- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ‘ 120 ਸਨੈਚਡ ਫੋਨ’ ਬਰਾਮਦ ਕਰਕੇ ਅਸਲ ਵਾਰਸਾਂ ਨੂੰ ਮੋੜੇ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਗੈਰ ਸਮਾਜੀ ਅਨਸਰਾਂ ਤੇ ਹੋਰ ਗਤੀਵਿਧੀਆਂ ਦੇ ਖਿਲਾਫ ਜਿਥੇ ਜ਼ਿਲ੍ਹਾ ਪੁਲਿਸ ਦੇ ਵੱਖ-ਵੱਖ ਵਿੰਗ ਸਰਗਰਮੀ ਨਾਲ ਕੰਮ ਕਰ ਰਹੇ ਹਨ, ਉਥੇ ਜ਼ਿਲ੍ਹਾ ਪੁਲਿਸ ਦੀ ਸਪੈਸ਼ਲ ਬ੍ਰਾਂਚ ਤੇ ਆਈਟੀ ਸੈzਲ ਨੇ ਲੋਕਾਂ ਦੇ ਖੋਹੇ ਹੋਏ ਜਾਂ ਗੁੰਮ ਹੋਏ ਲੱਖਾਂ ਰੁਪਏ ਮੁੱਲ ਦੇ 120 ਮੋਬਾਈਲ ਟਰੇਸ ਕਰਕੇ ਉਨ੍ਹਾਂ ਦੇ ਅਸਲ ਵਾਰਸਾਂ ਹਵਾਲੇ ਕੀਤੇ ਹਨ। ਬੀਤੇ ਕੁੱਝ ਸਮੇਂ ਵਿੱਚ ਹੀ ਪੁਲਿਸ ਵੱਲੋਂ ਟਰੇਸ ਕਰਕੇ ਅਸਲ ਵਾਰਸਾਂ ਨੂੰ ਮੋੜੇ ਮੋਬਾਈਲਾਂ ਦੀ ਗਿਣਤੀ 459 ਹੋ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਭੂਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਰ ਸਮਾਜੀ ਅਨਸਰਾਂ ਖਿਲਾਫ ਚਲਾਈ ਹੋਈ ਮੁਹਿੰਮ ਵਿੱਚ ਫਿਰੋਜ਼ਪੁਰ ਪੁਲਿਸ ਦੇ ਆਈ.ਟੀ. ਸੈੱਲ ਅਤੇ ਸਪੈਸ਼ਲ ਬ੍ਰਾਂਚ ਦੇ ਮੁਲਾਜ਼ਮਾਂ ਨੇ ਆਧੁਨਿਕ ਤਕਨਾਲੋਜੀ ਅਤੇ ਤਕਨੀਕੀ ਜਾਂਚ ਦੀ ਮਦਦ ਨਾਲ ਇਨ੍ਹਾਂ ਫੋਨਾਂ ਦੀ ਲੋਕੇਸ਼ਨ ਟਰੇਸ ਕਰਕੇ ਰਿਕਵਰ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਅਸਲ ਮਾਲਕਾਂ ਨੂੰ ਅੱਜ ਸੌਂਪੇ ਗਏ 120 ਮੋਬਾਈਲ ਫੋਨਾਂ ਦੀ ਕੀਮਤ ਲਗਭਗ 30 ਲੱਖ ਰੁਪਏ ਦੇ ਕਰੀਬ ਬਣਦੀ ਹੈ।
ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਤੋਂ ਪਹਿਲਾਂ 117, ਫਿਰ 90 ਤੇ ਇਕ ਵਾਰ 130 ਮੋਬਾਈਲ ਫੋਨ ਰਿਕਵਰ ਕਰਕੇ ਮਾਲਕਾਂ ਨੂੰ ਦਿੱਤੇ ਗਏ ਸਨ। ਅੱਜ ਦੇ 120 ਫੋਨਾਂ ਨੂੰ ਮਿਲਾ ਕੇ ਫਿਰੋਜ਼ਪੁਰ ਪੁਲਿਸ ਹੁਣ ਤੱਕ ਕੁੱਲ 459 ਮੋਬਾਈਲ ਫੋਨ ਬਰਾਮਦ ਕਰਕੇ ਲੋਕਾਂ ਨੂੰ ਵਾਪਸ ਸੌਂਪ ਚੁੱਕੀ ਹੈ। ਇਥੇ ਦੱਸਣਯੋਗ ਹੈ ਕਿ ਲੋਕਾਂ ਦੀ ਮਿਹਨਤ ਨਾਲ ਕੀਤੀ ਹੱਕ ਹਲਾਲ ਦੀ ਕਮਾਈ ਦੀ ਗੁਆਚੀ ਚੀਜ਼ ਜਦੋਂ ਉਨ੍ਹਾਂ ਨੂੰ ਵਾਪਸ ਮਿਲੀ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀ ਵੇਖਣ ਵਾਲੀ ਸੀ। ਇਸ ਮੋਕੇ ਚੋਰੀ ਦਾ ਮਾਲ ਖਰੀਦਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਆਖਿਆ ਕਿ ਆਈ.ਟੀ. ਸੈੱਲ ਅਤੇ ਸਪੈਸ਼ਲ ਬ੍ਰਾਂਚ ਦੀ ਰਡਾਰ 'ਤੇ ਕਈ ਹੋਰ ਸ਼ੱਕੀ ਚੋਰ ਅਤੇ ਸਨੈਚਰ ਵੀ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਉਨ੍ਹਾਂ ਆਖਿਆ ਕਿ ਜਿਨ੍ਹਾਂ ਦੁਕਾਨਦਾਰਾਂ ਨੇ ਜਾਣਬੁੱਝ ਕੇ ਚੋਰੀ ਜਾਂ ਸਨੈਚ ਕੀਤੇ ਹੋਏ ਮੋਬਾਈਲ ਖਰੀਦੇ ਹਨ, ਉਨ੍ਹਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ‘ਪੰਜਾਬੀ ਜਾਗਰਣ’ ਨਾਲ ਗੱਲ ਕਰਦਿਆਂ ਇਕ ਦੋ ਮਾਲਕਾਂ ਨੇ ਆਖਿਆ ਕਿ ਸਿਆਣੇ ਕਹਿੰਦੇ ਹੁੰਦੇ ਸੀ ਕਿ ‘ਚੋਰੀ ਹੋਇਆ ਮਾਲ ਤੇ ਗੰਗਾ ਗਈਆਂ ਹੱਡੀਆਂ ਵਾਪਸ ਨਹੀਂ ਆਉਂਦੀਆਂ ਹੁੰਦੀਆਂ।’ ਪਰ ਮਾਡਰਨ ਪੁਲਿਸ ਨੇ ਸਿਆਣਿਆਂ ਦੀ ਕਹਾਵਤ ਗਲਤ ਸਾਬਤ ਕਰ ਦਿੱਤਾ।