ਪ੍ਰਾਚੀਨ ਸ੍ਰੀ ਸ਼ਿਵਾਲੇ ਮੰਦਰ ਵਿਖੇ ਮਹਾਸ਼ਿਵਰਾਤਰੀ ਦੀ ਰੌਣਕ
ਪ੍ਰਾਚੀਨ ਸ੍ਰੀ ਸ਼ਿਵਾਲੇ ਮੰਦਿਰ ਵਿਖੇ ਮਹਾਸ਼ਿਵਰਾਤਰੀ ਦੀ ਰੌਣਕ
Publish Date: Sun, 15 Feb 2026 07:26 PM (IST)
Updated Date: Sun, 15 Feb 2026 07:30 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਵਿਖੇ ਪ੍ਰਾਚੀਨ ਸ੍ਰੀ ਸ਼ਿਵਾਲੇ ਮੰਦਿਰ ਵਿਖੇ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਮੰਦਿਰ ਵਿੱਚ ਭਗਤਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ, ਜਿੱਥੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੇ ਦਰਸ਼ਨ ਕੀਤੇ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਧਾਰਮਿਕ ਰਸਮਾਂ ਅਤੇ ਕਾਵੜੀਆਂ ਦਾ ਉਤਸ਼ਾਹ ਮੰਦਿਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਭਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੂਰ-ਦੂਰ ਤੋਂ ਆਏ ਕਾਵੜੀਆਂ ਨੇ ਪਵਿੱਤਰ ਜਲ ਨਾਲ ਭਗਵਾਨ ਭੋਲੇ ਨਾਥ ਦੇ ਸ਼ਿਵਲਿੰਗ ਦਾ ਅਭਿਸ਼ੇਕ ਕੀਤਾ। ਫਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਵਿੱਚ ਸਥਿਤ ਪ੍ਰਾਚੀਨ ਸ਼ਿਵਾਲਾ ਮੰਦਰ ਅਤੇ ਫਿਰੋਜ਼ਪੁਰ ਛਾਉਣੀ ਦੇ ਛਬੀਲਾ ਮੰਦਰ ਵਿੱਚ ਲੋਕਾਂ ਨੇ ਲੰਬੀਆਂ ਕਤਾਰਾਂ ਵਿੱਚ ਲੱਗ ਕੇ ਭਗਵਾਨ ਸ਼ਿਵ ਦੇ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਹਰਿਦੁਆਰ ਤੋਂ ਕਾਂਵੜ ਲੈ ਕੇ ਫਿਰੋਜ਼ਪੁਰ ਸ਼ਹਿਰ ਮੰਦਿਰ ਪਹੁੰਚੇ ਕਾਂਵੜੀਆਂ ਨੇ ਹੋਲੀ ਖੇਡੀ ਅਤੇ ਜਸ਼ਨ ਮਨਾਇਆ। ਭਗਤਾਂ ਵੱਲੋਂ ਮੰਦਿਰ ਵਿਚ ਨੱਚ-ਗਾ ਕੇ ਅਤੇ ਭਜਨਾਂ ਰਾਹੀਂ ਭਗਵਾਨ ਸ਼ੰਕਰ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ‘ਬੰਮ-ਬੰਮ ਭੋਲੇ’ ਅਤੇ ’ਹਰ-ਹਰ ਮਹਾਦੇਵ’ ਦੇ ਜੈਕਾਰਿਆਂ ਲਗਾਏ ਗਏ। ਲੰਗਰ ਅਤੇ ਸੇਵਾ ਸੰਭਾਲ ਇਸ ਵਿਸ਼ੇਸ਼ ਮੌਕੇ ’ਤੇ ਨੀਲਕੰਠ ਮਹਾਂਦੇਵ ਸੇਵਾ ਸੰਮਤੀ ਅਤੇ ਸ੍ਰੀ ਅਮਰਨਾਥ ਸ੍ਰੀ ਲੰਗਰ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਕਮੇਟੀ ਵੱਲੋਂ ਵੱਖ-ਵੱਖ ਪ੍ਰਕਾਰ ਦੇ ਫਲ, ਦੁੱਧ ਅਤੇ ਅਤੁੱਟ ਲੰਗਰ ਵਰਤਾਏ ਗਏ। ਸੇਵਾਦਾਰਾਂ ਨੇ ਦਿਨ-ਰਾਤ ਇਕ ਕਰਕੇ ਆਉਣ ਵਾਲੇ ਭਗਤਾਂ ਦੀ ਸੇਵਾ ਕੀਤੀ ਤਾਂ ਜੋ ਕਿਸੇ ਨੂੰ ਵੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਭਗਤੀ ਦਾ ਮਾਹੌਲ ਮੰਦਿਰ ਨੂੰ ਫੁੱਲਾਂ ਅਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ। ਰਾਤ ਦੇ ਸਮੇਂ ਵਿਸ਼ੇਸ਼ ਆਰਤੀ ਅਤੇ ਜਾਗਰਣ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿਚ ਸੈਂਕੜੇ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ।