ਮੱਲਾਂਵਾਲਾ–ਮਖੂ ਰੋਡ ਅਵਾਰਾ ਪਸ਼ੂਆਂ ਕਾਰਨ ਅਸੁਰੱਖਿਅਤ
ਰਾਤ ਦੇ ਸਫ਼ਰ ’ਚ ਮੌਤ ਦਾ ਸਾਇਆ
Publish Date: Sat, 24 Jan 2026 03:37 PM (IST)
Updated Date: Sat, 24 Jan 2026 03:40 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਮੱਲਾਂਵਾਲਾ–ਮੱਖੂ ਰੋਡ ’ਤੇ ਪਿੰਡ ਬੂਟੇ ਵਾਲਾ ਦੇ ਨੇੜੇ ਰਾਤ ਕਰੀਬ ਸਾਢੇ 9 ਵਜੇ ਵਾਪਰੇ ਸੜਕ ਹਾਦਸੇ ਨੇ ਇਲਾਕੇ ਵਿਚ ਸੜਕ ਸੁਰੱਖਿਆ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਫਿਰੋਜ਼ਪੁਰ ਵੱਲੋਂ ਮਖੂ ਨੂੰ ਜਾ ਰਹੀ ਇਕ ਸਕੋਰਪੀਓ ਗੱਡੀ ਅਚਾਨਕ ਸੜਕ ’ਤੇ ਆਈ ਇਕ ਅਵਾਰਾ ਗਾਂ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਗਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੱਸਿਆ ਗਿਆ ਹੈ ਕਿ ਹਾਦਸੇ ਵੇਲੇ ਗੱਡੀ ਦੀ ਰਫ਼ਤਾਰ ਕਰੀਬ 80 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਸੀ। ਗਨੀਮਤ ਇਹ ਰਹੀ ਕਿ ਗੱਡੀ ਵਿਚ ਸਵਾਰ ਨੌਜਵਾਨ ਸੁਰੱਖਿਅਤ ਰਿਹਾ। ਹਾਦਸੇ ਤੋਂ ਬਾਅਦ ਕੁਝ ਸਮੇਂ ਲਈ ਸੜਕ ‘ਤੇ ਆਵਾਜਾਈ ਵੀ ਪ੍ਰਭਾਵਿਤ ਹੋਈ, ਜਿਸ ਨਾਲ ਰਾਹਗੀਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਲਾਕੇ ਦੇ ਲੋਕਾਂ ਮੁਤਾਬਕ ਮੱਲਾ ਵਾਲਾ–ਮੱਖੂ ਰੋਡ ’ਤੇ ਰਾਤ ਦੇ ਸਮੇਂ ਅਵਾਰਾ ਗਾਵਾਂ ਦਾ ਝੁੰਡ ਅਕਸਰ ਘੁੰਮਦਾ ਰਹਿੰਦਾ ਹੈ। ਸੜਕ ਦੇ ਕਿਨਾਰਿਆਂ ’ਤੇ ਸਟ੍ਰੀਟ ਲਾਈਟਾਂ ਦੀ ਕਮੀ ਅਤੇ ਚੇਤਾਵਨੀ ਬੋਰਡ ਨਾ ਹੋਣ ਕਾਰਨ ਡਰਾਈਵਰਾਂ ਨੂੰ ਸਮੇਂ ਸਿਰ ਪਸ਼ੂਆਂ ਦੀ ਮੌਜ਼ੂਦਗੀ ਦਾ ਅੰਦਾਜ਼ਾ ਨਹੀਂ ਲੱਗਦਾ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ। ਪਿੰਡ ਬੂਟੇ ਵਾਲਾ ਦੇ ਵਸਨੀਕਾਂ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਬਾਰੇ ਕਈ ਵਾਰ ਸੰਬੰਧਿਤ ਵਿਭਾਗਾਂ ਨੂੰ ਅਗਾਹ ਕੀਤਾ ਗਿਆ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਲੋਕਾਂ ਨੇ ਮੰਗ ਕੀਤੀ ਹੈ ਕਿ ਰਾਤ ਸਮੇਂ ਸੜਕਾਂ ‘ਤੇ ਪੈਟਰੋਲਿੰਗ ਵਧਾਈ ਜਾਵੇ, ਚੇਤਾਵਨੀ ਸਾਈਨ ਲਗਾਏ ਜਾਣ ਅਤੇ ਅਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾਉਣ ਲਈ ਤੁਰੰਤ ਪ੍ਰਬੰਧ ਕੀਤੇ ਜਾਣ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਹੀ ਹਾਲਾਤ ਸੰਭਾਲੇ ਜਾ ਸਕਣ।