ਸਿੱਧੂ ਸਮਾਧੀ ਧਾਮ ’ਚ 22 ਤੋਂ 29 ਜੁਲਾਈ ਤੱਕ ਗੂੰਜੇਗੀ ਸ਼੍ਰੀਮਦ ਭਾਗਵਤ ਕਥਾ ਦੀ ਅੰਮ੍ਰਿਤ ਬਾਣੀ ਸਿੱਧੂ ਸਮਾਧੀ ਧਾਮ ਵਿਖੇ 22 ਤੋਂ 29 ਜੁਲਾਈ ਤੱਕ ਗੂੰਜੇਗੀ ਸ਼੍ਰੀਮਦ ਭਾਗਵਤ ਕਥਾ ਦੀ ਅੰਮ੍ਰਿਤ ਬਾਣੀ
Publish Date: Thu, 16 Jul 2026 03:45 PM (IST)
Updated Date: Thu, 16 Jul 2026 03:46 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਿੱਧ ਸਮਾਧੀ ਸਵਾਮੀ ਸ਼੍ਰੀ ਸ਼ੰਕਰਾ ਪੁਰੀ ਮਹਾਰਾਜ ਜ਼ੀਰਾ ਵਿਖੇ 22 ਤੋਂ 29 ਜੁਲਾਈ 2026 ਤੱਕ ਮੇਲਾ ਵਿਆਸ ਪੂਜਾ ਅਤੇ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਮਰਿਆਦਾ ਨਾਲ ਕਰਵਾਈ ਜਾਵੇਗੀ। ਇਹ ਪਾਵਨ ਸਮਾਗਮ ਪਰਮ ਪੂਜਨੀਕ ਸਿੱਧ ਪੀਠਾਧੀਸ਼ਵਰ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸਵਾਮੀ ਸ਼੍ਰੀ ਕਮਲਪੁਰੀ ਜੀ ਮਹਾਰਾਜ ਦੀ ਪਾਵਨ ਅਗਵਾਈ ਅਤੇ ਆਧਿਆਤਮਿਕ ਰਹਿਨੁਮਾਈ ਹੇਠ ਸੰਪੰਨ ਹੋਵੇਗਾ। ਇਸ ਸਬੰਧੀ ਸਮਾਜ ਸੇਵੀ ਅਤੇ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਵਾਈਸ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਨੇ ਸਵਾਮੀ ਸ਼੍ਰੀ ਕਮਲਪੁਰੀ ਜੀ ਮਹਾਰਾਜ ਨਾਲ ਵਿਸ਼ੇਸ਼ ਮੁਲਾਕਾਤ ਕਰ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮਾਗਮ ਦੀਆਂ ਤਿਆਰੀਆਂ ਤੇ ਧਾਰਮਿਕ ਪ੍ਰਬੰਧਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸੁਖਦੇਵ ਬਿੱਟੂ ਵਿੱਜ ਨੇ ਕਿਹਾ ਕਿ ਅਜਿਹੇ ਪਾਵਨ ਸਮਾਗਮ ਸਮਾਜ ਵਿੱਚ ਧਾਰਮਿਕ ਚੇਤਨਾ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਦਾ ਸ਼ੁੱਭਆਰੰਭ 22 ਜੁਲਾਈ ਬੁੱਧਵਾਰ ਨੂੰ ਹੋਵੇਗਾ। ਪ੍ਰਸਿੱਧ ਕਥਾਵਾਚਕ ਕਥਾ ਵਿਆਸ ਅਸ਼ਵਨੀ ਕੁਮਾਰ ਸ਼ਾਸਤਰੀ ਵੱਲੋਂ ਹਰ ਰੋਜ਼ ਦੁਪਹਿਰ 3:30 ਵਜੇ ਤੋਂ ਸ਼ਾਮ 7:30 ਵਜੇ ਤੱਕ ਸੰਗੀਤਮਈ ਅਤੇ ਅੰਮ੍ਰਿਤਮਈ ਕਥਾ ਰਾਹੀਂ ਸੰਗਤਾਂ ਨੂੰ ਭਗਤੀ ਰਸ ਦਾ ਅਨੰਦ ਪ੍ਰਦਾਨ ਕੀਤਾ ਜਾਵੇਗਾ। 