‘ਬਸਤੀਵਾਦ ਫ਼ੌਜੀ ਵਫ਼ਾਦਾਰੀ’ ਬਨਾਮ ਖ਼ੁਦਮੁਖਤਿਆਰੀ ਲਈ ਜੰਗ ਦੀ ਦਾਸਤਾਂ ਹੈ ‘ਸਾਕਾ ਸਾਰਾਗੜ੍ਹੀ’
ਅੰਗਰੇਜ਼ੀ ਹਕੂਮਤ ਦੇ ਕਰੀਬੀ ਇਤਿਹਾਸਕਾਰਾਂ ਤੋਂ ਆਪਣੇ ਹਿਸਾਬ ਨਾਲ ਇਤਿਹਾਸ ਲਿਖਵਾਇਆ ਪਰ ਜਿਹੜੇ ਕੁਝ ਨਿਰਪੱਖ ਇਤਿਹਾਸਕਾਰ ਸਨ, ਉਨ੍ਹਾਂ ਵਿਚੋਂ ਵੀ ਜ਼ਿਆਦਾਤਰ ਨੇ ਇਹ ਲੜਾਈ ਅੰਗਰੇਜ਼ੀ ਸੈਨਿਕ ਬਹਾਦਰੀ ਦੀ ਬਜਾਏ ‘ਸਿੱਖਾਂ ਤੇ ਮੁਸਲਮਾਨਾਂ’ ਦੀ ਲੜਾਈ ਵਜੋਂ ਪੇਸ਼ ਕਰ ਕੇ ਸਿੱਖ ਗੁਰੂਆਂ ਦੇ ਸਮੇਂ ਸਿੱਖਾਂ ਤੇ ਮੁਗਲਾਂ ਦੀਆਂ ਹੋਈਆਂ ਲੜਾਈਆਂ ਦੇ ‘ਸੀਕੁਅਲ’ ਵਜੋਂ ਵਿਖਾਇਆ।
Publish Date: Fri, 11 Sep 2026 08:22 PM (IST)
Updated Date: Fri, 11 Sep 2026 08:43 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੁਨੀਆ ਦੀਆਂ ਮਹਾਨ ਲੜਾਈਆਂ ’ਚੋਂ ਇਕ ਵਜੋਂ ਜਾਣੀ ਜਾਂਦੀ ਸਾਰਾਗੜ੍ਹੀ ਦੀ ਲੜਾਈ ਦੇ 21 ਮਹਾਨ ਸਿੱਖ ਫ਼ੌਜੀਆਂ ਦੀ ਸ਼ਹਾਦਤ ਦਾ ਇਤਿਹਾਸਕਾਰਾਂ ਵੱਲੋਂ ਬਿਆਨ ਕੀਤਾ ਗਿਆ ਹੈ। ਲਗਭਗ ਸਾਰੇ ਇਤਿਹਾਸਕਾਰਾਂ ਵੱਲੋਂ ਆਪਣੇ ਵਤਨ ਦੀ ਆਜ਼ਾਦੀ ਲਈ ਲੜਨ ਵਾਲੇ ਪਸ਼ਤੂਨ ਕਬਾਇਲੀ ਧੜਿਆਂ ਨੂੰ ‘ਖਲਨਾਇਕ’ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਰਾਗੜ੍ਹੀ ਇਤਿਹਾਸ ’ਤੇ ਕਿਤਾਬਾਂ ਲਿਖਣ ਵਾਲੇ ਜ਼ਿਆਦਾਤਰ ਇਤਿਹਾਸਕਾਰ ਵੀ ਜਿੱਥੇ ਹਕੂਮਤ ਦੇ ‘ਪੇਡ ਰਾਈਟਰ’ ਪ੍ਰਤੀਤ ਹੋਏ, ਉੱਥੇ ਪੀੜ੍ਹੀ ਦਰ ਪੀੜ੍ਹੀ ਅੰਗਰੇਜ਼ਾਂ ਦੀ ਖ਼ਿਦਮਤ ਕਰਨ ਵਾਲੇ ਲੇਖਕ ਵੀ ਇਕ ਪਾਸੜ ਇਤਿਹਾਸ ਲਿਖ ਗਏ ਜਾਪਦੇ ਹਨ। ਕਈ ਇਤਿਹਾਸਕਾਰਾਂ ਵੱਲੋਂ ‘ਇੰਡੀਅਨ ਆਰਡਰ ਆਫ ਮੈਰਿਟ’ ਹਾਸਲ 21 ਸਿੱਖ ਫ਼ੌਜੀਆਂ ਨੂੰ ਲੜਾਈ ਦਾ ਸ਼ਹੀਦ ਦੱਸਿਆ ਗਿਆ, ਜਦਕਿ ਆਪਣੇ ਵਤਨ ਦੀ ਹਿਫ਼ਾਜ਼ਤ ਲਈ ਜੰਗ ਵਿਚ ਸ਼ਹੀਦ ਹੋਏ 300 ਦੇ ਕਰੀਬ ਪਸ਼ਤੂਨ ਕਬਾਇਲੀਆਂ ਨੂੰ ਖਲਨਾਇਕ ਵਜੋਂ ਪੇਸ਼ ਕੀਤਾ ਗਿਆ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ 12 ਸਤੰਬਰ 1897 ਨੂੰ ਜਦੋਂ ਅਫ਼ਗਾਨ ਧੜੇ ਇਹ ਲੜਾਈ ਲੜ ਰਹੇ ਸਨ, ਠੀਕ ਉਸੇ ਸਮੇਂ ਅੰਗਰੇਜ਼ ਪੂਰੇ ਭਾਰਤ ’ਤੇ ਕਬਜ਼ਾ ਕਰ ਚੁੱਕੇ ਸਨ। ਫਿਰ ਸਾਡੇ ਦੇਸ਼ ਭਗਤਾਂ ਵੱਲੋਂ ਉਸ ਵੇਲੇ ਦੇਸ਼ ਦੀ ਆਜ਼ਾਦੀ ਲਈ ਕੀਤਾ ਜਾ ਰਿਹਾ ਸੰਘਰਸ਼ ਜਾਇਜ਼ ਸੀ ਤਾਂ ਸਾਰਾਗੜ੍ਹੀ ਵਿਖੇ ਆਪਣੇ ਵਤਨ ਲਈ ਲੜਨ ਵਾਲੇ ਖਲਨਾਇਕ ਕਿਵੇਂ ਹੋਏ?
ਜ਼ਿਕਰਯੋਗ ਹੈ ਕਿ 12 ਸਤੰਬਰ 1897 ਨੂੰ ਅੰਗਰੇਜ਼ੀ ਫ਼ੌਜ ਦੇ ਸਿੱਖ ਫ਼ੌਜੀਆਂ ਤੇ ਪਸ਼ਤੂਨ ਕਬਾਇਲੀਆਂ ਵਿਚ ਹੋਈ ਲੜਾਈ ਦੌਰਾਨ ਅੰਗਰੇਜ਼ ਫੌਜ ਵਿਚ ਤਾਇਨਾਤ 21 ਸਿੱਖ ਫ਼ੌਜੀ ਵਿਲੱਖਣ ਬਹਾਦਰੀ ਵਿਖਾਉਂਦੇ ਰਹੇ, ਉੱਥੇ ਉਸ ਲੜਾਈ ਵਿੱਚ ਅੰਗਰੇਜ਼ੀ ਫ਼ੌਜ ਨਾਲ ਤਾਇਨਾਤ ਇਕ ਮੁਸਲਮਾਨ ਮਸ਼ਕੀ ਤੇ 300 ਦੇ ਕਰੀਬ ਪਸ਼ਤੂਨ ਕਬਾਇਲੀ ਨਾਗਰਿਕ ਆਪਣੇ ਵਤਨ ਲਈ ਸ਼ਹੀਦ ਹੋ ਗਏ। ਹਾਲਾਂਕਿ ਇਸ ਲੜਾਈ ਵਿਚ ਸ਼ਹੀਦ ਹੋਏ ਅਫ਼ਗਾਨੀਆਂ ਦੀ ਗਿਣਤੀ ਸਮੇਂ-ਸਮੇਂ ’ਤੇ ਵੱਖ-ਵੱਖ ਇਤਿਹਾਸਕਾਰਾਂ ਵੱਲੋਂ ਵੱਧ-ਘੱਟ ਦੱਸੀ ਜਾਂਦੀ ਰਹੀ ਹੈ ਪਰ ਸਹੀ ਅੰਕੜਾ 300 ਦਾ ਦੱਸਿਆ ਜਾਂਦਾ ਹੈ।
ਅੰਗਰੇਜ਼ ਹਾਕਮਾਂ ਦੇ ਕਰੀਬੀਆਂ ਦੇ ਵੰਸ਼ਜ ਕਰ ਗਏ ਰਾਜ ਜਿਹੜੇ ਰਿਆਸਤੀ ਲੋਕ, ਰਜਵਾੜੇ ਸ਼ਾਹ, ਵੱਡੇ ਵਪਾਰੀ ਤੇ ਜਗੀਰਦਾਰ ਆਪਣੇ ਸਮੇਂ ਦੇ ਅੰਗਰੇਜ਼ ਹਾਕਮਾਂ ਦੇ ਝੋਲੀ ਚੁੱਕ ਹੁੰਦੇ ਸਨ, ਭਾਰਤੀ ਜਨਤਾ ਦੀ ਬਦਨਸੀਬੀ ਇਹ ਰਹੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਅੰਗਰੇਜ਼ਾਂ ਦੇ ਉਨ੍ਹਾਂ ਕਰੀਬੀਆਂ ਦੇ ਪੋਤੇ-ਪੜਪੋਤੇ ਹੀ ਸੱਤਾ ’ਤੇ ਕਾਬਜ਼ ਰਹੇ। ਇੱਥੇ ਵੀ ਅੰਗਰੇਜ਼ੀ ਹਕੂਮਤ ਦੇ ਕਰੀਬੀ ਇਤਿਹਾਸਕਾਰਾਂ ਤੋਂ ਆਪਣੇ ਹਿਸਾਬ ਨਾਲ ਇਤਿਹਾਸ ਲਿਖਵਾਇਆ ਪਰ ਜਿਹੜੇ ਕੁਝ ਨਿਰਪੱਖ ਇਤਿਹਾਸਕਾਰ ਸਨ, ਉਨ੍ਹਾਂ ਵਿਚੋਂ ਵੀ ਜ਼ਿਆਦਾਤਰ ਨੇ ਇਹ ਲੜਾਈ ਅੰਗਰੇਜ਼ੀ ਸੈਨਿਕ ਬਹਾਦਰੀ ਦੀ ਬਜਾਏ ‘ਸਿੱਖਾਂ ਤੇ ਮੁਸਲਮਾਨਾਂ’ ਦੀ ਲੜਾਈ ਵਜੋਂ ਪੇਸ਼ ਕਰ ਕੇ ਸਿੱਖ ਗੁਰੂਆਂ ਦੇ ਸਮੇਂ ਸਿੱਖਾਂ ਤੇ ਮੁਗਲਾਂ ਦੀਆਂ ਹੋਈਆਂ ਲੜਾਈਆਂ ਦੇ ‘ਸੀਕੁਅਲ’ ਵਜੋਂ ਵਿਖਾਇਆ। ਸਾਰਾਗੜ੍ਹੀ ਨੂੰ ਨਤਮਸਤਕ ਸਰਕਾਰਾਂ ਪਰ ਐਂਗਲੋ-ਸਿੱਖ ਵਾਰ ਮੈਮੋਰੀਅਲ ਨੂੰ ਵਿਸਾਰਿਆ ਜ਼ਿਕਰਯੋਗ ਹੈ ਕਿ ਅੰਗਰੇਜ਼ੀ ਫ਼ੌਜ ਲਈ ਲੜਨ ਵਾਲੇ 21 ਸਿੱਖ ਸ਼ਹੀਦਾਂ ਲਈ ਤਾਂ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੇਂ ਦੀਆਂ ਸਰਕਾਰਾਂ ਨੇ ਦਿਲ ਖੋਲ੍ਹ ਕੇ ਸ਼ਰਧਾ ਭੇਟ ਕੀਤੀ, ਪਰ ਮਹਿਜ਼ 20 ਕਿਲੋਮੀਟਰ ਦੂਰ ਅੰਗਰੇਜ਼ਾਂ ਅਤੇ ਸਿੱਖਾਂ ਦੀਆਂ ਪਹਿਲੀਆਂ ਲੜਾਈਆਂ ਦੀ ਗਵਾਹ ਧਰਤੀ ਫੇਰੂ ਸ਼ਹਿਰ ਵਿਖੇ ਬਣਿਆਂ ‘ਐਂਗਲੋ-ਸਿੱਖ ਵਾਰ ਮੈਮੋਰੀਅਲ’ ਆਪਣੀ ਹੋਣੀ ’ਤੇ ਹੰਝੂ ਵਹਾ ਰਿਹਾ ਹੈ। ਇਸ ਸਬੰਧੀ ਸਮੇਂ-ਸਮੇਂ ’ਤੇ ਖਬਰਾਂ ਵਿੱਚ ਆਉਣ ਦੇ ਬਾਵਜੂਦ ਸਰਕਾਰਾਂ ਵੱਲੋਂ ਕੋਈ ਖਾਸ ਦਿਲਚਸਪੀ ਨਹੀਂ ਵਿਖਾਈ ਗਈ।