਨੇ ਖਿੱਚੇ ਦੇਸ਼–ਵਿਦੇਸ਼ਾਂ ਤੋਂ ਪਤੰਗਬਾਜ਼, ਫਿਰੋਜ਼ਪੁਰ ਫਿਰ ਬਣਿਆ ਵਿਸ਼ਵ ਪਤੰਗਬਾਜ਼ੀ ਦਾ ਕੇਂਦਰ
ਬਸੰਤ ਦੀ ਰੌਣਕ ਨੇ ਖਿੱਚੇ ਦੇਸ਼–ਵਿਦੇਸ਼ਾਂ ਤੋਂ ਪਤੰਗਬਾਜ਼, ਫਿਰੋਜ਼ਪੁਰ ਫਿਰ ਬਣਿਆ ਵਿਸ਼ਵ ਪਤੰਗਬਾਜ਼ੀ ਦਾ ਕੇਂਦਰ
Publish Date: Thu, 22 Jan 2026 06:58 PM (IST)
Updated Date: Fri, 23 Jan 2026 04:13 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਬਸੰਤ ਅਤੇ ਬਾਰਡਰ ਕਾਰਨ ਦੁਨੀਆ ਭਰ ’ਚ ਆਪਣੀ ਵੱਖਰੀ ਪਛਾਣ ਬਣਾਈ ਬੈਠੀ ਸਰਹੱਦੀ ਧਰਤੀ ਫਿਰੋਜ਼ਪੁਰ ਇੱਕ ਵਾਰ ਫਿਰ ਬਸੰਤ ਦੇ ਰੰਗਾਂ ’ਚ ਰੰਗੀ ਨਜ਼ਰ ਆ ਰਹੀ ਹੈ। ਬਸੰਤ ਪੰਚਮੀ ਦੇ ਤਿਉਹਾਰ ਨੂੰ ਮਨਾਉਣ ਲਈ ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ ਤੋਂ ਵੀ ਫਿਰੋਜ਼ਪੁਰੀਏ ਅਤੇ ਉਨ੍ਹਾਂ ਦੇ ਸਾਕ-ਸਬੰਧੀ ਸ਼ਹਿਰ ਵਿੱਚ ਪਹੁੰਚ ਚੁੱਕੇ ਹਨ। ਸ਼ੁੱਕਰਵਾਰ ਨੂੰ ਮਨਾਈ ਜਾਣ ਵਾਲੀ ਬਸੰਤ ਨੂੰ ਲੈ ਕੇ ਸ਼ਹਿਰ ’ਚ ਧੂਮਧਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪਤੰਗਬਾਜ਼ੀ ਦੇ ਸ਼ੌਕੀਨਾਂ ਨੇ ਕਈ ਦਿਨ ਪਹਿਲਾਂ ਹੀ ਆਪਣੀਆਂ ਛੱਤਾਂ ਦੀ ਸਾਫ਼-ਸਫ਼ਾਈ ਕਰਵਾ ਲਈ ਸੀ, ਜਦਕਿ ਡੀਜੇ ਅਤੇ ਸਾਊਂਡ ਸਿਸਟਮ ਵੀ ਪਹਿਲਾਂ ਹੀ ਬੁੱਕ ਕਰਵਾ ਲਏ ਗਏ। ਹਾਲਾਤ ਇਹ ਹਨ ਕਿ ਆਖਰੀ ਵੇਲੇ ਡੀ.ਜੇ. ਨਾ ਮਿਲਣ ਕਾਰਨ ਗੁਆਂਢੀ ਜ਼ਿਲ੍ਹਿਆਂ ਤੋਂ ਇਲਾਵਾ ਸੌ–ਸੌ ਕਿਲੋਮੀਟਰ ਦੂਰੋਂ ਵੀ ਸਾਊਂਡ ਸਿਸਟਮ ਫਿਰੋਜ਼ਪੁਰ ਮੰਗਵਾਏ ਗਏ ਹਨ। ਜ਼ਿਕਰਯੋਗ ਹੈ ਕਿ ਸਰਹੱਦੀ ਸ਼ਹਿਰ ਫਿਰੋਜ਼ਪੁਰ ਦੀ ਬਸੰਤ ਪੰਚਮੀ ਨਾ ਸਿਰਫ਼ ਪੂਰੇ ਦੇਸ਼, ਸਗੋਂ ਵਿਦੇਸ਼ਾਂ ’ਚ ਵੀ ਮਸ਼ਹੂਰ ਹੈ। 23 ਜਨਵਰੀ ਨੂੰ ਮਨਾਈ ਜਾਣ ਵਾਲੀ ਬਸੰਤ ਨੂੰ ਲੈ ਕੇ ਫਿਰੋਜ਼ਪੁਰ ਵਾਸੀਆਂ ਅਤੇ ਪਤੰਗਬਾਜ਼ੀ ਦੇ ਦਿਵਾਨਿਆਂ ’ਚ ਖਾਸ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਤਿਉਹਾਰ ਦੀ ਖਿੱਚ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ, ਅਸਟ੍ਰੇਲੀਆ, ਅਮਰੀਕਾ, ਇੰਗਲੈਂਡ ਤੋਂ ਇਲਾਵਾ ਬਾਂਬੇ, ਬੈਂਗਲੋਰ, ਹੈਦਰਾਬਾਦ, ਦਿੱਲੀ ਅਤੇ ਚੰਡੀਗੜ੍ਹ ਤੋਂ ਵੀ ਵੱਡੀ ਗਿਣਤੀ ’ਚ ਲੋਕ ਫਿਰੋਜ਼ਪੁਰ ਪਹੁੰਚ ਚੁੱਕੇ ਹਨ। ਛੱਤਾਂ ’ਤੇ ਲੱਗੇ ਡੀ.ਜੇ. ਇਕ ਦਿਨ ਪਹਿਲਾਂ ਹੀ ਆਪਣਾ ਰੌਲਾ ਪਾਉਣ ਲੱਗ ਪਏ ਹਨ। ਭਾਵੇਂ ਸ਼ੁੱਕਰਵਾਰ ਨੂੰ ਮੁੱਖ ਬਸੰਤ ਵਾਲੇ ਦਿਨ ਪੂਰਾ ਸ਼ਹਿਰ ਸੰਗੀਤ ਦੀਆਂ ਧੁਨਾਂ ’ਤੇ ਝੂਮੇਗਾ, ਭੰਗੜੇ ਪੈਣਗੇ ਅਤੇ ਪਤੰਗ ਕੱਟਣ ’ਤੇ ‘ਆਈ-ਬੋ’ ਦੇ ਨਾਅਰੇ ਅਸਮਾਨ ਗੂੰਜਾ ਦੇਣਗੇ, ਪਰ ਵੀਰਵਾਰ ਤੋਂ ਹੀ ਲੋਕ ਛੱਤਾਂ ’ਤੇ ਨਜ਼ਰ ਆਉਣ ਲੱਗ ਪਏ ਹਨ। ਇਸ ਸਮੇਂ ਫਿਰੋਜ਼ਪੁਰ ਦੇ ਮੁੱਖ ਬਾਜ਼ਾਰ ਰੰਗ-ਬਿਰੰਗੀਆਂ ਪਤੰਗਾਂ ਅਤੇ ਡੋਰ ਦੀਆਂ ਚਰਖੜੀਆਂ ਨਾਲ ਭਰੇ ਹੋਏ ਹਨ। ਬਾਜ਼ਾਰਾਂ ਵਿੱਚ ਭੀੜ ਇੰਨੀ ਹੈ ਕਿ ਪੈਰ ਰੱਖਣ ਨੂੰ ਥਾਂ ਨਹੀਂ। ਲੋਕ ਵੱਖ-ਵੱਖ ਡਿਜ਼ਾਈਨਾਂ ਦੀਆਂ ਪਤੰਗਾਂ ਦੇ ਨਾਲ ਮਜ਼ਬੂਤ ਸੂਤੀ ਡੋਰ ਖਰੀਦਣ ਨੂੰ ਤਰਜੀਹ ਦੇ ਰਹੇ ਹਨ। ਨਮਕ ਮੰਡੀ ਚੌਕ, ਬਿੱਲਾ ਹਲਵਾਈ ਚੌਕ, ਦਿੱਲੀ ਗੇਟ ਅਤੇ ਸ਼ਹੀਦ ਊਧਮ ਸਿੰਘ ਚੌਕ ਵਰਗੇ ਇਲਾਕਿਆਂ ਵਿੱਚ ਸੂਤੀ ਭਕਾਣਿਆਂ ਦੇ ਨਾਲ ਗੈਸੀ ਭਕਾਣੇ ਵੀ ਖੂਬ ਵਿਕ ਰਹੇ ਹਨ। ਛੋਟੇ ਬੱਚਿਆਂ ਲਈ ਮਖੌਟੇ, ਬਾਜੀਆਂ ਅਤੇ ਰੰਗ-ਬਿਰੰਗੇ ਗੁਬਾਰੇ ਖਿੱਚ ਦਾ ਕੇਂਦਰ ਬਣੇ ਹੋਏ ਹਨ। ਦਿੱਲੀ ਗੇਟ ਅਤੇ ਹੋਰ ਮੁੱਖ ਚੌਕਾਂ ’ਚ ਗੁਬਾਰੇ ਵੇਚਣ ਵਾਲਿਆਂ ਨੇ ਆਪਣੇ ਅੱਡੇ ਸਜਾ ਲਏ ਹਨ। ਭਾਵੇਂ ਕੁਝ ਲੋਕ ਚੀਨੀ ਡੋਰ ਦੇ ਖਤਰੇ ਸਮਝ ਕੇ ਸੁਰੱਖਿਅਤ ਸੂਤੀ ਡੋਰ ਵੱਲ ਮੁੜ ਰਹੇ ਹਨ, ਪਰ ਅਜੇ ਵੀ ਬਹੁਤੇ ਲੋਕ ਚੀਨੀ ਡੋਰ ਦੀ ਖਰੀਦ ਕਰ ਰਹੇ ਹਨ। ਸਮਾਜਿਕ ਅਪੀਲਾਂ ਦਾ ਕੋਈ ਖਾਸ ਅਸਰ ਨਜ਼ਰ ਨਹੀਂ ਆ ਰਿਹਾ ਅਤੇ ਕੁਝ ਲਾਲਚੀ ਦੁਕਾਨਦਾਰ ਕਥਿਤ ਤੌਰ ’ਤੇ ਸ਼ਰੇਆਮ ਚੀਨੀ ਡੋਰ ਵੇਚ ਰਹੇ ਹਨ। ਦੂਜੇ ਪਾਸੇ, ਪਤੰਗਬਾਜ਼ਾਂ ਦੀਆਂ ਨਜ਼ਰਾਂ ਅਸਮਾਨ ’ਤੇ ਟਿਕੀਆਂ ਹੋਈਆਂ ਹਨ। ਹਰ ਕੋਈ ਇਹੀ ਦੁਆ ਕਰ ਰਿਹਾ ਹੈ ਕਿ ਬਸੰਤ ਵਾਲੇ ਦਿਨ ਮੌਸਮ ਸਾਫ ਰਹੇ ਅਤੇ ਹਵਾ ਦੀ ਰਫ਼ਤਾਰ ਪਤੰਗ ਉਡਾਉਣ ਲਈ ਅਨੁਕੂਲ ਹੋਵੇ। ਛੱਤਾਂ ’ਤੇ ਵੱਡੇ ਲਾਊਡ ਸਪੀਕਰ ਲਗਾ ਕੇ ਫਿਰੋਜ਼ਪੁਰ ਪੂਰੀ ਤਰ੍ਹਾਂ ਬਸੰਤ ਦੇ ਜਸ਼ਨ ਲਈ ਤਿਆਰ ਨਜ਼ਰ ਆ ਰਿਹਾ ਹੈ। --- ਪੰਜਾਬ ਟੂਰਿਜ਼ਮ ਵਿਭਾਗ ਵੱਲੋਂ ਵੀ ਮਨਾਇਆ ਜਾਂਦਾ ਹੈ ‘ਫਿਰੋਜ਼ਪੁਰ ਹੈਰੀਟੇਜ਼ ਬਸੰਤ ਮੇਲਾ’ ਫਿਰੋਜ਼ਪੁਰ ਦੀ ਬਸੰਤ ਨੂੰ ਸੈਰ-ਸਪਾਟੇ ਦੇ ਨਕਸ਼ੇ ’ਤੇ ਉਭਾਰਨ ਲਈ ਪੰਜਾਬ ਦੇ ਟੂਰਿਜ਼ਮ ਵਿਭਾਗ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਇਸਨੂੰ ‘ਹੈਰੀਟੇਜ਼ ਬਸੰਤ ਮੇਲੇ’ ਦੇ ਰੂਪ ਵਿੱਚ ਵੀ ਮਨਾਇਆ ਜਾ ਰਿਹਾ ਹੈ। ਇਹ ਮੇਲਾ ਬਸੰਤ ਤੋਂ ਪਹਿਲਾਂ ਜਾਂ ਬਾਅਦ ਦੋ-ਤਿੰਨ ਦਿਨਾਂ ਦਾ ਹੁੰਦਾ ਹੈ। --- ਦਿਲਜੀਤ ਵਾਲੇ ਪਤੰਗ ਸਭ ਤੋਂ ਹਿੱਟ ਮਾਰਕੀਟ ’ਚ ਪੰਜਾਬ ਦੀਆਂ ਰਵਾਇਤੀ ‘ਪਰੀਆਂ, ਝੱਪਰ, ਟੁੱਕਲਾਂ’ ਤੋਂ ਇਲਾਵਾ ਕਲਾਕਾਰਾਂ ਅਤੇ ਕ੍ਰਿਕਟਰਾਂ ਵਾਲੇ ਪਤੰਗ ਵੀ ਖੂਬ ਵਿਕ ਰਹੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਯੂਨੀਵਰਸਲ ਕਲਾਕਾਰ ਦਿਲਜੀਤ ਦੀ ਤਸਵੀਰ ਵਾਲੇ ਪਤੰਗ ਲੋਕਾਂ ਦੇ ਦਿਲ ਜਿੱਤਦੇ ਨਜ਼ਰ ਆ ਰਹੇ ਹਨ।