28 ਜੁਲਾਈ ਮੰਗਲਵਾਰ ਨੂੰ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਦਾ ਭੋਗ ਪਾਇਆ ਜਾਵੇਗਾ, ਜਿਸ ਉਪਰੰਤ ਸ਼ਾਮ ਸਮੇਂ ਵਿਸ਼ਾਲ ਅਤੇ ਸ਼ਰਧਾ ਭਾਵਨਾ ਨਾਲ ਭਰਪੂਰ ਸ਼ੋਭਾ ਯਾਤਰਾ ਸਜਾਈ ਜਾਵੇਗੀ। ਇਸ ਤੋਂ ਅਗਲੇ ਦਿਨ 29 ਜੁਲਾਈ ਬੁੱਧਵਾਰ ਨੂੰ ਸਵੇਰੇ 7 ਵਜੇ ਹਵਨ ਯੱਗ ਕਰਵਾਇਆ ਜਾਵੇਗਾ। ਉਪਰੰਤ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸਿੱਧ ਸਵਾਮੀ ਸ਼ੰਕਰਾਪੂਰੀ ਜੀ ਮਹਾਰਾਜ, ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸਵਾਮੀ ਲਛਮਣਪੁਰੀ ਜੀ ਅਤੇ ਸਵਾਮੀ ਬੈਜਨਾਥ ਪੁਰੀ ਜੀ ਦੀਆਂ ਪਾਵਨ ਸਮਾਧੀਆਂ ਉੱਤੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਵਿਸ਼ੇਸ਼ ਪੂਜਾ ਅਰਚਨਾ ਕੀਤੀ ਜਾਵੇਗੀ, ਜਦਕਿ ਸਦਗੁਰੂ ਪੂਜਨ ਦਾ ਪ੍ਰੋਗਰਾਮ ਸਾਰਾ ਦਿਨ ਜਾਰੀ ਰਹੇਗਾ। ਸਮਾਗਮ ਦੌਰਾਨ ਸੰਗਤਾਂ ਲਈ ਚਾਹ ਦਾ ਭੰਡਾਰਾ, ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਅਤੇ ਅਤੁੱਟ ਲੰਗਰ ਦੀ ਵਿਸ਼ੇਸ਼ ਵਿਵਸਥਾ ਕੀਤੀ ਜਾਵੇਗੀ। ਇਸ ਪਾਵਨ ਸਮਾਗਮ ਦੇ ਯਜਮਾਨ ਉਰਮਿਲਾ ਕੁਮਾਰੀ, ਪਤਨੀ ਸੁਭਾਸ਼ ਚੰਦਰ ਸੋਵਤੀ ਹੋਣਗੇ। ਪ੍ਰਬੰਧਕਾਂ ਵੱਲੋਂ ਸਮੂਹ ਇਲਾਕਾ ਵਾਸੀਆਂ ਅਤੇ ਸ਼ਰਧਾਲੂਆਂ ਨੂੰ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਅੰਮ੍ਰਿਤਮਈ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਦਾ ਲਾਹਾ ਲੈਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਲਾਲ ਬਾਬਾ ਜੀ, ਕੁਲਦੀਪ ਸ਼ਰਮਾ ਕੋਟਕਪੂਰਾ, ਜਗਦੇਵ ਸ਼ਰਮਾ, ਸੰਦੀਪ ਪ੍ਰਭਾਕਰ, ਸੰਦੀਪ ਗੋਇਲ, ਜਨਕ ਰਾਜ ਗੋਤਮ, ਦੀਪਾ ਕੰਡਾ, ਰਵਿੰਦਰ ਮੰਗਾ, ਪ੍ਰੇਮ ਸ਼ਰਮਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।