ਪ੍ਰਮਾਤਮਾ ਦੀ ਭਗਤੀ ਮਨੁੱਖੀ ਮਨ ’ਚੋਂ ਵਿਕਾਰਾਂ ਦਾ ਹਨੇਰਾ ਮਿਟਾ ਕੇ ਸੱਚਾਈ ਦੀ ਜਗਾਉਂਦੀ ਜੋਤ ਹਵਨ ਯੱਗ ਦੀਆਂ ਪਵਿੱਤਰ ਆਹੂਤੀਆਂ ਤੇ ਵਿਸ਼ਾਲ ਭੰਡਾਰੇ ਨਾਲ ਸੱਤ ਰੋਜ਼ਾ ਸ੍ਰੀ ਮਦ ਭਾਗਵਤ ਕਥਾ ਸੰਪੰਨ
Publish Date: Sat, 21 Nov 2026 04:41 PM (IST)
Updated Date: Sun, 22 Nov 2026 04:01 AM (IST)
ਹਵਨ ਯੱਗ ਦੀਆਂ ਪਵਿੱਤਰ ਆਹੂਤੀਆਂ ਤੇ ਵਿਸ਼ਾਲ ਭੰਡਾਰੇ ਨਾਲ ਸ੍ਰੀ ਮਦ ਭਾਗਵਤ ਕਥਾ ਸੰਪੰਨ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਸ਼ਿਵ ਸ਼ਕਤੀ ਯੋਗ ਮਿਸ਼ਨ ਵੱਲੋਂ ਸਥਾਨਕ ਸ਼ਿਵਾਲਾ ਮੰਦਰ ਵਿਖੇ ਸ੍ਰੀ ਸ੍ਰੀ 1008 ਬ੍ਰਹਮਲੀਨ ਸਿੱਧ ਬਾਬਾ ਸੁਆਮੀ ਸਵਤੇ ਪ੍ਰਕਾਸ਼ ਪੁਰੀ ਜੀ ਮਹਾਰਾਜ ਦੀ 72ਵੀਂ ਬਰਸੀ ਨੂੰ ਸਮਰਪਿਤ ਕਰਵਾਈ ਗਈ ਸੱਤ ਰੋਜ਼ਾ ਸ਼੍ਰੀਮਦ ਭਾਗਵਤ ਕਥਾ ਦਾ ਅੰਤਿਮ ਦਿਨ ਅਧਿਆਤਮਿਕ ਸ਼ਰਧਾ, ਆਤਮਿਕ ਸ਼ਾਂਤੀ ਅਤੇ ਪ੍ਰਭੂ ਭਗਤੀ ਦੀਆਂ ਭਾਵਨਾਵਾਂ ਨਾਲ ਸਰਾਬੋਰ ਰਿਹਾ। ਸੱਤ ਦਿਨਾਂ ਤੱਕ ਗੂੰਜਦੇ ਰਹੇ ਪ੍ਰਭੂ ਮਹਿਮਾ ਦੇ ਗੁਣਗਾਨ ਨੇ ਸੰਗਤਾਂ ਦੇ ਮਨਾਂ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਸਮਾਗਮ ਦੀ ਸੰਪੂਰਨਤਾ ਮੌਕੇ ਪਵਿੱਤਰ ਹਵਨ ਯੱਗ ਅਤੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ, ਜਿਸ ਵਿੱਚ ਦੂਰ-ਦੁਰਾਡੇ ਤੋਂ ਪੁੱਜੀਆਂ ਸੰਗਤਾਂ ਨੇ ਸ਼ਰਧਾਪੂਰਵਕ ਹਾਜ਼ਰੀ ਲਗਵਾਈ। ਪੰਡਿਤ ਭੁਪਿੰਦਰ ਉਪਾਧਿਆਏ ਨੇ ਵਿਧੀਵਤ ਮੰਤਰ ਉਚਾਰਨ ਨਾਲ ਹਵਨ ਯੱਗ ਸੰਪੰਨ ਕਰਵਾਇਆ ਅਤੇ ਸ਼ਰਧਾਲੂਆਂ ਨੇ ਲੋਕਾਈ ਦੀ ਸੁੱਖ-ਸ਼ਾਂਤੀ ਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਆਹੂਤੀਆਂ ਭੇਟ ਕੀਤੀਆਂ। ਇਸ ਮੌਕੇ ਸ੍ਰੀ ਸ੍ਰੀ 1008 ਆਚਾਰਿਆ ਮਹਾਮੰਡਲੇਸ਼ਵਰ ਸਵਾਮੀ ਆਤਮਾਨੰਦ ਪੁਰੀ ਜੀ ਮਹਾਰਾਜ ਨੇ ਪ੍ਰਵਚਨਾਂ ਰਾਹੀਂ ਜੀਵਨ ਦੀ ਅਸਲ ਅਧਿਆਤਮਿਕਤਾ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਸ਼੍ਰੀਮਦ ਭਾਗਵਤ ਮਨੁੱਖ ਨੂੰ ਕੇਵਲ ਧਾਰਮਿਕ ਗਿਆਨ ਹੀ ਨਹੀਂ ਦਿੰਦੀ, ਸਗੋਂ ਉਸ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਅਨਮੋਲ ਮਾਰਗਦਰਸ਼ਨ ਵੀ ਪ੍ਰਦਾਨ ਕਰਦੀ ਹੈ। ਪ੍ਰਭੂ ਦੀ ਮਹਿਮਾ ਦਾ ਸਰਵਣ ਕਰਨ ਨਾਲ ਮਨ ਅੰਦਰੋਂ ਹਉਮੈ, ਲੋਭ, ਮੋਹ ਅਤੇ ਈਰਖਾ ਵਰਗੇ ਵਿਕਾਰਾਂ ਦਾ ਨਾਸ ਹੁੰਦਾ ਹੈ ਅਤੇ ਮਨੁੱਖ ਦੇ ਹਿਰਦੇ ਵਿੱਚ ਦਇਆ, ਨਿਮਰਤਾ, ਸੇਵਾ ਤੇ ਪਰਉਪਕਾਰ ਦੀਆਂ ਭਾਵਨਾਵਾਂ ਪ੍ਰਫੁੱਲਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਪਰਮਾਤਮਾ ਵੱਲੋਂ ਬਖ਼ਸ਼ੀ ਅਨਮੋਲ ਦਾਤ ਹੈ, ਇਸ ਨੂੰ ਦੂਜਿਆਂ ਦੇ ਦੁੱਖ ਵੰਡਾਉਣ, ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਨੇਕੀ ਦੇ ਰਾਹ ’ਤੇ ਚੱਲਣ ਵਿੱਚ ਲਗਾਉਣਾ ਹੀ ਜੀਵਨ ਦੀ ਅਸਲ ਸਾਰਥਕਤਾ ਹੈ। ਹਵਨ ਯੱਗ ਮਨੁੱਖ ਦੇ ਮਨ ਵਿੱਚ ਪਵਿੱਤਰਤਾ, ਸ਼ੁੱਧਤਾ ਅਤੇ ਸਾਤਵਿਕ ਵਿਚਾਰਾਂ ਦਾ ਸੰਚਾਰ ਕਰਦਾ ਹੈ। ਉਨ੍ਹਾਂ ਸੰਗਤ ਨੂੰ ਪ੍ਰਭੂ ਸਿਮਰਨ ਨਾਲ ਜੁੜਨ ਅਤੇ ਮਨੁੱਖਤਾ ਦੀ ਸੇਵਾ ਨੂੰ ਜੀਵਨ ਦਾ ਮੂਲ ਉਦੇਸ਼ ਬਣਾਉਣ ਦੀ ਪ੍ਰੇਰਨਾ ਦਿੱਤੀ। ਭੰਡਾਰੇ ਮੌਕੇ ਵੱਖ-ਵੱਖ ਥਾਵਾਂ ਤੋਂ ਪੁੱਜੇ ਸੰਤ ਮਹਾਂਪੁਰਖਾਂ ਨੇ ਵੀ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਇਸ ਮੌਕੇ ਗੁਜਰਾਤ ਤੋਂ ਸਵਾਮੀ ਕਿਸ਼ੋਰਪੁਰੀ ਜੀ, ਸਵਾਮੀ ਮਹਾਦੇਵ, ਓਮ ਪ੍ਰਕਾਸ਼ ਪੁਰੀ, ਗੁਲਸ਼ਨ ਸ਼ਰਮਾ, ਜੁਗਲ ਕਿਸ਼ੋਰ, ਸੁੰਦਰਮ ਸੂਦ, ਬਲਵੰਤ ਚੌਧਰੀ, ਜਨਕ ਰਾਜ ਝਾਂਬ, ਸਤਿੰਦਰ ਸਚਦੇਵਾ, ਸ਼ਕਤੀ ਸੂਦ, ਗਗਨ ਸ਼ਰਮਾ, ਰਾਜ ਕੁਮਾਰ ਕਪੂਰ, ਰਵੀ ਸ਼ਰਮਾ, ਅਸ਼ਵਨੀ ਗੌੜ, ਵਨੀਤ ਕਾਲੜਾ, ਸੁਭਾਸ਼ ਛਾਬੜਾ, ਅਸ਼ੋਕ ਸ਼ਰਮਾ ਫਿਰੋਜ਼ਪੁਰ, ਪ੍ਰਕਾਸ਼ ਚੰਦ ਅਤੇ ਸਤੀਸ਼ ਮੋਹਨ ਦੇਵਗਨ ਸਮੇਤ ਮੱਖੂ, ਤਲਵੰਡੀ ਭਾਈ, ਫਿਰੋਜ਼ਪੁਰ ਅਤੇ ਮੋਗਾ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।