‘ਰਾਮ ਬਣਵਾਸ’ ਦੇਖ ਭਾਵੁਕ ਹੋਇਆ ਰਾਮਲੀਲਾ ਪੰਡਾਲ, ਸ਼ਰਧਾਲੂਆਂ ਦੀਆਂ ਅੱਖਾਂ ਹੋਈਆਂ ਨਮ ਰਾਮ ਬਨਵਾਸ ਦਾ ਦ੍ਰਿਸ਼ ਦੇਖ ਭਾਵੁਕ ਹੋਇਆ ਰਾਮਲੀਲਾ ਪੰਡਾਲ, ਸ਼ਰਧਾਲੂਆਂ ਦੀਆਂ ਅੱਖਾਂ ਹੋਈਆਂ ਨਮ
Publish Date: Sat, 10 Oct 2026 03:24 PM (IST)
Updated Date: Sat, 10 Oct 2026 03:26 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜਦੋਂ ਅਯੁੱਧਿਆ ਦੇ ਰਾਜਮਹਿਲ ਵਿੱਚ ਰਾਜਤਿਲਕ ਦੀਆਂ ਖ਼ੁਸ਼ੀਆਂ ਉਦਾਸੀ ਵਿੱਚ ਬਦਲ ਗਈਆਂ ਅਤੇ ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਨੇ ਪਿਤਾ ਦੇ ਵਚਨਾਂ ਦੀ ਲਾਜ ਰੱਖਣ ਲਈ ਰਾਜਗੱਦੀ ਦੀ ਥਾਂ 14 ਸਾਲ ਦਾ ਬਨਵਾਸ ਸਵੀਕਾਰ ਕਰ ਲਿਆ ਤਾਂ ਸਰਾਏ ਲਾਲਾ ਸਾਵਨ ਮੱਲ ਵਿਖੇ ਸਜਿਆ ਰਾਮਲੀਲਾ ਦਾ ਪੰਡਾਲ ਭਾਵਨਾਵਾਂ ਦੇ ਸਮੁੰਦਰ ਵਿੱਚ ਡੁੱਬ ਗਿਆ। ਸ੍ਰੀ ਰਾਮ ਦੇ ਤਿਆਗ, ਆਗਿਆਕਾਰੀ ਅਤੇ ਮਰਿਆਦਾ ਦੇ ਅਦਭੁੱਤ ਦ੍ਰਿਸ਼ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਸਰਾਏ ਲਾਲਾ ਸਾਵਨ ਮੱਲ ਵਿਖੇ ਸ੍ਰੀ ਰਾਮ ਲੀਲਾ ਕਲੱਬ ਵੱਲੋਂ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰਾਮਲੀਲਾ ਦੇ ਛੇਵੇਂ ਦਿਨ ਰਾਜਤਿਲਕ ਦੀਆਂ ਤਿਆਰੀਆਂ ਤੋਂ ਸ਼ੁਰੂ ਹੋਇਆ। ਮੰਚਨ ਰਾਣੀ ਕੈਕੇਈ ਦੇ ਦੋ ਵਰਦਾਨਾਂ ਕਾਰਨ ਨਾਟਕੀ ਮੋੜ ਤੇ ਪਹੁੰਚ ਗਿਆ। ਮੰਥਰਾ ਦੇ ਭੜਕਾਉਣ ਤੇ ਕੈਕੇਈ ਨੇ ਭਰਤ ਲਈ ਰਾਜਗੱਦੀ ਅਤੇ ਸ੍ਰੀ ਰਾਮ ਲਈ 14 ਸਾਲ ਦਾ ਬਨਵਾਸ ਮੰਗ ਲਿਆ। ਇੱਕ ਪਾਸੇ ਪੁੱਤਰ ਵਿਛੋੜੇ ਦੀ ਕਲਪਨਾ ਨਾਲ ਰਾਜਾ ਦਸ਼ਰਥ ਦਾ ਹਿਰਦਾ ਵਿਆਕੁਲ ਹੋਇਆ, ਦੂਜੇ ਪਾਸੇ ਸ੍ਰੀ ਰਾਮ ਨੇ ਬਿਨਾਂ ਕਿਸੇ ਰੋਸ ਦੇ ਪਿਤਾ ਦਾ ਹੁਕਮ ਸਿਰ ਮੱਥੇ ਪ੍ਰਵਾਨ ਕਰ ਲਿਆ। ਇਸ ਦ੍ਰਿਸ਼ ਨੇ ਹਾਜ਼ਰ ਸੰਗਤ ਨੂੰ ਡੂੰਘਾਈ ਤੱਕ ਭਾਵੁਕ ਕਰ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਅਰੋੜਾ ਬਿਰਾਦਰੀ ਅਰੌੜ ਵੰਸ਼ ਮਹਾਸਭਾ ਪੰਜਾਬ ਭਾਰਤ ਦੇ ਪ੍ਰਧਾਨ ਚਰਨਜੀਤ ਸਿੰਘ ਸਿੱਕੀ, ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਅਰੋੜਾ, ਯੂਥ ਮੀਤ ਪ੍ਰਧਾਨ ਸੁਖਦੇਵ ਸਿੰਘ ਬੱਬਰ, ਯੂਥ ਆਗੂ ਕੁਲਦੀਪ ਸਿੰਘ ਵਿੱਕੀ, ਪ੍ਰਵੀਨ ਸਿੰਘ ਅਤੇ ਸਤਨਾਮ ਸਿੰਘ ਤੋਂ ਇਲਾਵਾ 13-13-13 ਲੰਗਰ ਕਮੇਟੀ ਦੇ ਪ੍ਰਧਾਨ ਸੰਜੀਵ ਨਾਰੰਗ ਅਤੇ ਲਾਭ ਚੰਦ ਮਾਨਕਟਾਲਾ ਹਾਜ਼ਰ ਸਨ। ਇਸ ਮੌਕੇ ਸ੍ਰੀ ਰਮਾਇਣ ਜੀ ਨੂੰ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਕਰਕੇ ਪੰਡਿਤ ਭੁਪਿੰਦਰ ਸ਼ਰਮਾ ਨੇ ਵਿਧੀਵਤ ਪੂਜਾ-ਅਰਚਨਾ ਕਰਵਾਈ ਅਤੇ ਮੁੱਖ ਮਹਿਮਾਨਾਂ ਨੇ ਆਰਤੀ ਕੀਤੀ। ਡਾਇਰੈਕਟਰ ਕ੍ਰਿਸ਼ਨ ਹਾਂਡਾ ਅਤੇ ਮਿਊਜ਼ਿਕ ਡਾਇਰੈਕਟਰ ਕੁਲਭੂਸ਼ਣ ਸ਼ਰਮਾ ਅਨੁਸਾਰ ਸ੍ਰੀ ਰਾਮ ਦੀ ਭੂਮਿਕਾ ਅਰੁਣ ਵਰਮਾ, ਸੀਤਾ ਦੀ ਫਾਰਿਤ, ਚੋਬਦਾਰ ਰਾਕੇਸ਼, ਵਸ਼ਿਸ਼ਟ ਦੀ ਰਾਜ ਅਰੋੜਾ, ਮੰਥਰਾ ਦੀ ਕਨਨ, ਕੈਕੇਈ ਦੀ ਅਸ਼ੋਕ ਬਾਰੀਆ, ਲਕਸ਼ਮਣ ਦੀ ਚਰਨਜੀਤ ਸ਼ਰਮਾ, ਦਸ਼ਰਥ ਦੀ ਤਾਰਾ ਚੰਦ, ਕੌਸ਼ੱਲਿਆ ਦੀ ਉਜਵਲ ਅਤੇ ਸੁਮੰਤ ਦੀ ਨਵੀਨ ਗਰੋਵਰ ਨੇ ਨਿਭਾਈ। ਪ੍ਰਧਾਨ ਜੋਗਿੰਦਰ ਪਾਲ ਕੋਰੀ ਨੇ ਕਿਹਾ ਕਿ ਰਾਮਲੀਲਾ ਰਾਹੀਂ ਸ੍ਰੀ ਰਾਮ ਜੀ ਦੇ ਆਦਰਸ਼ਾਂ ਅਤੇ ਜੀਵਨ-ਮੁੱਲਾਂ ਦਾ ਸੰਦੇਸ਼ ਸਮਾਜ ਤੱਕ ਪਹੁੰਚਾਉਣ ਦਾ ਯਤਨ ਜਾਰੀ ਰਹੇਗਾ। ਇਸ ਮੌਕੇ ਸੁਭਾਸ਼ ਗੁਪਤਾ, ਮੋਹਨ ਲਾਲ ਅਨੇਜਾ, ਵਿਜੇ ਪ੍ਰਜਾਪਤੀ, ਵਿਜੇ ਸ਼ਰਮਾ, ਅਸ਼ੋਕ ਬਾਰੀਆ, ਧਰਮਿੰਦਰ ਕੋਰੀ, ਤਾਰਾ ਚੰਦ, ਧਰਮਿੰਦਰ ਸਚਦੇਵਾ, ਅਭਿਸ਼ੇਕ, ਮੰਨਤ ਜੈਨ ਅਤੇ ਡਾ. ਟਿੰਕੂ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।