ਸ਼ਰੀਕਾਂ ਨੂੰ ਬਾਹਰ ਖੜ੍ਹਾ ਰੱਖਣ ’ਤੇ ਨੇਤਾ ਜੀ ਨੂੰ ‘ਸਵਾਦ ਬੜਾ ਆਉਂਦਾ ਏ!’ ਸ਼ਰੀਕਾਂ ਨੂੰ ਬਾਹਰ ਖੜਾ ਰੱਖਣ ’ਤੇ ਨੇਤਾ ਜੀ ਨੂੰ ‘ ਸਵਾਦ ਬੜਾ ਆਉਂਦਾ ਏ !’
Publish Date: Sat, 21 Nov 2026 04:37 PM (IST)
Updated Date: Sun, 22 Nov 2026 04:01 AM (IST)
ਕਲੋਲਾਂ........................ਆਫ ਦੀ ਰਿਕਾਰਡ ........................ਪਰਮਿੰਦਰ ਸਿੰਘ ਥਿੰਦ ਸਿਆਸਤ ’ਚ ਕਈ ਵਾਰ ਪੁਰਾਣੇ ਮਾਲ ’ਤੇ ਨਵੀਂ ਪੈਕਿੰਗ ਚੜ੍ਹਾਉਣ ਨਾਲ ਵੀ ਵਧੀਆ ਕੰਮ ਚੱਲ ਜਾਂਦਾ ਹੈ। ਸੂਬੇ ਦੀ ਹਾਕਮ ਧਿਰ ’ਚ ਅਫਸਰਸ਼ਾਹੀ ਦੀਆਂ ਨਿਯੁੱਕਤੀਆਂ ਤੈਅ ਕਰਨ ਵਾਲੇ ਕੁੱਝ ਰਾਜ ਸਭਾ ਮੈਂਬਰ ਭਾਵੇਂ ਵਫਾਦਾਰੀਆਂ ਬਦਲ ਕੇ ਕੇਂਦਰੀ ਹਾਕਮਾਂ ਨਾਲ ਜਾ ਰਲੇ ਹਨ ,ਪਰ ਪੰਜਾਬ ’ਚ ਬਹੁਤੀਆਂ ਥਾਵਾਂ ’ਤੇ ਅਜੇ ਵੀ ਉਨ੍ਹਾਂ ਦੇ ਲਵਾਏ ਅਫਸਰ ਹੀ ਮੌਜਾਂ ਮਾਣ ਰਹੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਕੋਈ ਭਾਵੇਂ ਸੀਐਮ ਦਫਤਰ ਤੋਂ ਫੋਨ ਕਰਵਾ ਕੇ ਕਿਉਂ ਨਾ ਚਲਾ ਜਾਵੇ,ਅੱਗੋਂ ਅਫਸਰ ਇਹ ਆਖ ਕੇ ਟਾਲ ਦਿੰਦੇ ਹਨ ,‘ਯੇ ਤੋ ਗਵਰਨਰ ਸਾਬ ਸੇ ਸਬੰਧਤ ਹੈ!’ ਕੁਰਸੀ ਉਹੀ, ਕਮਰਾ ਉਹੀ, ਫਾਈਲਾਂ ਉਹੀ, ਬੱਸ ਹੁਣ ਲੋਕਾਂ ’ਤੇ ਇਹ ‘ਇਮਪ੍ਰੈਸ਼ਨ’ ਪਾ ਰਹੇ ਹਨ ਕਿ ਉਹ ‘ਮੋਟਾ ਭਾਈ’ ਦੇ ਖਾਸ ਕਰੀਬੀ ਹਨ। ਦੂਜੇ ਪਾਸੇ ਕਈ ਆਪ ਆਗੂਆਂ ਦਾ ਵੀ ਸਰਿਆ ਹੀ ਪਿਆ ਹੈ। ਉਹ ਅਜੇ ਵੀ ਇਸੇ ਥਿਊਰੀ ’ਤੇ ਚੱਲ ਰਹੇ ਹਨ ਕਿ ਸਾਡੀ ਭਾਵੇਂ ਮੱਝ ਮਰ ਜਾਵੇ, ਸ਼ਰੀਕ ਦੀ ਕੰਧ ਢਹਿਣੀ ਚਾਹੀਦੀ ਹੈ। ਰਵਾਇਤੀ ਪਾਰਟੀਆਂ ਦੇ ਸਿਸਟਮ ਨੂੰ ਚੰਗੀ ਤਰ੍ਹਾਂ ਜਾਣਦਾ, ਉਨ੍ਹਾਂ ’ਚੋਂ ਹੀ ਆਇਆ ਇਕ ਨੇਤਾ ਸਮਾਜ ਸੇਵੀ ‘ਜੱਗੇ ਜਨੂੰਨੀ’ ਕੋਲ ਦਿਲ ਦਾ ਹਾਲ ਖੋਲ੍ਹ ਬੈਠਾ। ਜੱਗੇ ਨੇ ਵੀ ਆ ਕੇ ਸਾਡੇ ਰਿਪੋਰਟਰ ਕੋਲ ਸਾਰੀ ਗੱਲ ‘ਆਫ ਦੀ ਰਿਕਾਰਡ’ ਕਰ ਦਿੱਤੀ। ਅਖੇ, ‘ਜੁਆਕਾਂ ਦੇ ਵੀ ਗੋਡੇ-ਹੱਥ ਲਾਈ ਜਾਂਦਾ ਇਕ ਵੱਡੀ ਉਮਰ ਦਾ ਨੇਤਾ ਮੈਨੂੰ ਆ ਕੇ ਕਹਿੰਦਾ, ਜੱਗਿਆ ਤੂੰ ਨਹੀਂ ਜਾਣਦਾ, ਇਹ ਆਈਏਐੱਸ-ਆਈਪੀਐੱਸ ਲਾਬੀ ਤਾਂ ਪਹਿਲਾਂ ਹੀ ਅਕਾਲੀ, ਭਾਜਪਾਈ ਜਾਂ ਕਾਂਗਰਸੀਆਂ ਨੇ ਵੰਡੀ ਹੋਈ ਏ। ਬਈ ਆਹ ਅਫਸਰ ਇਸ ਪਾਰਟੀ ਦਾ ਵਫ਼ਾਦਾਰ ਹੈ, ਆਹ ਉਨ੍ਹਾਂ ਦਾ ਵਫ਼ਾਦਾਰ ਸੀ। ਅਸੀਂ ਹਾਂ ਨਵੇਂ-ਨਵੇਂ, ਇਕ ਤਾਂ ਸਾਨੂੰ ਦਿੱਲੀਓਂ ਪਾਵਰਾਂ ਕੋਨੀਂ ਮਿਲੀਆਂ, ਦੂਜਾ ਸਾਨੂੰ ਅਫ਼ਸਰ ਵੀ ਟਿੱਚ ਜਾਣਦੇ ਆ। ਸਾਡਾ ਕੋਈ ਫਸਿਆ ਕੰਮ ਹੁੰਦਾ ਏ ਤਾਂ ਅਸੀਂ ਚੰਡੀਗੜ੍ਹ ਜਾ ਕੇ ਓਐੱਸਡੀ ਸਾਬ੍ਹ ਤੋਂ ਫੋਨ ਕਰਾ ਲਈਦਾ ਏ।’ ‘ਵੱਡੇ ਅਫਸਰ ਕੰਮ ਭਾਵੇਂ ਸਾਡਾ ਕਰਨ ਜਾਂ ਨਾਂ ਕਰਨ ਪਰ ਸਾਨੂੰ ਸਾਈਡ ਵਾਲੇ ਸੋਫਿਆਂ ’ਤੇ ਬਿਠਾ ਕੇ ਚਾਹ ਤਾਂ ਪਿਆ ਦਿੰਦੇ ਹਨ। ਪਰ ਆਈ ਏ ਐਸ / ਆਈ ਪੀ ਐਸ ਅਫਸਰਾਂ ਦਾ ਪੇਟੈਂਟ ਆਪਣੇ ਕੋਲ ਸਮਝਣ ਵਾਲੇ ਭਗਵਾ ,ਬਸੰਤੀ ਜਾਂ ਚਿੱਟਿਆਂ ਨੂੰ ਜਦੋਂ ਅਫਸਰ ਬਾਹਰ ਖੜਾ ਰੱਖਦੇ ਆ ਤਾਂ ‘‘ਧਰਮ ਨਾਲ ਸਵਾਦ ਬੜਾ ਆਉਂਦਾ ਏ!’ ਲੋ ਕਰ ਲੋ ਗੱਲ, ਕਲੋਲਾਂ ਈ ਨੇ ਬਸ.... ਆਪਣੀ ਪੀੜ੍ਹੀ ਥੱਲ੍ਹੇ ਸੋਟਾ ਨਹੀਂ ਫੇਰਦਾ ‘ਸਿੰਘਮ’ ਜ਼ਿਲ੍ਹੇ ਦੇ ਇਕ ਫੂਡ ਸੇਫਟੀ ਅਧਿਕਾਰੀ ਨੂੰ ਮੀਡੀਆ ਦੇ ਇਕ ਵਰਗ ਵੱਲੋਂ ‘ਸਿੰਘਮ’ ਦਾ ਟਾਈਟਲ ਦਿੱਤਾ ਹੋਇਆ ਹੈ। ਮਿਲਾਵਟਖੋਰਾਂ ਖ਼ਿਲਾਫ਼ ਉਸ ਦੀਆਂ ਕਾਰਵਾਈਆਂ ਵੀ ਅਕਸਰ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਇਸ ਸਬੰਧੀ ਜਿਥੇ ਜ਼ਿਆਦਾਤਰ ਲੋਕ ਸ਼ਲਾਘਾ ਕਰਦੇ ਹਨ ਤਾਂ ਕੁਝ ਲੋਕ ਕਥਿਤ ‘ਵੱਟਾ ਭਾਰਾ’ ਕਰਨ ਵਾਲੀਆਂ ਕਾਰਵਾਈਆਂ ਆਖ ਕੇ ਆਪਣੀ ਭੜਾਸ ਵੀ ਕੱਢ੍ਹ ਲੈਂਦੇ ਹਨ। ਪਰ ਜੇ ਸੱਚਮੁੱਚ ਅਜਿਹਾ ਹੁੰਦਾ ਤਾਂ ਹੁਣ ਤੱਕ ਬਦਲੀਆਂ ਤੇ ਮੁਅੱਤਲੀਆਂ ਦੇ ਇੰਨੇ ਮੈਡਲ ਨਾਂ ਲੱਗੇ ਹੁੰਦੇ! ਖ਼ੈਰ , ਲੋਕਾਂ ਦਾ ਕੀ ,ਉਨ੍ਹਾਂ ਤਾਂ ਗੱਲਾਂ ਕਰਨੀਆਂ ਹੀ ਨੇ ,ਆਹ ਆਪਣਾ ‘ਕਾਮਰੇਡ ਟੁੱਟ ਪੈਣਾ ’ ਹੀ ਨਹੀਂ ਟਲਦਾ। ਖਾਣ-ਪੀਣ ਦੀਆਂ ਵਸਤਾਂ ’ਚ ਮਿਲਾਵਟ ਦੀ ਗੱਲ ਛਿੜੀ ਤਾਂ ‘ਟੁੱਟਪੈਣੇ ’ ਨੇ ਸਿੰਘਮ ਦੀ ਪੀੜ੍ਹੀ ਥੱਲ੍ਹੇ ਸੋਟਾ ਫੇਰਨ ਦੀ ਗੱਲ ਛੇੜ ਦਿੱਤੀ। ਆਖਣ ਲੱਗਾ, ‘‘ਦੁਨੀਆਂ ਭਰ ਦਾ ਗੰਦ ਸਾਫ਼ ਕਰਨ ਵਾਲੇ ਸਿੰਘਮ ਦੀ ਆਪਣੀ ਪੀੜ੍ਹੀ ਥੱਲ੍ਹੇ ਮਣ-ਮਣ ਪੱਕਾ ਗੰਦ ਪਿਆ ਏ!’’ ਕਾਮਰੇਡ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਕੰਟੀਨ ਦਾ ਹਾਲ ਕਿਸੇ ਫੂਡ ਫੈਕਟਰੀ ਨਾਲੋਂ ਵੀ ਮਾੜਾ ਏ। ਅੰਦਰ ਸਫ਼ਾਈ ਦੀ ਘਾਟ, ਬਾਹਰ ਗੰਦਗੀ ਨਾਲ ਭਰੇ ਗਟਰ ਅਤੇ ਕੰਟੀਨ ਦੇ ਆਲੇ-ਦੁਆਲੇ ਸ਼ਰਾਬ ਤੇ ਬੀਅਰ ਦੀਆਂ ਖਾਲੀ ਬੋਤਲਾਂ ਪਈਆਂ ਹੋਣ ਤਾਂ ਸਫ਼ਾਈ ਦੇ ਦਾਅਵੇ ਵੀ ਸ਼ਰਮਾਉਣ ਲੱਗ ਪੈਂਦੇ ਹਨ।ਪਰ ਮਜ਼ਾਲ ਏ ਸਾਡੇ ਸਿੰਘਮ ਨੂੰ ਇਹ ਸਭ ਨਜ਼ਰ ਆ ਜਾਵੇ! ਕਾਮਰੇਡ ਟੁੱਟਪੈਣਾ ਆਖਦਾ, ‘‘ਦੂਜਿਆਂ ਨੂੰ ਸਫ਼ਾਈ ਦੇ ਪਾਠ ਪੜ੍ਹਾਉਣ ਵਾਲੇ ਜੇ ਆਪਣੀ ਪੀੜ੍ਹੀ ਥੱਲ੍ਹੇ ਝਾੜੂ ਨਹੀਂ ਫੇਰਦੇ, ਤਾਂ ਫਿਰ ‘‘ ਲੋਕਾਂ ਨੂੰ ਦੇ ਮੱਤਾਂ, ਮਾਈ ਆਪ ਕਰੇ ਕੁਮੱਤਾਂ!’’ ਵਾਲੀ ਗੱਲ ਹੀ ਹੋਈ ਨਾਂ , ਊਂ ਗੱਲ ਈ ਐ.....।